ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਬਦਨਾਮ ਕਰਨ ਤੇ ਜਨ ਚੇਤਨਾ ਪ੍ਰਕਾਸ਼ਨ ਦੇ ਪੁਸਤਕ ਕੇਂਦਰ 'ਤੇ ਛਾਪੇ ਦੀ ਨਿਖੇਧੀ
ਬੁੱਧੀਜੀਵੀ ਸੱਤਿਅਮ ਵਰਮਾ ਦੀ ਗ੍ਰਿਫਤਾਰੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ: ਜਥੇਬੰਦੀਆਂ
ਦਲਜੀਤ ਕੌਰ
ਸੰਗਰੂਰ, 19 ਅਪ੍ਰੈਲ, 2026: ਸੰਗਰੂਰ ਦੀਆਂ ਜਨਤਕ, ਜ਼ਮਹੂਰੀ,ਤਰਕਸ਼ੀਲ ਅਤੇ ਲੋਕ-ਪੱਖੀ ਜਥੇਬੰਦੀਆਂ ਵੱਲੋਂ ਉੱਘੇ ਬੁੱਧੀਜੀਵੀ,ਪੱਤਰਕਾਰ ਅਤੇ "ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੰਪੂਰਨ ਉਪਲੱਬਧ ਦਸਤਾਵੇਜ" ਦੇ ਸੰਪਾਦਕ ਸੱਤਿਅਮ ਵਰਮਾ ਦੀ ਗ੍ਰਿਫਤਾਰੀ, ਨੋਇਡਾ ਵਿਖੇ ਚੱਲ ਰਹੇ ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਬਦਨਾਮ ਕਰਕੇ ਕੁਚਲਣ,ਮਜ਼ਦੂਰਾਂ ਤੇ ਆਗੂਆਂ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਅਤੇ ਜਨ ਚੇਤਨਾ ਪ੍ਰਕਾਸ਼ਨ ਦੇ ਪੁਸਤਕ ਕੇਂਦਰ 'ਤੇ ਪੁਲਿਸ ਦੇ ਛਾਪੇ ਦੀ ਸਖ਼ਤ ਨਿੰਦਾ ਕੀਤੀ ਹੈ।
ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਸੀਨੀਅਰ ਆਗੂ ਚਰਨਜੀਤ ਪਟਵਾਰੀ, ਲਖਵੀਰ ਲੌਂਗੋਵਾਲ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਬਲਬੀਰ ਲੌਂਗੋਵਾਲ, ਰਾਕੇਸ਼ ਕੁਮਾਰ, ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਦਾਤਾ ਨਮੋਲ, ਸੁਖਜਿੰਦਰ ਸੰਗਰੂਰ, ਜਸਵੀਰ ਨਮੋਲ, ਤਰਕਸ਼ੀਲ ਸੁਸਾਈਟੀ ਪੰਜਾਬ ਦੇ ਜੁਝਾਰ ਲੌਂਗੋਵਾਲ, ਪਰਮਵੇਦ, ਸੀਤਾ ਰਾਮ, ਗੁਰਦੀਪ ਲਹਿਰਾ, ਸੁਰਿੰਦਰ ਉੱਪਲੀ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਜਗਜੀਤ ਭੁਟਾਲ, ਮਨਧੀਰ ਸਿੰਘ ਰਾਜੋਮਾਜਰਾ, ਵੈਸਾਖਾ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਮਰਾਜੀ ਪ੍ਰਬੰਧ ਦੀ ਸੇਵਾ ਲਈ ਕਾਰਪੋਰੇਟ ਸੈਕਟਰ ਦੇ ਮੁਨਾਫ਼ੇ ਲਈ ਮਜ਼ਦੂਰਾਂ 'ਤੇ ਜ਼ਬਰ ਲਗਾਤਾਰ ਜਾਰੀ ਹੈ। ਇੱਥੋਂ ਤੱਕ ਕਿ ਸਰਕਾਰ ਮਜ਼ਦੂਰ ਜਮਾਤ, ਛੋਟੀ ਕਿਸਾਨੀ,ਛੋਟੀ ਦੁਕਾਨਦਾਰੀ, ਦਲਿਤਾਂ ਅਤੇ ਆਦਿਵਾਸੀਆਂ ਨੂੰ ਉਹਨਾਂ ਦੀ ਲੁੱਟ, ਉਜਾੜੇ ਲਈ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਜਾਣਕਾਰੀ ਦੇਣ ਜਾਂ ਕਲਮ ਚਲਾਉਣ ਵਾਲੇ ਬੁੱਧੀਜੀਵੀਆਂ, ਲੇਖਕਾਂ, ਤਰਕਸ਼ੀਲਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਜੋ ਉਹਨਾਂ ਦੇ ਦੁੱਖਾਂ ਦੀ ਬਾਤ ਪਾਉਦੇ ਹਨ, ਨੂੰ ਵੀ ਜੇਲ੍ਹਾਂ ਅੰਦਰ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਦੱਬੇ ਕੁਚਲੇ ਵਰਗਾਂ ਵਿੱਚ ਚੇਤਨਾ ਦਾ ਵਿਕਾਸ ਨਾ ਹੋ ਸਕੇ। ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਸ਼ਰੇਆਮ ਕਿਹਾ ਜਾਂਦਾ ਹੈ ਕਿ ਸਰਕਾਰ ਨੂੰ ਖਤਰਾ ਸੰਘਰਸ਼ ਕਰਨ ਵਾਲਿਆਂ ਤੋਂ ਘੱਟ ਹੈ ਬਲਕਿ ਸੰਘਰਸ਼ ਦੇ ਹਾਮੀ ਬੁੱਧੀਜੀਵੀਆਂ ਤੋਂ ਜ਼ਿਆਦਾ ਹੈ। ਸਰਕਾਰ ਦੁਆਰਾ 'ਸ਼ਹਿਰੀ ਨਕਸਲੀ' ਵਰਗੇ ਫਰਜ਼ੀ ਬਿਰਤਾਂਤ ਘੜ ਕੇ ਲੋਕ-ਪੱਖੀ ਬੁੱਧੀਜੀਵੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ। ਇਹ ਵਰਤਾਰਾ ਇਸ ਸਰਕਾਰ ਦੇ ਫਾਸੀਵਾਦੀ ਚਰਿੱਤਰ ਨੂੰ ਨੰਗਾ ਕਰਦਾ ਹੈ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਜਾਰੀ ਹੈ। ਮੌਜੂਦਾ ਸਮੇਂ ਵਿੱਚ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਮਜਦੂਰਾਂ ਵੱਲੋਂ ਆਪਣੀ ਲੁੱਟ ਖ਼ਿਲਾਫ਼ ਚਲਾਇਆ ਜਾ ਰਿਹਾ ਸੰਘਰਸ਼ ਉਹਨਾਂ ਦਾ ਲੋਕਤੰਤਰੀ ਹੱਕ ਹੈ ਜਿਸ ਨੂੰ ਦਬਾਇਆ ਨਹੀਂ ਜਾ ਸਕਦਾ। ਮਜਦੂਰਾਂ ਦੀ ਤਾਕਤ ਨੂੰ ਘਟਾ ਕੇ ਦੇਖਣ ਦਾ ਭਰਮ ਸਰਕਾਰ ਨੂੰ ਨਹੀਂ ਪਾਲਣਾ ਚਾਹੀਦਾ। ਇਸ ਜ਼ਬਰ ਵਿਰੁੱਧ ਜਲਦ ਹੀ ਮੁਲਕ ਦੇ ਕੋਨੇ ਕੋਨੇ ਵਿੱਚ ਇਨਸਾਫ਼ ਪਸੰਦ ਲੋਕਾਂ ਦੁਆਰਾ ਸੰਘਰਸ਼ ਦੇਖਣ ਨੂੰ ਮਿਲਣਗੇ।
ਆਗੂਆਂ ਨੇ ਮੰਗ ਕੀਤੀ ਕਿ ਸੰਘਰਸ਼ਸ਼ੀਲ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾਣ, ਲੋਕ ਪੱਖੀ ਅਦਾਰਿਆਂ ਅਤੇ ਬੁੱਧੀਜੀਵੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤੇ ਮਜ਼ਦੂਰਾਂ,ਆਗੂਆਂ ਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
Click to Follow Babushahi Facebook page →