ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ 56.09 ਲੱਖ ਰੁਪਏ ਦਾ ਰੈਵਨਿਊ ਜਨਰੇਟ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ, 4 ਜੂਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ Entrepreneurship Mindset Curriculum (EMC) ਨੂੰ ਸਫਲਤਾਪੂਰਵਕ ਲਾਗੂ ਕਰਦਿਆਂ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ 56.09 ਲੱਖ ਰੁਪਏ ਦਾ ਰੈਵਨਿਊ ਜਨਰੇਟ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ਨੇ ਨਾ ਸਿਰਫ਼ ਜ਼ਿਲ੍ਹੇ ਸਗੋਂ ਸਮੁੱਚੇ ਪੰਜਾਬ ਵਿੱਚ ਉਦਯਮਤਾ ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ।
ਇਸ ਪ੍ਰੋਗਰਾਮ ਵਿੱਚ ਬੀਬੀਏ, ਬੀ.ਕਾਮ. ਬੈਂਕਿੰਗ, ਫਾਈਨੈਂਸ਼ੀਅਲ ਸਰਵਿਸਿਜ਼ ਐਂਡ ਇਨਸ਼ੋਰੈਂਸ (BFSI), ਬੀ.ਕਾਮ. ਟੈਕਸ ਪਲੈਨਿੰਗ ਐਂਡ ਮੈਨੇਜਮੈਂਟ ਅਤੇ ਬੀ.ਕਾਮ. ਰੈਗੂਲਰ ਦੇ ਕੁੱਲ 133 ਵਿਦਿਆਰਥੀਆਂ ਨੇ ਭਾਗ ਲਿਆ।
ਵਿਦਿਆਰਥੀਆਂ ਨੇ ਆਪਣੇ ਕਾਰੋਬਾਰੀ ਉਪਰਾਲਿਆਂ, ਉਤਪਾਦਾਂ ਅਤੇ ਸੇਵਾਵਾਂ ਰਾਹੀਂ ਇਹ ਰੈਵਨਿਊ ਜਨਰੇਟ ਕੀਤਾ। ਇਸ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਨੇ ਕਾਰੋਬਾਰੀ ਯੋਜਨਾ ਬਣਾਉਣ, ਵਿੱਤੀ ਪ੍ਰਬੰਧਨ, ਮਾਰਕੀਟਿੰਗ, ਗਾਹਕਾਂ ਨਾਲ ਸੰਪਰਕ, ਟੀਮ ਵਰਕ ਅਤੇ ਲੀਡਰਸ਼ਿਪ ਵਰਗੇ ਮਹੱਤਵਪੂਰਨ ਹੁਨਰ ਵੀ ਹਾਸਲ ਕੀਤੇ, ਜੋ ਭਵਿੱਖ ਵਿੱਚ ਉਨ੍ਹਾਂ ਨੂੰ ਸਫਲ ਉਦਯੋਗਪਤੀ ਅਤੇ ਰੁਜ਼ਗਾਰ ਸਿਰਜਣਹਾਰ ਬਣਨ ਵਿੱਚ ਸਹਾਇਕ ਹੋਣਗੇ।
ਇਸ ਸ਼ਾਨਦਾਰ ਸਫਲਤਾ ਵਿੱਚ ਕਾਲਜ ਦੇ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਰਹੀ। ਪ੍ਰੋਫੈਸਰ ਜਤਿਨ ਮਹਾਜਨ ਦੇ ਵਿਦਿਆਰਥੀਆਂ ਨੇ 17.78 ਲੱਖ ਰੁਪਏ, ਪ੍ਰੋਫੈਸਰ ਸਤਵਿੰਦਰ ਸਿੰਘ (ਅਰਥ ਸ਼ਾਸਤਰ) ਦੇ ਵਿਦਿਆਰਥੀਆਂ ਨੇ 8.32 ਲੱਖ ਰੁਪਏ, ਪ੍ਰੋਫੈਸਰ ਸ਼੍ਰੁਤੀ ਮਹਾਜਨ ਦੇ ਵਿਦਿਆਰਥੀਆਂ ਨੇ 6.33 ਲੱਖ ਰੁਪਏ, ਪ੍ਰੋਫੈਸਰ ਗੁਰਪ੍ਰੀਤ ਕੌਰ ਦੇ ਵਿਦਿਆਰਥੀਆਂ ਨੇ 8.59 ਲੱਖ ਰੁਪਏ, ਪ੍ਰੋਫੈਸਰ ਗੀਤਾਂਜਲੀ ਦੇ ਵਿਦਿਆਰਥੀਆਂ ਨੇ 11.48 ਲੱਖ ਰੁਪਏ ਅਤੇ ਪ੍ਰੋਫੈਸਰ ਪ੍ਰੀਆ ਦੇ ਵਿਦਿਆਰਥੀਆਂ ਨੇ 3.09 ਲੱਖ ਰੁਪਏ ਦਾ ਰੈਵਨਿਊ ਜਨਰੇਟ ਕੀਤਾ।
ਇਸ ਮੌਕੇ ਕਾਲਜ ਵਿਖੇ ਵਿਸ਼ੇਸ਼ ਸਮਾਗਮ ਦੌਰਾਨ Entrepreneurship Mindset Curriculum ਨੂੰ ਸਫਲਤਾਪੂਰਵਕ ਲਾਗੂ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਉਦਯਮਤਾ ਵੱਲ ਪ੍ਰੇਰਿਤ ਕਰਨ ਵਾਲੇ ਅਧਿਆਪਕਾਂ ਨੂੰ “ਬੈਸਟ ਟੀਚਰ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਯੂਟਿਊਬ ਚੈਨਲ ਨੂੰ ਸਫਲਤਾਪੂਰਵਕ ਚਲਾਉਣ ਵਾਲੀ ਟੀਮ ਅਤੇ ਪ੍ਰੀਖਿਆ ਸ਼ਾਖਾ ਵੱਲੋਂ ਨਵੀਨਤਾਕਾਰੀ ਢੰਗ ਨਾਲ ਪ੍ਰੀਖਿਆਵਾਂ ਦੇ ਕਾਰਜ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਵਾਲੀ ਟੀਮ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਪੰਜਾਬ ਦੇ ਉਨ੍ਹਾਂ ਮੋਹਰੀ ਕਾਲਜਾਂ ਵਿੱਚੋਂ ਇੱਕ ਬਣ ਗਿਆ ਹੈ ਜਿਨ੍ਹਾਂ ਨੇ Entrepreneurship Mindset Curriculum ਨੂੰ ਸਿਰਫ਼ ਪਾਠਕ੍ਰਮ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਇਸ ਨੂੰ ਵਿਦਿਆਰਥੀਆਂ ਦੇ ਜੀਵਨ ਅਤੇ ਵਿਹਾਰਕ ਤਜਰਬੇ ਨਾਲ ਜੋੜਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਰੀਕੁਲਮ ਇਸ ਸਾਲ ਬੀਬੀਏ, ਬੀ.ਕਾਮ. BFSI, ਬੀ.ਕਾਮ. ਟੈਕਸ ਪਲੈਨਿੰਗ ਐਂਡ ਮੈਨੇਜਮੈਂਟ ਅਤੇ ਬੀ.ਕਾਮ. ਰੈਗੂਲਰ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੀ ਸਫਲਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਕਾਦਮਿਕ ਸੈਸ਼ਨ 2026-27 ਤੋਂ ਇਹ ਪ੍ਰੋਗਰਾਮ ਹੋਰ ਕਲਾਸਾਂ ਦੇ ਵਿਦਿਆਰਥੀਆਂ ਲਈ ਵੀ ਲਾਗੂ ਕੀਤਾ ਜਾਵੇਗਾ।
ਡਾ. ਭੱਲਾ ਨੇ ਅੱਗੇ ਦੱਸਿਆ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੇ ਇਸ ਸਾਲ ਵਿਸ਼ੇਸ਼ ਉਪਰਾਲਾ ਕੀਤਾ ਹੈ ਕਿ ਹਰੇਕ ਵਿਦਿਆਰਥੀ ਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜਿਆ ਜਾਵੇ ਅਤੇ ਹਰੇਕ ਕੋਰਸ ਨੂੰ ਕਿਸੇ ਨਾ ਕਿਸੇ ਰੁਜ਼ਗਾਰਮੁਖੀ ਹੁਨਰ ਨਾਲ ਸੰਬੰਧਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਲਜ ਦਾ ਉਦੇਸ਼ ਕੇਵਲ ਅਕਾਦਮਿਕ ਗਿਆਨ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਦੇ ਅੰਦਰ ਉਦਯਮਤਾ, ਨਵੀਨਤਾ, ਲੀਡਰਸ਼ਿਪ ਅਤੇ ਵਿਹਾਰਕ ਹੁਨਰਾਂ ਦਾ ਵਿਕਾਸ ਕਰਨਾ ਹੈ, ਤਾਂ ਜੋ ਉਹ ਆਪਣਾ ਭਵਿੱਖ ਆਪ ਸਵਾਰ ਸਕਣ।
ਉਨ੍ਹਾਂ ਕਿਹਾ ਕਿ ਕਾਲਜ ਵਿੱਚ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਨੌਕਰੀਆਂ ਦੀ ਭਾਲ ਲਈ ਬਹੁਤੇ ਯਤਨ ਨਾ ਕਰਨ ਪੈਣ, ਸਗੋਂ ਉਹ ਆਪਣੀਆਂ ਯੋਗਤਾਵਾਂ ਅਤੇ ਹੁਨਰਾਂ ਦੇ ਆਧਾਰ 'ਤੇ ਆਪਣੇ ਲਈ ਰੁਜ਼ਗਾਰ ਦੇ ਮੌਕੇ ਖੁਦ ਪੈਦਾ ਕਰ ਸਕਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾ ਸਕਣ।
ਡਾ. ਭੱਲਾ ਨੇ ਦੱਸਿਆ ਕਿ ਇਸ ਸਮੇਂ ਕਾਲਜ ਦੇ ਵੱਖ-ਵੱਖ ਕਲਾਸਾਂ ਦੇ ਲਗਭਗ 200 ਵਿਦਿਆਰਥੀਆਂ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਹੈਦਰਾਬਾਦ ਵੱਲੋਂ ਉਦਯਮਤਾ, ਲੀਡਰਸ਼ਿਪ ਅਤੇ ਰੁਜ਼ਗਾਰਮੁਖੀ ਹੁਨਰਾਂ ਨਾਲ ਸੰਬੰਧਿਤ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਵੱਲੋਂ ਵੀ ਕਾਲਜ ਦੇ ਬੀ.ਐੱਸ.ਸੀ., ਬੀ.ਐੱਸ.ਸੀ. ਮੈਡੀਕਲ ਅਤੇ ਬੀ.ਐੱਸ.ਸੀ. ਨਾਨ-ਮੈਡੀਕਲ ਦੇ ਵਿਦਿਆਰਥੀਆਂ ਲਈ 15 ਦਿਨਾਂ ਦੀ ਵਿਸ਼ੇਸ਼ ਸਿਖਲਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਤੋਂ ਅੱਗੇ ਵਧ ਕੇ ਵਿਹਾਰਕ ਗਿਆਨ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
- Download Babushahi App
-
-