ਫਾਸ਼ੀਵਾਦ ਵਿਰੋਧੀ ਫੋਰਮ ਵੱਲੋਂ ਜਿਲਾ ਪੱਧਰੀ ਮੁਜ਼ਾਹਰਾ 22 ਜੂਨ ਨੂੰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 4 ਜੂਨ 2026
ਅੱਜ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਫਾਸ਼ੀਵਾਦ ਵਿਰੋਧੀ ਫੋਰਮ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਹੋਈ ਜਿਸਨੂੰ ਕੁਲਵਿੰਦਰ ਸਿੰਘ ਵੜੈਚ,ਜਸਵਿੰਦਰ ਭੰਗਾਲ ਅਤੇ ਕੁਲਦੀਪ ਸਿੰਘ ਦੌੜਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਜਮਹੂਰੀ ਹੱਕਾਂ ਦੀ ਸਪੇਸ ਘੱਟਦੀ ਜਾ ਰਹੀ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਜਪਾ - ਆਰ ਐਸ ਐਸ ਸਰਕਾਰ ਵੱਲੋਂ ਦੇਸ਼ ਦੇ ਜਮਹੂਰੀ ਅਤੇ ਫੈਡਰਲ ਢਾਂਚੇ ਉੱਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ।ਬੇਰੁਜ਼ਗਾਰੀ,ਮਹਿੰਗਾਈ ਸਿਖਰਾਂ ਛੂਹ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਅਸੂਲ ਅਨੁਸਾਰ ਹੱਲ ਕਰਨ, ਪੰਜਾਬ ਦੇ ਹੈੱਡਵਰਕਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰਨ,ਦਰਿਆਈ ਪਾਣੀਆਂ ਅਤੇ ਡੈਮਾਂ ’ਚ ਕੇਂਦਰ ਦੀ ਦਖਲਅੰਦਾਜ਼ੀ ਖਤਮ ਕਰਕੇ ਇਨ੍ਹਾਂ ਨੂੰ ਸੂਬਿਆਂ ਦੇ ਅਧਿਕਾਰ ਖੇਤਰ ’ਚ ਲਿਆਉਣ, ਡੈਮ ਸੇਫਟੀ ਐਕਟ ਖਤਮ ਕਰਨ,
ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ,
ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤਾ ਕਰਨ,ਕੇਂਦਰ ਸਰਕਾਰ ਵੱਲੋਂ ਠੋਸੀ ਜਾ ਰਹੀ ਸਿੱਖਿਆ ਨੀਤੀ ਰੱਦ ਕਰਨ ਅਤੇ ਚੰਡੀਗੜ੍ਹ ਸਮੇਤ ਰਾਜ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁਕਤ ਕਰਨ ਦਾ ਅਧਿਕਾਰ ਪੰਜਾਬ ਨੂੰ ਦੇਣ, ਰਾਜਾਂ ਦੀ ਸੂਚੀ ਦੇ ਸਾਰੇ ਵਿਸ਼ੇ ਅਤੇ ਸਮਵਰਤੀ ਸੂਚੀ ਬਾਰੇ ਕਾਨੂੰਨਸਾਜੀ ਦਾ ਅਧਿਕਾਰ ਰਾਜਾਂ ਨੂੰ ਦੇਣ,
ਬਾਰਡਰ ਸਕਿਓਰਿਟੀ ਫੋਰਸ ਦਾ ਵਧਾਇਆ ਅਧਿਕਾਰ ਖੇਤਰ ਵਾਪਸ ਲੈਣ, ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕਰਨ ਅਤੇ ਸੀ.ਬੀ.ਆਈ. ਦੇ ਰਾਜ ਵਿੱਚ ਆਉਣ ਲਈ ਰਾਜ ਸਰਕਾਰ ਦੀ ਮਨਜੂਰੀ ਲਾਜ਼ਮੀ ਕਰਨ, ਸਭ ਰਾਜਨੀਤਕ ਬੰਦੀਆਂ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਯੂ.ਏ.ਪੀ.ਏ., ਕੌਮੀ ਸੁਰੱਖਿਆ ਕਾਨੂੰਨ, ਗੜਬੜ ਗ੍ਰਸਤ ਖੇਤਰ ਕਾਨੂੰਨ, ਜਰੂਰੀ ਸੇਵਾਵਾਂ ਕਾਨੂੰਨ ਅਤੇ ਹੋਰ ਲੋਕ ਵਿਰੋਧੀ ਕਾਨੂੰਨ ਰੱਦ ਕਰਨ, ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕ ਰਜਿਸਟਰ ਅਤੇ ਜਨ ਸੰਖਿਆ ਰਜਿਸਟਰ ਰੱਦ ਕਰਨ, ਲੇਬਰ ਕੋਡ ਖਤਮ ਕਰਕੇ ਕਿਰਤ ਕਾਨੂੰਨ ਬਹਾਲ ਕਰਨ,ਜੀ ਰਾਮ ਜੀ ਕਾਨੂੰਨ ,ਬਿਜਲੀ ਬਿੱਲ ਅਤੇ ਬੀਜ ਬਿੱਲ ਰੱਦ ਕਰਨ,ਚੋਣ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਰਾਜਨੀਤਕ ਅਤੇ ਧਾਰਮਿਕ ਵਿਰੋਧੀਆਂ ਵਿਰੁੱਧ ਵਰਤਣਾ ਬੰਦ ਕਰਨ,
ਧਾਰਮਿਕ, ਕੌਮੀਅਤ, ਨਸਲੀ ਅਤੇ ਸੱਭਿਆਚਾਰਕ ਘੱਟ ਗਿਣਤੀਆਂ ਵਿਰੁੱਧ ਵਿਤਕਰੇ, ਦਾਬੇ ਅਤੇ ਜਬਰ ਬੰਦ ਕਰਨ, ਇਕਸਾਰ ਸਿਵਲ ਜਾਬਤਾ ਕਾਨੂੰਨ ਰੱਦ ਕਰਨ,ਘੱਟ ਗਿਣਤੀਆਂ, ਔਰਤਾਂ, ਦਲਿਤਾਂ ਅਤੇ ਕਬਾਇਲੀਆਂ ਨਾਲ ਵਿਤਕਰੇ, ਧੱਕੇ ਅਤੇ ਜਬਰ ਬੰਦ ਕਰਨ,ਅਤੇ ਹੋਰ ਲੋਕ ਪੱਖੀ ਮੁੱਦਿਆਂ ’ਤੇ ਫਾਸ਼ੀਵਾਦੀ ਹਮਲਿਆਂ ਵਿਰੋਧੀ ਫੋਰਮ ਵੱਲੋਂ 22 ਜੂਨ ਨੂੰ ਜਿਲਾ ਪੱਧਰੀ ਮੁਜ਼ਾਹਰਾ ਕਰਕੇ ਰਾਸ਼ਟਰਪਤੀ ਦੇ ਨਾਮ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
- Download Babushahi App
-
-