Moga ਨੂੰ ਮਿਲੀ ਨਵੀਂ ਮੇਅਰ: ਵਿਨੇਪਾਲ ਕੌਰ ਨੇ MC ਚੋਣਾਂ 'ਚ ਦਰਜ ਕੀਤੀ ਸੀ ਵੱਡੀ ਜਿੱਤ
ਚੋਣ ਦੌਰਾਨ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਅਤੇ ਵਿਧਾਇਕਾ (MLA) ਅਮਨਦੀਪ ਕੌਰ ਵਿਸ਼ੇਸ਼ ਤੌਰ 'ਤੇ ਰਹੇ ਮੌਜੂਦ
ਵਿਨੇਪਾਲ ਕੌਰ ਨੇ ਆਪਣੇ ਵਿਰੋਧੀ ਨੂੰ 228 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਹਾਸਲ ਕੀਤੀ ਸੀ ਇਤਿਹਾਸਕ ਜਿੱਤ
Babushahi Network
ਮੋਗਾ, 11 ਜੂਨ 2026- ਮੋਗਾ ਸਿਆਸਤ ਅਤੇ ਸਥਾਨਕ ਨਗਰ ਨਿਗਮ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਮੋਗਾ ਨਗਰ ਨਿਗਮ ਦੀ ਮੇਅਰ ਦੀ ਚੋਣ ਦੌਰਾਨ ਵਿਨੇਪਾਲ ਕੌਰ ਨਵੀਂ ਮੇਅਰ ਵਜੋਂ ਚੁਣਿਆ ਗਿਆ। ਦੱਸ ਦਈਏ ਕਿ ਐਮ.ਸੀ. ਚੋਣਾਂ ਦੌਰਾਨ ਵਿਨੇਪਾਲ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 228 ਵੋਟਾਂ ਦੇ ਵੱਡੇ ਅਤੇ ਇਤਿਹਾਸਕ ਫਰਕ ਨਾਲ ਮਾਤ ਦਿੱਤੀ ਸੀ।
ਮੇਅਰ ਦੀ ਇਸ ਅਹਿਮ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਹਲਕਾ ਮੋਗਾ ਦੇ ਵਿਧਾਇਕਾ (MLA) ਡਾ. ਅਮਨਦੀਪ ਕੌਰ ਅਰੋੜਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਜਿੱਤ ਦੇ ਰਸਮੀ ਐਲਾਨ ਤੋਂ ਬਾਅਦ ਮੰਤਰੀ ਸੌਂਦ ਅਤੇ ਵਿਧਾਇਕਾ ਅਮਨਦੀਪ ਕੌਰ ਨੇ ਨਵੀਂ ਬਣੀ ਮੇਅਰ ਵਿਨੇਪਾਲ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਮੋਗਾ ਸ਼ਹਿਰ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨ ਦੀ ਉਮੀਦ ਜਤਾਈ।
ਵਿਨੇਪਾਲ ਕੌਰ ਦੇ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨਿਗਮ ਦਫ਼ਤਰ ਦੇ ਬਾਹਰ ਇਕੱਠੇ ਹੋਏ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ 'ਤੇ ਨੱਚ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਨਵੀਂ ਚੁਣੀ ਗਈ ਮੇਅਰ ਨੇ ਸਾਰੇ ਕੌਂਸਲਰਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਮੋਗਾ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਰਹਿਣਗੇ।
- Download Babushahi App
-
-