ਗਿਆਨੀ ਰਘਬੀਰ ਸਿੰਘ AAP ਦੇ ਵਰਕਰ ਵਜੋਂ ਕਰ ਰਹੇ ਨੇ ਕੰਮ- ਸੁਖਬੀਰ ਬਾਦਲ ਦਾ ਵੱਡਾ ਹਮਲਾ
ਜੇ ਹਿੰਮਤ ਹੈ ਤਾਂ ਸਿੱਧਾ ਮੇਰੇ 'ਤੇ ਕਰੋ FIR: ਸੁਖਬੀਰ ਬਾਦਲ ਨੇ ਸਰਕਾਰ ਨੂੰ ਕੀਤਾ ਚੈਲੰਜ
ਚੰਡੀਗੜ੍ਹ, 11 ਜੂਨ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਖ਼ਿਲਾਫ਼ ਤਿੱਖੇ ਹਮਲੇ ਬੋਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇੱਕ ਬੇਹੱਦ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਕਰਕੇ ਉਹ ਸਰਵਉੱਚ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਭਾਰੀ ਠੇਸ ਪਹੁੰਚਾ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ 'ਆਪ' ਸਰਕਾਰ ਨੂੰ ਸਿੱਧੀ ਅਤੇ ਖੁੱਲ੍ਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਧਰਮ ਨੂੰ ਸਿਆਸਤ ਲਈ ਵਰਤਣਾ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ, "ਜੇਕਰ ਸਰਕਾਰ ਵਿੱਚ ਹਿੰਮਤ ਹੈ ਤਾਂ ਉਹ ਸਿੱਧਾ ਮੇਰੇ ’ਤੇ ਕਾਰਵਾਈ ਕਰੇ। ਮੈਂ ਤੁਹਾਡੀਆਂ ਅਜਿਹੀਆਂ ਗਿੱਦੜ-ਧਮਕੀਆਂ ਤੋਂ ਕਿਸੇ ਵੀ ਕੀਮਤ ’ਤੇ ਡਰਨ ਵਾਲਾ ਨਹੀਂ ਹਾਂ।" ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਪਾਰਟੀ ਦੀ ਦਿਨੋ-ਦਿਨ ਵਧ ਰਹੀ ਚੜ੍ਹਤ ਨੂੰ ਵੇਖ ਕੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਘਬਰਾਏ ਹੋਏ ਹਨ, ਜਿਸ ਕਾਰਨ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਲਈ ਅਜਿਹੀਆਂ ਕੋਝੀਆਂ ਸਿਆਸੀ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਨਹਿਰੀ ਮਾਮਲਿਆਂ ਦੇ ਗੰਭੀਰ ਮੁੱਦੇ ’ਤੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਨਿਰੰਤਰ ਵਧ ਰਿਹਾ ਹੈ, ਪਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸਰਕਾਰ ਪੂਰੀ ਤਰ੍ਹਾਂ ਅਵੇਸਲੀ ਬਣੀ ਬੈਠੀ ਹੈ ਅਤੇ ਕਿਸੇ ਵੱਡੇ ਖ਼ਤਰੇ (ਹੜ੍ਹ ਵਰਗੀ ਸਥਿਤੀ) ਨੂੰ ਸੱਦਾ ਦੇ ਰਹੀ ਹੈ।
ਸੁਖਬੀਰ ਬਾਦਲ ਨੇ ਅਪ੍ਰੇਂਟਿਸ ਲਾਈਨ ਮੈਨ ਯੂਨੀਅਨ ਦੇ ਹੱਕ ਵਿੱਚ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਪਾਰਟੀ ਦਫ਼ਤਰ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਅਤੇ ਬਦਲਾਅ ਦੀ ਗੱਲ ਕਰਨ ਵਾਲੀ 'ਆਪ' ਸਰਕਾਰ ਦਾ ਅਸਲ ਲੋਕ-ਵਿਰੋਧੀ ਚਿਹਰਾ ਹੁਣ ਜਨਤਾ ਦੇ ਸਾਹਮਣੇ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ।
- Download Babushahi App
-
-