ਵਕੀਲ ਭਾਈਚਾਰੇ ਦੀ ਨਿਵੇਕਲੀ ਪਹਿਲ, ਬਾਬਾ ਸਾਹਿਬ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ “ਕਿਤਾਬਾਂ ਦਾ ਲੰਗਰ” ਲਾਇਆ
ਸੰਵਿਧਾਨ ਦੀ ਮਹਾਨਤਾ ਅਤੇ ਬਾਬਾ ਸਾਹਿਬ ਦੇ ਵਿਚਾਰ ਘਰ-ਘਰ ਪਹੁੰਚਾਉਣ ਲਈ ਕੀਤੀ ਗਈ ਵਿਲੱਖਣ ਕੋਸ਼ਿਸ਼, ਜੱਜ ਸ੍ਰੀ ਭੁਪਿੰਦਰ ਮਿੱਤਲ ਵੱਲੋਂ ਉਪਰਾਲੇ ਦੀ ਸ਼ਲਾਘਾ
ਰਵਿੰਦਰ ਸਿੰਘ
ਖੰਨਾ, 11 ਅਪ੍ਰੈਲ 2026 :
ਖੰਨਾ ਕੋਰਟ ਕੰਪਲੈਕਸ ਵਿੱਚ ਵਕੀਲ ਭਾਈਚਾਰੇ ਵੱਲੋਂ ਇੱਕ ਵਿਲੱਖਣ ਅਤੇ ਪ੍ਰੇਰਣਾਦਾਇਕ ਉਪਰਾਲਾ ਕਰਦਿਆਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ “ਕਿਤਾਬਾਂ ਦਾ ਲੰਗਰ” ਲਗਾਇਆ ਗਿਆ, ਜਿਸ ਰਾਹੀਂ ਬਾਬਾ ਸਾਹਿਬ ਦੀ ਜੀਵਨੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਨਾਲ ਜੁੜੀਆਂ ਕਿਤਾਬਾਂ ਵੰਡੀਆਂ ਗਈਆਂ।
ਇਹ ਉਪਰਾਲਾ ਸੀਨੀਅਰ ਵਕੀਲ ਜਗਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਹਿੱਸਾ ਲਿਆ। ਸਮਾਗਮ ਦਾ ਮੁੱਖ ਮਕਸਦ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਘਰ-ਘਰ ਤੱਕ ਪਹੁੰਚਾਉਣਾ ਅਤੇ ਲੋਕਾਂ ਨੂੰ ਸੰਵਿਧਾਨਿਕ ਹੱਕਾਂ ਬਾਰੇ ਜਾਗਰੂਕ ਕਰਨਾ ਸੀ।
“ਕਿਤਾਬਾਂ ਦਾ ਲੰਗਰ” ਇਸ ਸਮਾਗਮ ਦੀ ਖਾਸ ਵਿਸ਼ੇਸ਼ਤਾ ਰਹੀ, ਜਿਸ ਵਿੱਚ ਬਾਬਾ ਸਾਹਿਬ ਦੀ ਜੀਵਨੀ ਤੋਂ ਇਲਾਵਾ ਵੱਖ-ਵੱਖ ਮਹਾਨ ਸ਼ਖਸੀਅਤਾਂ ਦੀਆਂ ਕਿਤਾਬਾਂ ਵੀ ਵੰਡੀਆਂ ਗਈਆਂ। ਇਸ ਉਪਰਾਲੇ ਦਾ ਮਕਸਦ ਸਿਰਫ ਕਿਤਾਬਾਂ ਵੰਡਣਾ ਨਹੀਂ ਸੀ, ਸਗੋਂ ਲੋਕਾਂ ਨੂੰ ਪੜ੍ਹਨ ਅਤੇ ਸੋਚਣ ਲਈ ਪ੍ਰੇਰਿਤ ਕਰਨਾ ਸੀ, ਤਾਂ ਜੋ ਉਹ ਸਮਾਜ ਵਿੱਚ ਸੱਚਾਈ, ਬਰਾਬਰੀ ਅਤੇ ਨਿਆਂ ਦੇ ਮੁੱਲਾਂ ਨੂੰ ਅਪਣਾਉਣ।
ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਕਿਹਾ ਕਿ ਬਾਬਾ ਸਾਹਿਬ ਦੀ ਦੇਣ ਬੇਮਿਸਾਲ ਹੈ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਅੱਜ ਦੁਨੀਆ ਦੇ ਸਭ ਤੋਂ ਮਜ਼ਬੂਤ ਸੰਵਿਧਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਨੇ ਹਰ ਵਰਗ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਜੀਵਨੀ ਨੂੰ ਪੜ੍ਹਨਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ।
ਇਸ ਮੌਕੇ ਜੱਜ ਸ੍ਰੀ ਭੁਪਿੰਦਰ ਮਿੱਤਲ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਵਕੀਲ ਭਾਈਚਾਰੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਦਿੰਦੇ ਹਨ।
Click to Follow Babushahi Facebook page →