ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ
*ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਦਿੱਤੀ ਗਈ ਸੀ ਗ੍ਰਾਂਟ*
*ਹੁਣ ਗੋਡਿਆਂ ਤੇ ਹੱਡੀਆਂ ਦੇ ਆਪ੍ਰੇਸ਼ਨਾਂ ਲਈ ਨਹੀਂ ਜਾਣਾ ਪਵੇਗਾ ਬਾਹਰ*
*ਲੋਕਾਂ ਨੂੰ ਘਰਾਂ ਨੇੜੇ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ : ਡਾ. ਸੰਜੀਵ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 4 ਜੂਨ 2026
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸਬ ਡਵੀਜ਼ਨਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਐਮ.ਪੀ. ਲੈਡ ਫੰਡ ਵਿਚੋਂ ਲੈਕੇ ਦਿੱਤੀ ਅਤਿ ਆਧੁਨਿਕ ਆਰਥੋ ਆਪ੍ਰੇਸ਼ਨ ਟੇਬਲ ਲੋਕ ਅਰਪਿਤ ਕੀਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਲਈ ਹੁਣ ਤੱਕ ਆਪਣੇ ਅਖਤਿਆਰ ਫੰਡ ਵਿੱਚੋਂ 73 ਲੱਖ 42 ਹਜ਼ਾਰ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਸਮਾਜ ਦੇ ਵਿਕਾਸ ਦੇ ਦੋ ਸਭ ਤੋਂ ਅਹਿਮ ਥੰਮ੍ਹ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਲਗਾਈ ਗਈ ਇਹ ਅਤਿ ਆਧੁਨਿਕ ਆਰਥੋ ਟੇਬਲ ਰਿਮੋਟ ਕੰਟਰੋਲ ਰਾਹੀਂ ਚੱਲੇਗੀ, ਜਿਸ ਨਾਲ ਹੱਡੀਆਂ ਅਤੇ ਗੋਡੇ ਬਦਲਣ ਵਰਗੇ ਔਖੇ ਆਪ੍ਰੇਸ਼ਨ ਹੋਰ ਵੀ ਸੁਚਾਰੂ ਢੰਗ ਨਾਲ ਕੀਤੇ ਜਾ ਸਕਣਗੇ। ਇਸ ਟੇਬਲ ਦੀ ਮਦੱਦ ਨਾਲ ਮਰੀਜ਼ ਨੂੰ ਆਪ੍ਰੇਸ਼ਨ ਦੌਰਾਨ ਵਾਰ-ਵਾਰ ਹਿਲਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਟੇਬਲ ਨੂੰ ਹੀ ਲੋੜ ਅਨੁਸਾਰ ਘੁਮਾਇਆ ਜਾ ਸਕੇਗਾ।
ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯੰਤਰ ਹਸਪਤਾਲ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਸਪਤਾਲ ਵਿੱਚ 4 ਬੈੱਡਾਂ ਵਾਲਾ ਆਈ.ਸੀ.ਯੂ. ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸਟਾਫ ਦੀ ਭਰਤੀ ਤੋਂ ਬਾਅਦ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ।
ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ ਨਵੀਂ ਆਰਥੋ ਟੇਬਲ ਨਾਲ ਹੱਡੀਆਂ ਅਤੇ ਜੋੜਾਂ ਨਾਲ ਸੰਬੰਧਿਤ ਆਪ੍ਰੇਸ਼ਨਾਂ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦੇ ਨਾਲ ਹੁਣ ਬਹੁਤ ਸਾਰੇ ਮਰੀਜ਼ਾਂ ਨੂੰ ਇਲਾਜ ਲਈ ਆਪਣੇ ਇਲਾਕੇ ਵਿੱਚ ਹੀ ਮਾਹਰ ਸਿਹਤ ਸੇਵਾਵਾਂ ਮਿਲ ਸਕਣਗੀਆਂ।
ਇਸ ਮੌਕੇ ਐਸ.ਡੀ.ਐਮ. ਅਮਨਪਾਲ ਸਿੰਘ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਹਾਇਕ ਸਿਵਲ ਸਰਜਨ ਡਾ. ਅਨੂ ਰਤਨ, ਡੀ.ਐਸ.ਪੀ. ਧਰੇਂਦਰ ਵਰਮਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੀਸ਼ ਜੇਤਲੀ, ਡਾ. ਹਰਪ੍ਰੀਤ ਸਿੰਘ, ਡਾ. ਅਸ਼ੀਸ਼ ਸ਼ਰਾਫ, ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ, ਐਸ.ਐਚ.ਓ. ਹਰਿੰਦਰ ਸਿੰਘ, ਸਟਾਫ ਨਰਸਾਂ ਅਤੇ ਹਸਪਤਾਲ ਦਾ ਹੋਰ ਸਟਾਫ ਹਾਜ਼ਰ ਸੀ।
*ਬਾਕਸ ਆਈਟਮ : ਸਿਹਤ ਸਹੂਲਤਾਂ ਲਈ 73.42 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ*
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ 25 ਲੱਖ ਰੁਪਏ ਦੀ ਐਂਬੂਲੈਂਸ, ਦੋ ਮੋਰਚਰੀ ਫਰਿੱਜਾਂ ਲਈ 09 ਲੱਖ ਰੁਪਏ, ਅਯੂਰਵੈਦਿਕ ਡਿਸਪੈਂਸਰੀ ਦੀ ਇਮਾਰਤ ਲਈ 7.15 ਲੱਖ ਰੁਪਏ ਅਤੇ ਸਾਜ਼ੋ-ਸਾਮਾਨ ਲਈ 2.08 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਕਪੂਰਥਲਾ ਲਈ ਡਿਜੀਟਲ ਐਕਸ-ਰੇ ਮਸ਼ੀਨ ਵਾਸਤੇ 16.40 ਲੱਖ ਰੁਪਏ ਅਤੇ ਬਲੇਰਖਾਨਪੁਰ ਡਿਸਪੈਂਸਰੀ ਲਈ 9.90 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਹੁਣ ਤੱਕ ਸੰਤ ਸੀਚੇਵਾਲ ਵੱਲੋਂ ਸਿਹਤ ਸਹੂਲਤਾਂ ਲਈ 73.42 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀ ਜਾ ਚੁੱਕੀ ਹੈ।
- Download Babushahi App
-
-