ਇੱਕ ਕਰੋੜ ਦਾ ਸਕੇਟਿੰਗ ਰਿੰਗ ਬਣਿਆ ਲਾਪਰਵਾਹੀ ਦੀ ਮਿਸਾਲ! ਮਾਨਵ ਅਧਿਕਾਰ ਆਯੋਗ ਨੇ ਲੁਧਿਆਣਾ ਨਗਰ ਨਿਗਮ ਤੋਂ ਮੰਗੀ ਜਵਾਬਦੇਹੀ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ, 17 ਜੂਨ 2026
ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਗਭਗ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਰਾਭਾ ਨਗਰ ਦੇ ਕੋਨੇਟ ਸਕੂਲ ਸਾਹਮਣੇ ਬਣਾਇਆ ਗਿਆ ਸਕੇਟਿੰਗ ਰਿੰਗ ਹੁਣ ਨਗਰ ਨਿਗਮ ਅਤੇ ਠੇਕੇਦਾਰਾਂ ਦੀ ਕਥਿਤ ਲਾਪਰਵਾਹੀ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਾਨਵ ਅਧਿਕਾਰ ਆਯੋਗ ਨੇ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਤੋਂ ਵਿਸਥਾਰਪੂਰਵਕ ਰਿਪੋਰਟ ਤਲਬ ਕਰ ਲਈ ਹੈ।
ਸਮਾਜ ਸੇਵੀ ਅਰਵਿੰਦ ਸ਼ਰਮਾ ਵੱਲੋਂ ਆਯੋਗ ਕੋਲ ਦਾਇਰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣਿਆ ਇਹ ਸਕੇਟਿੰਗ ਰਿੰਗ ਨਿਰਮਾਣ ਦੌਰਾਨ ਹੋਈਆਂ ਖਾਮੀਆਂ ਕਾਰਨ ਦੋ ਵਾਰ ਟੁੱਟ ਚੁੱਕਾ ਹੈ। ਇਸ ਕਾਰਨ ਇੱਥੇ ਅਭਿਆਸ ਕਰਨ ਵਾਲੇ ਬੱਚਿਆਂ ਅਤੇ ਖਿਡਾਰੀਆਂ ਨੂੰ ਨਾ ਸਿਰਫ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਕਈ ਬੱਚੇ ਜ਼ਖ਼ਮੀ ਵੀ ਹੋਏ ਹਨ।
ਸ਼ਿਕਾਇਤ ਵਿੱਚ ਇਹ ਵੀ ਉਭਾਰਿਆ ਗਿਆ ਕਿ ਮਾਪਿਆਂ ਅਤੇ ਸਥਾਨਕ ਨਿਵਾਸੀਆਂ ਵੱਲੋਂ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੰਬੰਧਿਤ ਅਧਿਕਾਰੀਆਂ ਵੱਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਪ੍ਰੋਜੈਕਟ ਤਹਿਤ ਬਣਾਏ ਜਾਣ ਵਾਲੇ ਚੇਂਜਿੰਗ ਰੂਮ, ਬੈਠਣ ਲਈ ਸ਼ੈੱਡ ਅਤੇ ਹੋਰ ਬੁਨਿਆਦੀ ਸਹੂਲਤਾਂ ਵੀ ਅਜੇ ਤੱਕ ਅਧੂਰੀਆਂ ਪਈਆਂ ਹਨ।
ਮਾਨਵ ਅਧਿਕਾਰ ਆਯੋਗ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਮਾਮਲਾ ਬੱਚਿਆਂ ਦੀ ਸੁਰੱਖਿਆ ਅਤੇ ਮਾਨਵ ਅਧਿਕਾਰਾਂ ਨਾਲ ਜੁੜਿਆ ਹੋਇਆ ਦਿਖਾਈ ਦਿੰਦਾ ਹੈ। ਆਯੋਗ ਨੇ ਨਗਰ ਨਿਗਮ ਕਮਿਸ਼ਨਰ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਪੂਰੀ ਕੰਪਲਾਇੰਸ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ 2026 ਨੂੰ ਹੋਵੇਗੀ।
ਅਰਵਿੰਦ ਸ਼ਰਮਾ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਨਿਰਮਾਣ ਵਿੱਚ ਲਾਪਰਵਾਹੀ ਕਰਨ ਵਾਲੇ ਠੇਕੇਦਾਰਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਦੇ ਪੈਸੇ ਦੀ ਬਰਬਾਦੀ ਰੋਕੀ ਜਾ ਸਕੇ ਅਤੇ ਖਿਡਾਰੀਆਂ ਨੂੰ ਸੁਰੱਖਿਅਤ ਖੇਡ ਸਹੂਲਤਾਂ ਮਿਲ ਸਕਣ।
"ਸਮਾਰਟ ਸਿਟੀ ਦੇ ਸੁਪਨੇ ਨੂੰ ਲਾਪਰਵਾਹੀ ਨੇ ਲਾਇਆ ਝਟਕਾ, ਹੁਣ ਮਾਨਵ ਅਧਿਕਾਰ ਆਯੋਗ ਦੀ ਨਿਗਰਾਨੀ ਹੇਠ ਹੋਵੇਗੀ ਜਾਂਚ"।
- Download Babushahi App
-
-