ਸੱਜਣ ਕੁਮਾਰ ਦੀ ਮੌਤ ਨਾਲ ਰਾਹਤ, ਪਰ ਇਨਸਾਫ਼ ਦੀ ਲੜਾਈ ਜਾਰੀ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ
20 ਅਗਸਤ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ਦੀ ਖ਼ਬਰ ਨਾਲ 1984 ਦੇ ਪੀੜਤ ਪਰਿਵਾਰਾਂ ਅਤੇ ਸਿੱਖ ਕੌਮ ਦੇ ਮਨਾਂ ਵਿੱਚ ਮਿਲੀ-ਜੁਲੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦਹਾਕਿਆਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਲੋਕਾਂ ਨੂੰ ਇਸ ਗੱਲ ਦੀ ਰਾਹਤ ਮਹਿਸੂਸ ਹੋਈ ਹੈ ਕਿ ਇਸ ਮਾਮਲੇ ਦਾ ਇੱਕ ਪ੍ਰਮੁੱਖ ਦੋਸ਼ੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ, ਪਰ ਦੂਜੇ ਪਾਸੇ ਇਹ ਪੀੜਾ ਵੀ ਰਹੇਗੀ ਕਿ ਉਹ ਆਪਣੇ ਕੀਤੇ ਅਪਰਾਧਾਂ ਲਈ ਫਾਂਸੀ ਦੀ ਸਜ਼ਾ ਤੱਕ ਨਹੀਂ ਪਹੁੰਚਿਆ।
ਸਰਦਾਰ ਕਾਲਕਾ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਸਿੱਖ ਕੌਮ ਦੇ ਇਤਿਹਾਸ ਦਾ ਇੱਕ ਅਤਿਅੰਤ ਦਰਦਨਾਕ ਅਤੇ ਕਾਲਾ ਅਧਿਆਇ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਅਨੇਕਾਂ ਪਰਿਵਾਰਾਂ ਨੂੰ ਉਜਾੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੇ ਆਪਣੇ ਇੱਕੋ ਸਮੇਂ ਕਈ-ਕਈ ਮੈਂਬਰ ਗੁਆਏ ਅਤੇ ਪਿਛਲੇ 40 ਸਾਲਾਂ ਤੋਂ ਉਹ ਇਨਸਾਫ਼ ਦੀ ਆਸ ਵਿੱਚ ਕਾਨੂੰਨੀ ਲੜਾਈ ਲੜਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਪੀੜਤ ਪਰਿਵਾਰਾਂ ਦੀ ਇਹ ਦ੍ਰਿੜ੍ਹ ਇੱਛਾ ਰਹੀ ਹੈ ਕਿ 1984 ਦੇ ਕਤਲੇਆਮ ਲਈ ਜ਼ਿੰਮੇਂਵਾਰ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਤਾਂ ਜੋ ਦੇਸ਼ ਵਿੱਚ ਇੱਕ ਸਪੱਸ਼ਟ ਸੰਦੇਸ਼ ਜਾਵੇ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਵਿਅਕਤੀ ਨਹੀਂ ਹੈ ਅਤੇ ਸੱਤਾ, ਰਾਜਨੀਤਿਕ ਪ੍ਰਭਾਵ ਜਾਂ ਸਮਾਜਿਕ ਹੈਸੀਅਤ ਕਿਸੇ ਨੂੰ ਵੀ ਅਪਰਾਧ ਦੀ ਸਜ਼ਾ ਤੋਂ ਬਚਾ ਨਹੀਂ ਸਕਦੀ।
ਸਰਦਾਰ ਕਾਲਕਾ ਨੇ ਕਿਹਾ ਕਿ ਸੱਜਣ ਕੁਮਾਰ ਦੀ ਕੁਦਰਤੀ ਮੌਤ ਨਾਲ ਭਾਵੇਂ ਕੁਝ ਪੀੜਤ ਪਰਿਵਾਰਾਂ ਦੇ ਮਨਾਂ ਵਿੱਚ ਰਾਹਤ ਦੀ ਭਾਵਨਾ ਪੈਦਾ ਹੋਈ ਹੈ, ਪਰ ਜੇਕਰ ਉਸਨੂੰ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦੇ ਅਨੁਸਾਰ ਫਾਂਸੀ ਦੇ ਤਖ਼ਤੇ ਤੱਕ ਲਿਜਾਇਆ ਜਾਂਦਾ ਤਾਂ ਇਹ 1984 ਦੇ ਪੀੜਤਾਂ ਲਈ ਨਿਆਂ ਦੀ ਇੱਕ ਵੱਡੀ ਅਤੇ ਇਤਿਹਾਸਕ ਮਿਸਾਲ ਬਣ ਸਕਦੀ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਪੀੜਤ ਪਰਿਵਾਰਾਂ ਦੇ ਨਾਲ ਖੜ੍ਹ ਕੇ ਲੰਬੀ ਅਤੇ ਲਗਾਤਾਰ 40 ਸਾਲ ਕਾਨੂੰਨੀ ਤੇ ਸਮਾਜਿਕ ਲੜਾਈ ਲੜੀ ਹੈ ਅਤੇ ਇਹ ਸੰਘਰਸ਼ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੰਨਣਾ ਹੈ ਕਿ 1984 ਦੇ ਬਾਕੀ ਮਾਮਲਿਆਂ ਵਿੱਚ ਵੀ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆ ਕੇ ਉਨ੍ਹਾਂ ਨੂੰ ਬਣਦੀ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਸਰਕਾਰਾਂ ਅਤੇ ਅਦਾਲਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਸਮੇਤ 1984 ਨਾਲ ਸਬੰਧਤ ਬਾਕੀ ਮਾਮਲਿਆਂ ਦਾ ਨਿਆਂਪੂਰਨ ਅਤੇ ਸਮੇਂ-ਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਵਿੱਚ ਹੋਣ ਵਾਲੀ ਬੇਲੋੜੀ ਦੇਰੀ ਪੀੜਤਾਂ ਦੇ ਜ਼ਖ਼ਮਾਂ ਨੂੰ ਹੋਰ ਡੂੰਘਾ ਕਰਦੀ ਹੈ। ਅਜਿਹਾ ਨਾ ਹੋਵੇ ਕਿ “Justice Delayed is Justice Denied” ਦੀ ਕਹਾਵਤ ਇਨ੍ਹਾਂ ਮਾਮਲਿਆਂ ਵਿੱਚ ਵੀ ਸੱਚ ਸਾਬਤ ਹੋਵੇ।
ਸਰਦਾਰ ਕਾਲਕਾ ਨੇ ਕਿਹਾ ਕਿ 1984 ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਨਸਾਫ਼ ਲਈ ਬੇਮਿਸਾਲ ਹੌਸਲੇ, ਸਬਰ ਅਤੇ ਦ੍ਰਿੜ੍ਹਤਾ ਨਾਲ ਲੰਮੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਅੱਜ ਸੱਜਣ ਕੁਮਾਰ ਦੀ ਮੌਤ ਨਾਲ ਉਨ੍ਹਾਂ ਦੇ ਮਨਾਂ ਵਿੱਚ ਇੱਕ ਪੱਖੋਂ ਇਹ ਸੰਤੋਖ ਜ਼ਰੂਰ ਹੈ ਕਿ 1984 ਦੇ ਕਤਲੇਆਮ ਦਾ ਇੱਕ ਪ੍ਰਮੁੱਖ ਦੋਸ਼ੀ ਹੁਣ ਇਸ ਸੰਸਾਰ ਵਿੱਚ ਨਹੀਂ ਰਿਹਾ, ਪਰ ਅਸਲ ਅਤੇ ਪੂਰਾ ਸੰਤੋਖ ਤਾਂ ਉਸ ਵੇਲੇ ਹੀ ਮਿਲੇਗਾ ਜਦੋਂ ਬਾਕੀ ਦੋਸ਼ੀਆਂ ਨੂੰ ਵੀ ਕਾਨੂੰਨ ਅਨੁਸਾਰ ਸਜ਼ਾਵਾਂ ਮਿਲਣਗੀਆਂ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਵਰਤਾਇਆ ਭਾਣਾ ਸਿਰ ਮੱਥੇ ਹੈ। 1984 ਦੇ ਪੀੜਤ ਪਰਿਵਾਰਾਂ ਅਤੇ ਸਮੁੱਚੀ ਸਿੱਖ ਕੌਮ ਨੇ ਜਿਸ ਸਬਰ ਅਤੇ ਹੌਸਲੇ ਨਾਲ ਇਹ ਲੜਾਈ ਲੜੀ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
- Download Babushahi App
-
-