Babushahi Special ਕਿਸਾਨਾਂ ਦੀਆਂ ਜਿਣਸਾਂ ਦੇ ਮਸਲੇ : ਸਭ ਤੋਂ ਖਤਰਨਾਕ ਹੁੰਦਾ ਹੈ , ਸਾਡੇ ਸੁਪਨਿਆਂ ਦਾ ਮਰ ਜਾਣਾ
ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2026: ਪੰਜਾਬੀ ਕਹਾਵਤ ‘ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਕਪਾਹ ਪੱਟੀ ਦੇ ਕਿਸਾਨਾਂ ’ਤੇ ਫਿੱਟ ਬੈਠਦੀ ਹੈ ਜਿਸ ਨੂੰ ਕਦੇ ਕੁਦਰਤ ਦੀ ਮਾਰ ਪੈਂਦੀ ਹੈ ਅਤੇ ਕਦੀ ਸੁੰਡੀਆਂ ਖੂਨ ਪਸੀਨੇ ਦੀ ਮਿਹਨਤ ਚੱਟ ਜਾਂਦੀਆਂ ਹਨ। ਜੇਕਰ ਕਿਸੇ ਸਾਲ ਇੰਨ੍ਹਾਂ ਮਾਰਾਂ ਤੋਂ ਫਸਲ ਬਚ ਵੀ ਜਾਏ ਤਾਂ ਚੰਦਰੀ ਅੱਗ ਦੀ ਲਾਟਾਂ ਯਮਦੂਤ ਬਣਕੇ ਖੇਤਾਂ ਨੂੰ ਸਾੜਕੇ ਸੁਆਹ ਕਰ ਦਿੰਦੀਆਂ ਹਨ। ਹੁਣ ਤਾਂ ਕਿਸਾਨ ਦੀ ਰੱਤ ਨਿਚੋੜਨ ਲਈ ਸੱਪਾਂ ਦੀਆਂ ਸਿਰੀਆਂ ਮਿੱਧਕੇ ਪਾਲੀਆਂ ਫਸਲਾਂ ਨੂੰ ਚੋਰ ਵੀ ਪੈਣ ਲੱਗੇ ਹਨ। ਇਹੋ ਕਾਰਨ ਹੈ ਕਿ ਕਿਸਾਨਾਂ ਨੂੰ ਮੰਡੀਆਂ ’ਚ ਪਈਆਂ ਕਣਕ ਦੀਆਂ ਢੇਰੀਆਂ ਦੀ ਰਾਖੀ ਲਈ ਰਾਤਾਂ ਜਾਗ ਕੇ ਕੱਟਣੀਆਂ ਪੈ ਰਹੀਆਂ ਹਨ। ਰਾਮਪੁਰਾ ਦੇ ਪਿੰਡ ਢੱਡੇ ਦੀ ਮੰਡੀ ’ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਕਿਸਾਨ ਨਛੱਤਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਢੱਡੇ ਦੇ ਕਣਕ ਨਾਲ ਭਰੇ ਕਰੀਬ ਇੱਕ ਦਰਜਨ ਗੱਟੇ ਚੋਰੀ ਹੋਏ ਹਨ।
ਕਿਸਾਨ ਨਛੱਤਰ ਸਿੰਘ ਮੰਡੀ ’ਚ ਆਪਣੀ ਕਣਕ ਨੂੰ ਵੇਚਣ ਲਈ ਲਿਆਇਆ ਸੀ ਤਾਂ ਇਸ ਦੌਰਾਨ ਥੱਕਿਆ ਟੁੱਟਿਆ ਇਹ ਕਿਸਾਨ ਆਪਣੀ ਕਣਕ ਦੀ ਰਾਖੀ ਕਰਦੇ ਨੂੰ ਰਾਤ ਨੂੰ ਨੀਂਦ ਆ ਗਈ। ਆਖਦੇ ਹਨ ਕਿ ਸੁੱਤਾ ਬੰਦਾ ਮੋਇਆਂ ਬਰਾਬਰ ਹੁੰਦਾ ਹੈ ਜਿਸਦਾ ਲਾਹ ਤੱਕਦਿਆਂ ਚੋਰਾਂ ਨੇ ਕਣਕ ’ਤੇ ਹੱਥ ਸਾਫ ਕਰ ਦਿੱਤਾ। ਕਿਸਾਨ ਦੀ ਇਕੱਲੀ ਕਣਕ ਹੀ ਨਹੀਂ ਜਾਂਦੀ ਬਲਕਿ ਉਸ ਦੇ ਸੁਫਨੇ ਵੀ ਚੋਰੀ ਹੁੰਦੇ ਹਨ ਜੋ ਉਹ ਫਸਲ ਵੇਚਣ ਮਗਰੋਂ ਪੂਰੇ ਕਰਨ ਬਾਰੇ ਸੋਚਦਾ ਹੈ। ਹਾਲਾਂਕਿ ਥਾਣਾ ਬਾਲਿਆਂਵਾਲੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਪਰ ਕੀ ਪਤਾ ਚੋਰੀ ਹੋਈ ਕਣਕ ਵਾਪਿਸ ਮਿਲਣ ਲਈ ਨਛੱਤਰ ਸਿੰਘ ਦੇ ‘ਨਛੱਤਰ’ ਤੇਜ ਵੀ ਹਨ ਜਾਂ ਫਿਰ ਠੰਢੇ ਹੀ ਹਨ। ਇਹ ਸਿਰਫ ਇੱਕ ਮਾਮਲਾ ਹੈ ਜੋ ਪੁਲਿਸ ਕੇਸ ਦਰਜ ਕਰਨ ਕਰਕੇ ਪਤਾ ਲੱਗਿਆ ਜਦੋਂਕਿ ਅਜਿਹੀਆਂ ਸੈਂਕੜੇ ਘਟਨਾਵਾਂ ਵਕਤ ਦੀ ਗਰਦਿਸ਼ ’ਚ ਦਫਨ ਹੋਕੇ ਰਹਿ ਜਾਂਦੀਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਤਾਂ ਪੈਲੀਆਂ ਨੂੰ ਪਈ ਹੜ੍ਹਾਂ ਅਤੇ ਬੇਰੁੱਤੇ ਮੀਂਹ ਦੀ ਮਾਰ ਨੇ ਪੇਂਡੂ ਆਰਥਿਕਤਾ ਬੁਰੀ ਤਰਾਂ ਤਬਾਹ ਕਰ ਦਿੱਤੀ ਹੈ। ਖੇਤੀ ਵਿਭਾਗ ਪੰਜਾਬ ਦੇ ਅਨੁਮਾਨ ਮੁਤਾਬਕ ਸੂਬੇ ’ਚ ਮੀਂਹ ਨਾਲ ਕਰੀਬ 1.30 ਲੱਖ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ। ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਭੇਜੀ ਰਿਪੋਰਟ ਮੁਤਾਬਕ ਪੰਜਾਬ ’ਚ ਮੀਂਹ ਕਾਰਨ 80 ਫ਼ੀਸਦੀ ਤੱਕ ਫ਼ਸਲ ਬਦਰੰਗ ਹੋਈ ਹੈ ਜਦੋਂਕਿ ਸੁੰਗੜੇ ਤੇ ਟੁੱਟੇ ਦਾਣਿਆਂ ਦਾ ਨੁਕਸਾਨ 20 ਫ਼ੀਸਦੀ ਤੱਕ ਹੈ। ਇਵੇਂ ਹੀ ਨੁਕਸਾਨੇ ਦਾਣਿਆਂ ਦੀ ਮਿਕਦਾਰ 6 ਫ਼ੀਸਦੀ ਤੱਕ ਦੱਸੀ ਜਾ ਰਹੀ ਹੈ। ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਫ਼ਸਲ ਦੇ ਅੰਬਾਰ ਲੱਗਣ ਲੱਗੇ ਹਨ। ਕਿਸਾਨਾਂ ਨੂੰ ਹੁਣ ਕੇਂਦਰ ਸਰਕਾਰ ਦੇ ਰਾਹਤ ਵਾਲੇ ਉੱਠ ਦਾ ਬੁੱਲ੍ਹ ਡਿੱਗਣ ਦੀ ਉਡੀਕ ਬਣੀ ਹੋਈ ਹੈ। ਉੱਪਰੋਂ ਸਿਆਸੀ ਲੋਕਾਂ ਦਾ ਵਤੀਰਾ ਇਹੋ ਜਿਹਾ ਹੈ ਜਿਸ ਨੇ ਦੁੱਲਾ ਜੱਟ ਦਮੋਂ ਕੱਢ ਕੇ ਰੱਖ ਦਿੱਤਾ ਹੈ।
ਮੰਡੀਆਂ ’ਚ ਦੇਖੀਏ ਤਾਂ ਇਸ ਵਾਰ ਸੱਚਮੁੱਚ ਹੀ ਜੱਟ ਦੇ ਬੋਹਲ ਰੋਂਦੇ ਨਜ਼ਰੀ ਆਉਂਦੇ ਹਨ ਜਿੰਨ੍ਹਾਂ ਨੂੰ ਸਰਕਾਰਾਂ ਚਿਮਟੇ ਨਾਲ ਵੀ ਛੂਹਣ ਨੂੰ ਤਿਆਰ ਨਹੀਂ । ਇਹ ਕੇਹਾ ਇਨਸਾਫ ਹੈ ਕਿ ਸਰਕਾਰਾਂ ਅੰਨਦਾਤਾ ਕਹਿਕੇ ਵੀ ਵਡਿਆਉਂਦੀਆਂ ਹਨ ਅਤੇ ਕਿਸਾਨਾਂ ਦੇ ਮੁੜ੍ਹਕੇ ਅਤੇ ਬੋਹਲਾਂ ਦਾ ਅਸਲ ਮੁੱਲ ਕਦੇ ਵੇਲੇ ਦੀ ਕਿਸੇ ਸਰਕਾਰ ਨੇ ਨਹੀਂ ਪਾਇਆ ਹੈ। ਫਸਲ ਦੇ ਢੇਰਾਂ ਚੋਂ ਨਸੀਬ ਫਰੋਲਣ ਵਾਲਾ ਫਿਕਰਮੰਦ ਹੋਇਆ ਪਿਆ ਹੈ। ਕਿਸਾਨ ਦੇ ਹਿੱਸੇ ਹੁਣ ਪਲ ਦੋ ਪਲ ਦੀ ਖੁਸ਼ੀ ਵੀ ਨਹੀਂ ਆਉਂਦੀ ਅਤੇ ਸਭ ਕੁੱਝ ਕਰਜਿਆਂ ਤੇ ਸ਼ਾਹੂਕਾਰਾਂ ਦੇ ਲੇਖੇ ਲੱਗ ਰਿਹਾ ਹੈ। ਦਰਜਨਾਂ ਕਿਸਾਨ ਅਜਿਹੇ ਹਨ ਜੋ ਜਦੋਂ ਮੰਡੀ ਚੋਂ ਖਾਲੀ ਹੱਥ ਘਰ ਜਾਂਦੇ ਹਨ ਤਾਂ ਪ੍ਰੀਵਾਰ ਸਮਝ ਜਾਂਦਾ ਹੈ ਕਿ ਵਹੀ ’ਤੇ ਲਕੀਰ ਨਹੀਂ ਵੱਜੀ ਹੈ। ਫਸਲਾਂ ਦੇ ਮਸਲਿਆਂ ਦਾ ਗੰਭੀਰ ਪਹਿਲੂ ਇਹ ਵੀ ਹੈ ਕਿ ਬਹੁਤੇ ਕਿਸਾਨਾਂ ਨੂੰ ਜਿਣਸ ਘਰਾਂ ਵਿੱਚ ਲਿਆਉਣੀ ਨਸੀਬ ਨਹੀਂ ਹੁੰਦੀ ਹੈ।
ਸਥਿਤੀ ਅਜਿਹੀ ਬਣ ਗਈ ਹੈ ਕਿ ਫਸਲ ਤਾਂ ਬੀਜਣ ਵਾਲੇ ਦਿਨ ਤੋਂ ਹੀ ਬੇਗਾਨੀ ਹੋ ਜਾਂਦੀ ਹੈ। ਕਿਸਾਨ ਤਾਂ ਸਿਰਫ ਫਸਲਾਂ ਪਾਲਣ ਅਤੇ ਪਹਿਰੇਦਾਰੀ ਕਰਨ ਜੋਗਾ ਹੀ ਰਹਿ ਗਿਆ ਹੈ। ਇਸ ਪੱਤਰਕਾਰ ਨੇ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਮਾਹਿਰਾਂ ਨਾਲ ਗੱਲ ਕੀਤੀ ਜਿਸ ਦਾ ਨਿਚੋੜ ਅਤੇ ਸਾਰ ਤੱਤ ਇਹ ਹੈ ਕਿ ਬਾਹਰੋਂ ਜੋ ਪੰਜਾਬ ਦਾ ਨਕਸ਼ਾ ਦਿਸਦਾ ਹੈ ਉਸ ਵਿੱਚ ਇੰਨ੍ਹਾਂ ਕਿਸਾਨਾਂ ਦੇ ਦੁੱਖ ਮਨਫੀ ਹਨ। ਮਾਹਿਰ ਇਹ ਵੀ ਮੰਨਦੇ ਹਨ ਕਿ ‘ਗਾਉਂਦਾ ਪੰਜਾਬ’ , ‘ਨੱਚਦਾ ਪੰਜਾਬ’ ਅਤੇ ‘ਖੁਸ਼ਹਾਲ ਪੰਜਾਬ’ ਦੇ ਨਾਅਰੇ ਮਸਾਂ 10 ਫੀਸਦੀ ਪੰਜਾਬ ਦੀ ਤਰਜਮਾਨੀ ਕਰਦੇ ਹਨ। ਕਿਸਾਨ ਆਗੂ ਜਸਬੀਰ ਸਿੰਘ ਬੁਰਜ ਸੇਮਾ ਆਖਦੇ ਹਨ ਉਹ ਦਿਨ ਕਿਆਮਤ ਤੋਂ ਘੱਟ ਨਹੀਂ ਜਦੋਂ ਉਮਰ ਦੇ ਆਖਰੀ ਪਹਿਰੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਹੱਥ ਅੱਡਣੇ ਪੈਣ। ਉਨ੍ਹਾਂ ਕਿਹਾ ਕਿ ਕਿਸਾਨ ਸੱਚਮੁੱਚ ਖੇਤਾਂ ਦਾ ਰਾਜਾ ਹੁੰਦਾ ਤਾਂ ਇੰਜ ਸੜਕਾਂ ਜਾਂ ਮੰਡੀਆਂ ’ਚ ਨਹੀਂ ਰੁਲਣਾ ਸੀ।
ਕੋਈ ਬਾਂਹ ਫੜਨ ਵਾਲਾ ਨਹੀਂ: ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਕਿਸਾਨੀ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਪਰ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪੀਲਾ ਸੋਨਾ ਮੰਡੀਆਂ ’ਚ ਰੁਲ ਰਿਹਾ ਹੈ ਜਿਸ ਦੀ ਫੌਰੀ ਖਰੀਦ ਸ਼ੁਰੂ ਨਾਂ ਕੀਤੀ ਤਾਂ ਜੱਥੇਬੰਦੀ ਸੰਘਰਸ਼ ਨੂੰ ਹੋਰ ਵੀ ਭਖਾਉਣ ਲਈ ਮਜਬੂਰ ਹੋਵੇਗੀ।
Click to Follow Babushahi Facebook page →