ਨਿਗਮ ਚੋਣਾਂ: ਭਾਜਪਾ ਆਗੂ ਵੀਨੂੰ ਗੋਇਲ 5 ਵਾਰਡਾਂ ਦੀ ਕੁਆਰਡੀਨੇਟਰ ਤਾਇਨਾਤ
ਅਸ਼ੋਕ ਵਰਮਾ
ਬਠਿੰਡਾ, 21 ਮਈ 2026 : ਨਗਰ ਨਿਗਮ ਬਠਿੰਡਾ ਦੀਆਂ ਹੋਣ ਜਾ ਰਹੀਆਂ ਚੋਣਾਂ ਦੌਰਾਨ ਉਮੀਦਵਾਰਾਂ ਦੀ ਸਿਆਸੀ ਤੌਰ ’ਤੇ ਪੁਜੀਸ਼ਨ ਮਜਬੂਤ ਕਰਨ ਅਤੇ ਚੋਣ ਪ੍ਰਚਾਰ ਦੀ ਨਿਗਰਾਨੀ ਲਈ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਕਾਰਜਕਾਰਨੀ ਦੀ ਮੈਂਬਰ ਸ਼੍ਰੀਮਤੀ ਵੀਨੂੰ ਗੋਇਲ ਨੂੰ ਵਾਰਡ ਨੰਬਰ 4, 7, 8, 9 ਅਤੇ 21 ਲਈ ਕੁਆਰਡੀਨੇਟਰ ਵਜੋਂ ਤਾਇਨਾਤ ਕਰ ਦਿੱਤਾ ਹੈ। ਸ਼੍ਰੀਮਤੀ ਵੀਨੂੰ ਗੋਇਲ ਇੰਨ੍ਹਾਂ ਵਾਰਡਾਂ ਦੇ ਉਮੀਦਵਾਰਾਂ ਨਾਲ ਤਾਲਮੇਲ ਬਣਾਕੇ ਪਾਰਟੀ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕਰਨਗੇ। ਪਿਛਲੇ ਦੋ ਦਿਨਾਂ ਦੌਰਾਨ ਸ਼ਹਿਰੀ ਹਲਕੇ ’ਚ ਵਾਪਰੀਆਂ ਸਿਆਸੀ ਘਟਨਾਵਾਂ ਤੋਂ ਬਾਅਦ ਭਾਜਪਾ ਵੱਲੋਂ ਇਹ ਨਵੀਂ ਪਹਿਲਕਦਮੀ ਕੀਤੀ ਗਈ ਹੈ।
ਬੁੱਧਵਾਰ ਨੂੰ ਕਾਂਗਰਸ ਨੇ ਹਰ ਵਾਰਡ ਲਈ ਆਪਣੇ ਨਿਗਰਾਨ ਤਾਇਨਾਤ ਕੀਤੇ ਸਨ ਜਿਸ ਤੋਂ ਬਾਅਦ ਹੁਣ ਭਾਜਪਾ ਵੀ ਚੋਣ ਮੈਦਾਨ ’ਚ ਨਿੱਤਰਨ ਲੱਗੀ ਹੈ। ਅਗਾਮੀ 26 ਮਈ ਨੂੰ ਪੈਣ ਵਾਲੀਆਂ ਵੋਟਾਂ ਦਾ 29 ਮਈ ਨੂੰ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ ਪਰ ਭਾਜਪਾ ਦੀ ਇਸ ਨੀਤੀ ਤੋਂ ਸਪਸ਼ਟ ਹੋ ਗਿਆ ਹੈ ਕਿ ਭਗਵਾ ਪਾਰਟੀ ਨਗਰ ਨਿਗਮ ਬਠਿੰਡਾ ਦੀ ਚੋਣ ਸੰਜੀਦਗੀ ਨਾਲ ਲੜਨ ਦੇ ਰੌਂਅ ’ਚ ਹੈ। ਬਠਿੰਡਾ ਵਿੱਚ ਭਾਜਪਾ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਜੋੜ ਕੇ ਸਰਗਰਮ ਹੋ ਰਹੀ ਹੈ, ਉਸ ਨੇ ਸ਼ਹਿਰੀ ਹਲਕੇ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਹਿਲਾਂ ਸਥਾਨਕ ਪੱਧਰ ਤੇ ਭਾਜਪਾ ’ਚ ਅਪਣੱਤ ਦੀ ਕਮੀ ਰਹੀ ਹੈ ਜਿਸ ਨੂੰ ਹੁਣ ਪੂਰਿਆ ਜਾ ਰਿਹਾ ਹੈ ਜੋ ਚੋਣਾਂ ਜਿੱਤਣ ’ਚ ਸਹਾਈ ਹੋ ਸਕਦਾ ਹੈ। ਸ਼੍ਰੀਮਤੀ ਵੀਨੂੰ ਗੋਇਲ ਦਾ ਕਹਿਣਾ ਸੀ ਕਿ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ਼੍ਰੀਮਤੀ ਗੋਇਲ ਨੇ ਪਾਰਟੀ ਵੱਲੋਂ ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਪਾਰਟੀ ਹਾਈਕਮਾਂਡ , ਨਗਰ ਨਿਗਮ ਬਠਿੰਡਾ ਦੀ ਚੋਣ ਲਈ ਕਨਵੀਨਰ ਜੀਵਨ ਗੁਪਤਾ ਅਤੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਦਾ ਧੰਨਵਾਦ ਵੀ ਕੀਤਾ ਹੈ।
- Download Babushahi App
-
-