Political Special ਮੇਅਰ ਪਦਮਜੀਤ ਮਹਿਤਾ: ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ
ਮੇਅਰ ਦੀ ਦੂਹਰੀ ਝੰਡੀ ਗੱਡਣ ਦਾ ਰਚਿਆ ਇਤਿਹਾਸ
ਅਸ਼ੋਕ ਵਰਮਾ
ਬਠਿੰਡਾ, 11 ਜੂਨ 2026 : ਲੰਘੀ 26 ਮਈ ਨੂੰ ਨਗਰ ਨਿਗਮ ਬਠਿੰਡਾ ਦੀ ਹੋਈਆਂ ਚੋਣਾਂ ਦੌਰਾਨ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਸਿਰ ਦੋ ਤਿਹਾਈ ਬਹੁਮੱਤ ਦਾ ਸਿਹਰਾ ਸਜ਼ਾਉਣ ਵਾਲੇ ਪਦਮਜੀਤ ਸਿੰਘ ਮਹਿਤਾ ਨੇ ਦੂਸਰੀ ਵਾਰ ਮੇਅਰ ਬਣਕੇ ਨਿਗਮ ਰਿਕਾਰਡ ’ਚ ਇੱਕ ਤਰਾਂ ਨਾਲ ਇਤਿਹਾਸ ਰਚਣ ਦੇ ਨਾਲ ਨਾਲ ਨਵਾਂ ਮੀਲ ਪੱਥਰ ਕਾਇਮ ਕਰ ਦਿੱਤਾ ਹੈ। ਨਗਰ ਨਿਗਮ ਦੇ ਹੋਂਦ ’ਚ ਆਉਣ ਤੋਂ ਬਾਅਦ ਨਿਗਮ ਦਾ ਇਹ ਚੌਥਾ ਕਾਰਜਕਾਲ ਹੈ ਜਦੋਂਕਿ ਮੇਅਰ ਪੰਜਵਾਂ ਬਣਿਆ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਸ਼ੋਮਣੀ ਅਕਾਲੀ ਦਲ ਨੂੰ ਭਾਰਤੀ ਜੰਤਾ ਪਾਰਟੀ ਦੇ ਸਹਿਯੋਗ ਨਾਲ ਨਗਰ ਨਿਗਮ ਦੀ ਸੱਤਾ ’ਤੇ ਦੋ ਵਾਰ ਕਾਬਜ ਹੋਣ ਦਾ ਮੌਕਾ ਮਿਲਿਆ ਪਰ ਮੇਅਰ ਦੋਨੋਂ ਵਾਰੀ ਵੱਖੋ ਵੱਖ ਆਗੂ ਬਣੇ ਸਨ। ਦੇਖਿਆ ਜਾਏ ਤਾਂ ਇਸ ਹਿਸਾਬ ਨਾਲ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ’ਚ ਨਗਰ ਨਿਗਮ ਦੇ ਕੌਂਸਲਰਾਂ ਦੀ ਮੀਟਿੰਗ ਹੋਈ ਸੀ। ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮੌਜੂਦਗੀ ’ਚ ਪਦਮਜੀਤ ਮਹਿਤਾ ਦੀ ਚੋਣ ਕੀਤੀ ਗਈ । ਮੁਢਲੇ ਤੌਰ ’ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ 50 ਕੌਂਸਲਰਾਂ ਚੋਂ 38 ਨੇ ਪਦਮਜੀਤ ਮਹਿਤਾ ਦੇ ਹੱਕ ’ਚ ਹੱਥ ਖੜ੍ਹੇ ਕਰਕੇ ਆਪਣੀ ਹਮਾਇਤ ਦਿੱਤੀ ਜਦੋਂਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 35 ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਈ ਜਾਣੀ ਸੀ ਜਿਸ ਨੂੰ ਅੱਗੇ ਪਾ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਪਦਮਜੀਤ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਲੜਕੇ ਹਨ ਜੋ ਵਾਰਡ ਨੰਬਰ 48 ਦੀ ਜਿਮਨੀ ਚੋਣ ਦੌਰਾਨ ਰਾਜਨੀਤੀ ਦੇ ਮੈਦਾਨ ’ਚ ਕੁੱਦੇ ਸਨ ਅਤੇ ਜਬਰਦਸਤ ਸਫਲਤਾ ਹਾਸਲ ਕੀਤੀ ਸੀ।
ਆਮ ਆਦਮੀ ਪਾਰਟੀ ਦਾ ਇਕਲੌਤਾ ਕੌਂਸਲਰ ਹੋਣ ਦੇ ਬਾਵਜੂਦ ਸੱਤਾਧਾਰੀ ਕਾਂਗਰਸ ਪਾਰਟੀ ’ਚ ਤਕੜੀ ਸੰਨ੍ਹ ਲਾਉਂਦਿਆਂ ਪਦਮਜੀਤ ਮਹਿਤਾ ਮੇਅਰ ਬਣ ਗਏ ਸਨ। ਹੁਣ ਜਦੋਂ ਆਮ ਆਦਮੀ ਪਾਰਟੀ ਨੇ ਪਦਮਜੀਤ ਮਹਿਤਾ ਨੂੰ ਮੇਅਰ ਦਾ ਚਿਹਰਾ ਬਣਾਕੇ ਚੋਣ ਲੜੀ ਤਾਂ ਇਸ ਦਾ ਫਾਇਦਾ ਵੀ ਮਿਲਿਆ ਅਤੇ ਪਾਰਟੀ ਨੇ 35 ਵਾਰਡਾਂ ’ਚ ਜਿੱਤ ਹਾਸਲ ਕਰ ਲਈ ਜਦੋਂਕਿ ਜਰਨਲ ਹਾਊਸ ਵਿੱਚ ਬਹੁਮੱਤ ਲਈ 26 ਕੌਂਸਲਰਾਂ ਦੀ ਜਰੂਰਤ ਸੀ। ਜਾਣਕਾਰੀ ਅਨੁਸਾਰ ਤਿੰਨ ਅਜਾਦ ਕੌਂਸਲਰ ਪਦਮਜੀਤ ਮਹਿਤਾ ਦੇ ਹੱਕ ’ਚ ਭੁਗਤੇ ਹਨ। ਭਾਰਤੀ ਜੰਤਾ ਪਾਰਟੀ , ਕਾਂਗਰਸ ਅਤੇ ਸ਼ੋਮਣੀ ਅਕਾਲੀ ਦਲ ਨੇ ਅੱਜ ਦੇ ਚੋਣ ਅਮਲ ’ਚ ਭਾਗ ਨਹੀਂ ਲਿਆ ਅਤੇ ਨਾਂ ਹੀ ਕੋਈ ਉਮੀਦਵਾਰ ਖੜ੍ਹਾ ਕੀਤਾ ਹੈ। ਅੱਜ ਦੇ ਚੋਣ ਪ੍ਰੋਗਰਾਮ ਦਾ ਇੱਕ ਵਿਸ਼ੇਸ਼ ਪਹਿਲੂ ਇਹ ਰਿਹਾ ਕਿ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਖੁਦ ਨੂੰ ਇਸ ਪ੍ਰੋਗਰਾਮ ਦੂਰ ਰੱਖਿਆ ਹੈ।
ਦਰਅਸਲ ਅਮਰਜੀਤ ਮਹਿਤਾ ਅਤੇ ਵਿਧਾਇਕ ਜਗਰੂਪ ਗਿੱਲ ’ਚ ਖੜਕੀ ਹੋਈ ਹੈ। ਸਾਲ 2021 ’ਚ ਵਾਰਡ ਨੰਬਰ 48 ਤੋਂ ਕੌਂਸਲਰ ਦੀ ਚੋਣ ਜਿੱਤੇ ਮੌਜੂਦਾ ਵਿਧਾਇਕ ਮੇਅਰ ਨਾਂ ਬਨਾਉਣ ’ਤੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਰੁੱਸ ਗਏ ਅਤੇ ’ਆਪ’ ’ਚ ਸ਼ਮੂਲੀਅਤ ਕਰ ਲਈ। ਸਾਲ 2022 ’ਚ ਗਿੱਲ ਨੇ ਮਨਪ੍ਰੀਤ ਨੂੰ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ। ਵਾਰਡ 48 ਦੀ ਜਿਮਨੀ ਚੋਣ ਮੌਕੇ ਗਿੱਲ ਨੇ ਅਕਾਲੀ ਆਗੂ ਬਲਵਿੰਦਰ ਸਿੰਘ ਬਿੰਦਰ ਨੂੰ ‘ਆਪ’ ’ਚ ਸ਼ਾਮਲ ਕਰਵਾਉਣ ਪਿੱਛੋ ਉਮੀਦਵਾਰ ਬਣਵਾ ਲਿਆ। ਇਸ ਮੌਕੇ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਆਪਣੇ ਲੜਕੇ ਪਦਮਜੀਤ ਮਹਿਤਾ ਲਈ ਟਿਕਟ ਲੈ ਆਏ ਤਾਂ ਗਿੱਲ ਨੇ ਬਿੰਦਰ ਨੂੰ ਅਜਾਦ ਖੜ੍ਹਾ ਕਰ ਦਿੱਤਾ। ਗਿੱਲ ਦੀ ਹਮਾਇਤ ਦੇ ਬਾਵਜੂਦ ਪਦਮਜੀਤ ਮਹਿਤਾ ਵੱਡੇ ਫਰਕ ਨਾਲ ਜਿੱਤ ਗਿਆ। ਉਦੋਂ ਤੋਂ ਗਿੱਲ ਅਤੇ ਮਹਿਤਾ ਵਿਚਕਾਰ 46 ਦਾ ਅੰਕੜਾ ਹੋਣ ਕਾਰਨ ਪਾਰਟੀ ਪ੍ਰੋਗਰਾਮ ਹੋਣ ਦੇ ਬਾਵਜੂਦ ਗਿੱਲ ਨੇ ਬਾਈਕਾਟ ਰੱਖਿਆ ਹੈ।
ਜਿਕਰਯੋਗ ਹੈ ਕਿ ਨਗਰ ਨਿਗਮ ਬਠਿੰਡਾ ਦੀ ਪਹਿਲੀ ਚੋਣ 2008 ’ਚ ਹੋਈ ਤਾਂ ਅਕਾਲੀ ਭਾਜਪਾ ਗਠਜੋੜ ਜਰਨਲ ਹਾਊਸ ’ਤੇ ਕਬਜਾ ਕਰਨ ’ਚ ਸਫਲ ਰਿਹਾ ਅਤੇ ਬਲਜੀਤ ਸਿੰਘ ਬੀੜ ਬਹਿਮਣ ਮੇਅਰ ਬਣੇ ਸਨ। ਇਸ ਹਿਸਾਬ ਨਾਲ 2013 ’ਚ ਨਗਰ ਨਿਗਮ ਦਾ ਕਾਰਜਕਾਲ ਖਤਮ ਹੋ ਗਿਆ ਪਰ ਚੋਣਾਂ ਫਰਵਰੀ 2015 ’ਚ ਕਰਵਾਈਆਂ ਗਈਆਂ ਤਾਂ ਇਸ ਮੌਕੇ ਵੀ ਗਠਜੋੜ ਦੀ ਝੰਡੀ ਰਹੀ ਸੀ। ਇਸ ਵਾਰੀ ਕੁਰਸੀ ਬਲਵੰਤ ਰਾਏ ਨਾਥ ਨੂੰ ਮਿਲੀ ਜਿੰਨ੍ਹਾਂ ਦਾ ਕਾਰਜਕਾਲ 2020 ਤਕ ਸੀ। ਉਦੋਂ ਕਾਂਗਰਸ ਸਰਕਾਰ ਨੇ ਇੱਕ ਸਾਲ ਪਛੜ ਕੇ ਫਰਵਰੀ 2021 ’ਚ ਚੋਣਾਂ ਕਰਵਾਈਆਂ ਤਾਂ ਕਾਂਗਰਸ 43 ਵਾਰਡਾਂ ’ਚ ਚੋਣ ਜਿੱਤੀ ਅਤੇ 15 ਅਪ੍ਰੈਲ ਨੂੰ ਰਮਨ ਗੋਇਲ ਮੇਅਰ ਬਣੀ ਪਰ ਕਾਂਗਰਸ ਦੀ ਧੜੇਬੰਦੀ ਨੇ ਉਨ੍ਹਾਂ ਦੀ ਕੁਰਸੀ ਖੋਹ ਲਈ ਸੀ। ਸਾਲ 2024 ’ਚ ਸਰਕਾਰ ਨੇ ਵਾਰਡ ਨੰੰਬਰ 48 ਦੀ ਜਿਮਨੀ ਚੋਣ ਕਰਵਾਈ ਜੋ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਨੇ ਜਿੱਤੀ ਸੀ।
ਨਮੂਨੇ ਦਾ ਸ਼ਹਿਰ ਬਣੇਗਾ ਬਠਿੰਡਾ
ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਪਿਛਲੀ ਵਾਰ ਸਮਾਂ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਤਰਫੋਂ ਸ਼ਹਿਰ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸ਼ਹਿਰ ਵਾਸੀਆਂ ਨੇ ਦੁਾਬਰਾ ਮਾਣ ਬਖਸ਼ਿਆ ਹੈ ਤਾਂ ਬਠਿੰਡਾ ਨੂੰ ਨਮੂਨੇ ਦਾ ਸ਼ਹਿਰ ਬਨਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ।
- Download Babushahi App
-
-