ਥਰਮਲ ਦੇ ਆਊਟਸੋਰਸਡ ਮੁਲਾਜ਼ਮਾਂ ਵੱਲੋਂ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 12 ਜੂਨ 2026 : ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ ਤੇ ਥਰਮਲ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਦੇ ਫੈਸਲੇ ਨੂੰ ਲਾਗੂ ਕਰਨ ਦੀ ਮੰਗ ਨੂੰ ਲੈਕੇ ਦਿੱਤੇ ਪਰਿਵਾਰਾਂ ਸਮੇਤ ਧਰਨੇ ਦੇ ਚੌਥੇ ਦਿਨ ਬਿਜਲੀ ਮੰਤਰੀ ਦੀ ਖੰਨਾ ਵਿਖੇ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ, ਬਲਜਿੰਦਰ ਸਿੰਘ ਮਾਨ,ਲਛਮਣ ਸਿੰਘ ਰਾਮਪੁਰਾ,ਹਰਜਿੰਦਰ ਸਿੰਘ ਰਾਜੂ,ਨਾਇਬ ਸਿੰਘ ਲਹਿਰਾ,ਜਗਤਾਰ ਸਿੰਘ ਸੰਧੂ,ਹਰਦੀਪ ਸਿੰਘ ਤੱਗੜ ਅਤੇ ਦੌਲਤ ਰਾਮ ਨੇ ਕਿਹਾ ਕਿ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਦ ਨਾਲ ਹੋਈ ਮੀਟਿੰਗ ਦੌਰਾਨ ਬਣੀ ਸਹਿਮਤੀ ਦੇ ਅਧਾਰ ਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਜੂਨ ਦੇ ਵਿੱਚ ਮਹਿਕਮੇ ਅਧੀਨ ਲਿਆਉਣ ਦਾ ਫੈਸਲਾ ਹੋਇਆ ਸੀ ਪਰ ਹੁਣ ਪਾਵਰ ਕੌਮ ਦੀ ਮੈਨੇਜਮੈਂਟ ਇਸ ਵਾਅਦੇ ਤੋਂ ਪਲਟ ਰਹੀ ਹੈ। ਆਗੂਆਂ ਨੇ ਕਿਹਾ ਕਿ ਇਸ ਕਰਕੇ ਹੀ ਉਹਨਾਂ ਨੂੰ ਪਰਿਵਾਰਾਂ ਸਮੇਤ ਧਰਨਾ ਲਾਉਣਾ ਪਿਆ ਹੈ।।
ਆਗੂਆਂ ਨੇ ਕਿਹਾ ਕਿ ਜੇਕਰ 14 ਜੂਨ ਤੱਕ ਮੈਨੇਜ਼ਮੈਂਟ ਵੱਲੋਂ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਫੈਸਲਾ ਨਾ ਕੀਤਾ ਤਾਂ ਪਾਵਰ ਕਾਰਪੋਰੇਸ਼ਨ ਦੇ ਸਮੂਹ ਠੇਕਾ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਖੰਨਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨਗੇ।ਅੱਜ ਦੇ ਧਰਨੇ ਵਿੱਚ ਭਰਾਤਰੀ ਹਮਾਇਤ ਵਜੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਬੀਕੇਯੂ ਡਕੌਂਦਾ ਧਨੇਰ ਗਰੁੱਪ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ,ਟੀ.ਐੱਸ.ਯੂ.ਅੰਗਰੇਜ਼ ਸਿੰਘ ਧੂਰਕੋਟ ਅਤੇ ਪੰਜਾਬ ਸਟੂਡੈਂਟ ਯੂਨੀਅਨ ਤੋਂ ਬਿੰਦਰ ਸਿੰਘ ਨੇ ਸੰਬੋਧਨ ਕੀਤਾ,ਧਰਨੇ ਉਪਰੰਤ ਠੇਕਾ ਮੁਲਾਜ਼ਮਾਂ ਰਾਮਪੁਰਾ ਸ਼ਹਿਰ,ਪਿੰਡ ਕੋਟੜਾ ਕੌੜਾ,ਲਹਿਰਾ ਧੂਰਕੋਟ ਅਤੇ ਲਹਿਰਾ ਸੌਧਾ ਵਿਖੇ ਝੰਡਾ ਮਾਰਚ ਕੀਤਾ ਗਿਆ।
- Download Babushahi App
-
-