ਬਠਿੰਡਾ ਛਾਉਣੀ ਦੀ ਸੁਰੱਖਿਆ ਵਿੱਚ ਸੰਨ੍ਹ: ਪਾਕਿਸਤਾਨ ਤੇ ਕਨੇਡਾ ਫੁਟੇਜ ਭੇਜਣ ਵਾਲਾ ਜਸੂਸੀ ਕੈਮਰਾ ਫੜਿਆ - ਦੋ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2026 : ਬਠਿੰਡਾ ਦੇ ਸਖ਼ਤ ਸੁਰੱਖਿਆ ਵਾਲੇ ਮੁਲਕ ਦੀ ਫੌਜੀ ਛਾਉਣੀ ਤੋਂ ਕੁੱਝ ਦੂਰੀ 'ਤੇ ਇੱਕ ਲੁਕਵੇਂ ਨਿਗਰਾਨੀ ਅਪਰੇਸ਼ਨ ਦਾ ਪਰਦਾਫਾਸ਼ ਹੋਇਆ ਹੈ ਜੋ ਕਥਿਤ ਤੌਰ 'ਤੇ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰ ਚਲਾ ਰਹੇ ਸਨ । ਕਾਊਂਟਰ-ਇੰਟੈਲੀਜੈਂਸ (ਖੁਫ਼ੀਆ ਵਿਭਾਗ) ਵੱਲੋਂ ਇਸਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਠਿੰਡਾ ਦੇ ਐੱਸ ਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਪੁਲੀਸ ਅਤੇ ਸੁਰੱਖਿਆ ਬਲਾਂ ਦੀ ਹਰਕਤ ਦੀ ਕੈਮਰਾ ਫੀਡ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਨੂੰ ਭੇਜੀ ਜਾ ਰਹੀ ਸੀ। ਉਨ੍ਹਾਂ ਕਿਹਾ, "ਸਾਡੀਆਂ ਟੀਮਾਂ ਨੇ ਸ਼ੱਕੀਆਂ ਦੀ ਪਛਾਣ ਕਰਨ ਲਈ ਸੀ ਸੀ ਟੀ ਵੀ ਫੁਟੇਜ, ਤਕਨੀਕੀ ਸਬੂਤਾਂ ਤੇ ਮਨੁੱਖੀ ਖੁਫ਼ੀਆ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਦੋ ਹੋਰ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਸ਼ੋਕ ਸਿੰਘ (40), ਅਤੇ ਅਕਾਸ਼ਦੀਪ ਸਿੰਘ (22) ਵਜੋਂ ਹੋਈ ਹੈ। ਦੋਵੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਾਏ ਦੇ ਰਹਿਣ ਵਾਲੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਕੈਮਰੇ ਦਾ ਪਤਾ ਹਾਲ ਹੀ ਵਿੱਚ ਥਰਮਲ ਪੁਲੀਸ ਨੇ ਉਦੋਂ ਲੱਗਿਆ ਜਦੋਂ ਇੱਕ ਟੀਮ ਇੱਕ ਸੜਕ ਹਾਦਸੇ ਦੀ ਜਾਂਚ ਕਰ ਰਹੀ ਸੀ।ਬਠਿੰਡਾ-ਸ੍ਰੀਗੰਗਾਨਗਰ ਰੋਡ 'ਤੇ ਇੱਕ ਸੀਮਿੰਟ ਫੈਕਟਰੀ ਦੇ ਕੋਲ ਬਿਜਲੀ ਦੇ ਖੰਭੇ 'ਤੇ ਇਹ ਅਣਅਧਿਕਾਰਤ ਕੈਮਰਾ ਲਗਾਇਆ ਗਿਆ ਸੀ। ਸੂਰਜੀ ਊਰਜਾ (ਸੋਲਰ ਪਾਵਰ) ਨਾਲ ਚੱਲਣ ਵਾਲੇ ਇਸ ਸੀ ਸੀ ਟੀ ਵੀ ਕੈਮਰੇ ਵਿੱਚ ਇੱਕ ਸਿਮ ਕਾਰਡ ਪਾਇਆ ਹੋਇਆ ਸੀ। ਕਥਿਤ ਤੌਰ 'ਤੇ ਇਹ ਕੈਮਰਾ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਉੱਥੋਂ ਦੀ ਜਾਣਕਾਰੀ ਅੱਗੇ ਭੇਜ ਰਿਹਾ ਸੀ।
ਥਾਣਾ ਥਰਮਲ ਵਿਖੇ ਸਰਕਾਰੀ ਭੇਦ ਗੁਪਤ ਰੱਖਣ ਸਬੰਧੀ ਐਕਟ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਬਠਿੰਡਾ ਪੁਲੀਸ, ਸੀ ਆਈ ਏ (CIA) ਸਟਾਫ਼ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟਾਂ ਦੀਆਂ ਸਾਂਝੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਇਸ ਲੁਕਵੇਂ ਨਿਗਰਾਨੀ ਅਪਰੇਸ਼ਨ ਦਾ ਮਕਸਦ ਸੁਰੱਖਿਆ ਬਲਾਂ ਦੀ ਆਵਾਜਾਈ 'ਤੇ ਨਜ਼ਰ ਰੱਖਣਾ ਸੀ। ਦਰਅਸਲ ਬਠਿੰਡਾ ਫ਼ੌਜੀ ਛਾਉਣੀ (ਮਿਲਟਰੀ ਸਟੇਸ਼ਨ) ਅਤੇ ਭਾਰਤੀ ਫ਼ੌਜ ਦੇ ਹੈੱਡਕੁਆਰਟਰ ਤੋਂ ਸਿਰਫ਼ ਕੁੱਝ ਕਿਲੋਮੀਟਰ ਦੀ ਦੂਰੀ 'ਤੇ ਇੱਕ ਜਾਸੂਸੀ ਕੈਮਰਾ ਲੱਗਿਆ ਮਿਲਿਆ ਹੈ। ਇਸ ਤੋਂ ਇਲਾਵਾ, ਏਅਰ ਫੋਰਸ ਸਟੇਸ਼ਨ ਅਤੇ ਬਠਿੰਡਾ ਹਵਾਈ ਅੱਡਾ ਵੀ ਉਸ ਥਾਂ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਹਨ, ਜਿੱਥੇ ਇਹ ਕੈਮਰਾ ਲੱਗਿਆ ਹੋਇਆ ਸੀ।
- Download Babushahi App
-
-