ਅਵਾਰਾ ਕੁੱਤੇ ਨੇ 4 ਸਾਲਾਂ ਮਾਸੂਮ ਬੱਚੇ 'ਤੇ ਕੀਤਾ ਜਾਨਲੇਵਾ ਹਮਲਾ
ਰੋਹਿਤ ਗੁਪਤਾ/ ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 5 June 2026 : ਗੁਰਦਾਸਪੁਰ ਦੇ ਪਿੰਡ ਵਰਸੋਲਾ ਵਿਖੇ ਇੱਕ ਅਵਾਰਾ ਕੁੱਤੇ ਵੱਲੋਂ ਘਰ ਦੇ ਬਾਹਰ ਖੇਡ ਰਹੇ 4 ਸਾਲਾਂ ਮਾਸੂਮ ਬੱਚੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਅੱਖ ਦੇ ਕੋਲ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚੇ ਦੀ ਮਾਤਾ ਕੰਚਨ ਨੇ ਅਤੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਵੇਲੇ ਘਰ ਵਿੱਚ ਮਹਿਮਾਨ ਆਏ ਹੋਏ ਸਨ। ਇਸੇ ਦੌਰਾਨ ਬੱਚੇ ਚਾਅ-ਚਾਅ ਵਿੱਚ ਘਰ ਦੇ ਮੁੱਖ ਗੇਟ ਦੇ ਬਾਹਰ ਖੜ੍ਹੀ ਸਕੂਟਰੀ ਕੋਲ ਚਲੇ ਗਏ ਅਤੇ ਉਸ ਉੱਪਰ ਬੈਠ ਗਏ ਕਿ ਇੰਨੀ ਦੇਰ ਨੂੰ ਘਰ ਦੇ ਬੂਹੇ ਅੱਗੇ ਹੀ ਇੱਕ ਅਵਾਰਾ ਕੁੱਤੇ ਨੇ ਮਾਸੂਮ ਬੱਚੇ 'ਤੇ ਅਚਾਨਕ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਚਿਹਰੇ ਨੂੰ ਆਪਣੇ ਜਬਾੜੇ ਵਿੱਚ ਜਕੜ ਲਿਆ। ਗਲੀ ਵਿੱਚ ਮੌਜੂਦ ਦੂਸਰੇ ਬੱਚਿਆਂ ਵੱਲੋਂ ਰੌਲਾ ਪਾਉਣ ਅਤੇ ਚੀਕਾਂ ਮਾਰਨ ਤੋਂ ਬਾਅਦ ਪਰਿਵਾਰ ਨੂੰ ਘਟਨਾ ਦਾ ਪਤਾ ਲੱਗਿਆ।
ਜਦੋਂ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਬੱਚਾ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਬੱਚੇ ਦੀ ਨਾਜ਼ੁਕ ਹਾਲਤ ਅਤੇ ਲਗਾਤਾਰ ਵਹਿ ਰਹੇ ਖੂਨ ਨੂੰ ਦੇਖਦਿਆਂ ਸਥਾਨਕ ਡਾਕਟਰ ਦੀ ਸਲਾਹ 'ਤੇ ਉਸ ਨੂੰ ਤੁਰੰਤ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਮੁਤਾਬਕ ਕੁੱਤੇ ਨੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੱਟਿਆ ਹੈ। ਬੱਚੇ ਦੇ ਚਿਹਰੇ ਅਤੇ ਅੱਖ ਦੇ ਕੋਲ ਗੰਭੀਰ ਕੱਟ ਲੱਗੇ ਹਨ। ਜਿਸ ਕਾਰਨ ਡਾਕਟਰਾਂ ਵੱਲੋਂ ਬੱਚੇ ਨੂੰ ਸੁੰਨ ਕਰਕੇ ਕਈ ਟਾਂਕੇ ਲਗਾਏ ਗਏ ਹਨ ਅਤੇ ਐਂਟੀ-ਰੇਬੀਜ਼ ਇੰਜੈਕਸ਼ਨ ਲਗਾਏ ਗਏ ਹਨ। ਅੱਖਾਂ ਦੇ ਮਾਹਰ ਡਾਕਟਰਾਂ ਮੁਤਾਬਕ ਬੱਚੇ ਦੀ ਅੱਖ ਦਾ ਅੰਦਰੂਨੀ ਬਚਾਅ ਹੋ ਗਿਆ ਹੈ।ਪਰ ਜ਼ਖਮ ਬਹੁਤ ਡੂੰਘਾ ਹੈ। ਜ਼ਖਮੀ ਬੱਚਾ ਫਿਲਹਾਲ ਸਿਰਫ ਜੂਸ ਵਗੈਰਾ ਹੀ ਪੀ ਰਿਹਾ ਹੈ ਅਤੇ ਗੰਭੀਰ ਦਰਦ ਵਿੱਚ ਹੈ।ਇਸ ਘਟਨਾ ਤੋਂ ਬਾਅਦ ਪਿੰਡ ਦੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਭਾਰੀ ਸਹਿਮ ਅਤੇ ਖੌਫ਼ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਡਰ ਦੇ ਮਾਰੇ ਬੱਚਿਆਂ ਨੇ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਪੀੜਤ ਬੱਚੇ ਦੀ ਮਾਤਾ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ। ਕਿ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਸ ਦੇ ਹੱਲ ਲਈ ਤੁਰੰਤ ਯੋਗ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਦੇ ਮਾਸੂਮ ਬੱਚੇ ਨੂੰ ਅਜਿਹੇ ਜਾਨਲੇਵਾ ਹਮਲੇ ਦਾ ਸ਼ਿਕਾਰ ਨਾ ਹੋਣਾ ਪਵੇ।
- Download Babushahi App
-
-