ਬਠਿੰਡਾ ਮਾਨਸਾ ਸੜਕ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ Lady ਥਾਣੇਦਾਰ ਦੀ ਮੌਤ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2026 :ਮੰਗਲਵਾਰ ਨੂੰ ਸਵੇਰ ਵੇਲੇ ਬਠਿੰਡਾ-ਮਾਨਸਾ ਰੋਡ 'ਤੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਪੰਜਾਬ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਬੇਅੰਤ ਕੌਰ ਦੀ ਮੌਤ ਹੋ ਗਈ ਹੈ। ਇਹ ਥਾਣੇਦਾਰ ਮਾਨਸਾ ਦੇ ਮਹਿਲਾ ਥਾਣਾ ਦੀ ਮੁੱਖ ਥਾਣਾ ਅਫਸਰ ਦੱਸੀ ਜਾ ਰਹੀ ਹੈ। ਬੇਅੰਤ ਕੌਰ ਆਪਣੀ ਡਿਊਟੀ ਤੇ ਮਾਨਸਾ ਵੱਲ ਜਾ ਰਹੀ ਸੀ ਤਾਂ ਉਸ ਦੀ ਕਾਰ ਅਤੇ ਤੂੜੀ ਨਾਲ ਭਰੇ ਟਰੈਕਟਰ-ਟਰਾਲੀ ਵਿਚਕਾਰ ਗੁਰਦੁਆਰਾ ਤਿੱਤਰਸਰ ਸਾਹਿਬ ਦੇ ਨਜ਼ਦੀਕ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਦੌਰਾਨ ਸਬ ਇੰਸਪੈਕਟਰ ਬੇਅੰਤ ਕੌਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਬੇਅੰਤ ਕੌਰ ਦਾ ਪੇਕਾ ਪਿੰਡ ਬਠਿੰਡਾ ਜ਼ਿਲ੍ਹੇ ਵਿੱਚ ਜੰਗੀਰਾਣਾ ਹੈ ਜਦੋਂ ਕਿ ਉਹ ਮਾਈਸਰਖਾਨਾ ਵਿਖੇ ਵਿਆਹੀ ਹੋਈ ਸੀ। ਥਾਣਾ ਮੌੜ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਜਵਾਇਆ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੇਅੰਤ ਕੌਰ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਛੋਟੇ ਬੱਚੇ ਛੱਡ ਗਈ ਹੈ। ਇਸ ਹਾਦਸੇ ਨੂੰ ਲੈ ਕੇ ਇਲਾਕੇ ਅਤੇ ਪੰਜਾਬ ਪੁਲਿਸ ਦੇ ਹਲਕਿਆਂ ਵਿੱਚ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।
- Download Babushahi App
-
-