ਵਿਸ਼ਵ ਆਟੀਜ਼ਮ ਦਿਵਸ: ਮੋਹਾਲੀ ਦਾ 'ਸੈਂਟਰ ਆਫ਼ ਐਕਸੀਲੈਂਸ' ਬਣੇਗਾ ਆਧੁਨਿਕ ਸਹੂਲਤਾਂ ਦਾ ਗੜ੍ਹ, ਸਿਹਤ ਮੰਤਰੀ ਨੇ ਕੀਤਾ ਐਲਾਨ
ਪੰਜਾਬ ਵੱਲੋਂ ਆਟੀਜ਼ਮ ਅਤੇ ਨਿਊਰੋ ਡਿਵੈਲਪਮੈਂਟਲ ਦੇਖਭਾਲ ਪ੍ਰਤੀ ਵਚਨਬੱਧਤਾ ਤਹਿਤ ਮੋਹਾਲੀ ਵਿੱਚ ਸੈਂਟਰ ਆਫ਼ ਐਕਸੀਲੈਂਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਮੁੱਖ ਮੰਤਰੀ ਸਿਹਤ ਯੋਜਨਾ ਮਹਿੰਗੇ ਇਲਾਜ ਦਾ ਪ੍ਰਭਾਵਸ਼ਾਲੀ ਬਦਲ
ਵਿਸ਼ਵ ਆਟੀਜ਼ਮ ਦਿਵਸ ਮੌਕੇ ਮੋਹਾਲੀ ਵਿਖੇ ਸੈਂਟਰ ਆਫ ਐਕਸੀਲੈਂਸ ਦਾ ਦੌਰਾ
ਐਸ.ਏ.ਐਸ. ਨਗਰ, 2 ਅਪ੍ਰੈਲ:
ਬੱਚਿਆਂ ਦੇ ਵਿਕਾਸ ਅਤੇ ਆਟੀਜ਼ਮ ਸਮੇਤ ਨਿਊਰੋ ਡਿਵੈਲਪਮੈਂਟਲ ਬਿਮਾਰੀਆਂ ਦੀ ਦੇਖਭਾਲ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਸਭ ਲਈ ਸੌਖੀ ਅਤੇ ਵਿਸਤ੍ਰਿਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਮੋਹਾਲੀ ਵਿਖੇ ਸਥਿਤ ਆਟੀਜ਼ਮ ਅਤੇ ਨਿਊਰੋ ਡਿਵੈਲਪਮੈਂਟਲ ਡਿਸਆਰਡਰਜ਼ ਲਈ ਸੈਂਟਰ ਆਫ ਐਕਸੀਲੈਂਸ ਨੂੰ ਪੂਰਾ ਸਮਰਥਨ ਦੇ ਰਹੀ ਹੈ ਤਾਂ ਜੋ ਇਹ ਭਵਿੱਖ ਵਿੱਚ ਹੋਰ ਮਜ਼ਬੂਤੀ ਨਾਲ ਉਭਰ ਸਕੇ।
ਇਹ ਸੈਂਟਰ 2025 ਵਿੱਚ ਡਾ. ਬਲਬੀਰ ਸਿੰਘ ਵੱਲੋਂ ਸੀਨੀਅਰ ਅਧਿਕਾਰੀਆਂ, ਸਿਹਤ ਮਾਹਿਰਾਂ ਅਤੇ ਮਾਹਿਰਾਂ ਦੀ ਹਾਜ਼ਰੀ ਵਿੱਚ ਰਸਮੀ ਤੌਰ ’ਤੇ ਸ਼ੁਰੂ ਕੀਤਾ ਗਿਆ ਸੀ ਅਤੇ ਆਟੀਜ਼ਮ ਸਪੈਕਟ੍ਰਮ ਡਿਸਆਰਡਰ ਅਤੇ ਹੋਰ ਨਿਊਰੋ ਡਿਵੈਲਪਮੈਂਟਲ ਹਾਲਤਾਂ ਨਾਲ ਪ੍ਰਭਾਵਿਤ ਬੱਚਿਆਂ ਅਤੇ ਬਾਲਗਾਂ ਲਈ ਇਹ ਇੱਕ ਮਹੱਤਵਪੂਰਨ ਉਪਰਾਲਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਬੱਚੇ ਇਨ੍ਹਾਂ ਬਿਮਾਰੀਆਂ ਨਾਲ ਪ੍ਰਭਾਵਿਤ ਹਨ, ਪਰ ਸ਼ੁਰੂਆਤੀ ਪਛਾਣ, ਨਿਦਾਨ ਅਤੇ ਇਲਾਜ ਦੀਆਂ ਸਹੂਲਤਾਂ ਹਾਲੇ ਵੀ ਸੀਮਿਤ ਹਨ। ਇਹ ਸੈਂਟਰ ਸੂਬਾ ਪੱਧਰ ’ਤੇ ਇਕ ਸੁਚਾਰੂ ਸੇਵਾ ਮਾਡਲ ਤਿਆਰ ਕਰੇਗਾ, ਜਿਸ ਨਾਲ ਸਮੇਂ ਸਿਰ ਨਿਦਾਨ, ਵਿਗਿਆਨਕ ਅਧਾਰਿਤ ਇਲਾਜ ਅਤੇ ਲੰਬੇ ਸਮੇਂ ਦੀ ਸਹਾਇਤਾ, ਜਿਸ ਵਿੱਚ ਵੋਕੇਸ਼ਨਲ ਟ੍ਰੇਨਿੰਗ ਅਤੇ ਕਰੀਅਰ ਗਾਈਡੈਂਸ ਵੀ ਸ਼ਾਮਲ ਹਨ, ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਨੇ ਪਹਿਲੇ ਪੰਜ ਸਾਲਾਂ ਵਿੱਚ ਬੱਚਿਆਂ ਦੀ ਸ਼ੁਰੂਆਤੀ ਪਛਾਣ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਤਜਰਬੇਕਾਰ ਮਾਹਿਰਾਂ ਦੀ ਘਾਟ ਇੱਕ ਵੱਡੀ ਚੁਣੌਤੀ ਰਹੀ ਹੈ, ਜਿਸਨੂੰ ਹੁਣ ਲੋੜੀਂਦੇ ਸਟਾਫ ਦੀ ਤਾਇਨਾਤੀ ਰਾਹੀਂ ਦੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕਈ ਬੱਚੇ ਅਜੇ ਵੀ ਨਿਦਾਨ ਤੋਂ ਬਾਹਰ ਹਨ, ਜਿਸ ਕਾਰਨ ਸ਼ੁਰੂਆਤੀ ਇਲਾਜ ਦਾ ਮੌਕਾ ਹੱਥੋਂ ਨਿਕਲ ਜਾਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਇਹ ਸੈਂਟਰ ਇਕ ਹੀ ਛੱਤ ਹੇਠ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰੇਗਾ, ਜਿਵੇਂ ਨਿਊਰੋ ਡਿਵੈਲਪਮੈਂਟਲ ਪੀਡੀਐਟ੍ਰਿਕਸ, ਚਾਈਲਡ ਐਂਡ ਐਡੋਲੈਸੈਂਟ ਸਾਇਕਿਆਟਰੀ, ਮਾਨਸਿਕ ਸੇਵਾਵਾਂ, ਵਿਸ਼ੇਸ਼ ਸਿੱਖਿਆ, ਸਪੀਚ ਅਤੇ ਲੈਂਗਵੇਜ ਥੈਰਪੀ, ਆਡੀਓਲੋਜੀ, ਆਕਿਊਪੇਸ਼ਨਲ ਥੈਰਪੀ, ਫਿਜਿਓਥੈਰਪੀ, ਡੈਂਟਲ ਸੇਵਾਵਾਂ ਅਤੇ ਖ਼ਾਸ ਕਲਿਨਿਕ ਜਿਵੇਂ ਈ ਐਨ ਟੀ, ਨੇਤ੍ਰ ਚਿਕਿਤਸਾ ਅਤੇ ਔਰਥੋਪੀਡਿਕਸ।
ਇਸ ਤੋਂ ਇਲਾਵਾ ਸੈਂਟਰ ਵੱਲੋਂ ਸ਼ੁਰੂਆਤੀ ਸਕ੍ਰੀਨਿੰਗ ਅਤੇ ਨਿਦਾਨ, ਸਕੂਲ ਤਿਆਰੀ ਅਤੇ ਇਨਕਲੂਜ਼ਨ ਸਹਾਇਤਾ, ਵੋਕੇਸ਼ਨਲ ਟ੍ਰੇਨਿੰਗ, ਕਰੀਅਰ ਗਾਈਡੈਂਸ, ਮਾਪਿਆਂ ਦੀ ਟ੍ਰੇਨਿੰਗ ਅਤੇ ਮੈਡੀਕਲ ਪੇਸ਼ੇਵਰਾਂ ਲਈ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਵੀ ਮੁਹੱਈਆ ਕਰਵਾਏ ਜਾਣਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਸਿਰਫ਼ ਇਲਾਜ ਤੱਕ ਸੀਮਿਤ ਨਹੀਂ, ਸਗੋਂ ਇੱਕ ਪੂਰਾ ਕੇਅਰ ਸਿਸਟਮ ਤਿਆਰ ਕਰਨ ਵੱਲ ਕਦਮ ਹੈ। ਇਹ ਯੋਜਨਾ ਵਿਸ਼ਵ ਸਿਹਤ ਸੰਗਠਨ ਮੁੜ ਵਸੇਬਾ ਟੀਚਾ 2030 ਅਤੇ ਸਸਟੇਨੇਬਲ ਡਿਵੈਲਪਮੈਂਟ ਗੋਲ (ਐਸ ਡੀ ਜੀ 3 ਅਤੇ 3.8) ਦੇ ਅਨੁਕੂਲ ਹੈ, ਜਿਸਦਾ ਮੰਤਵ ਸਭ ਲਈ ਸਿਹਤ ਸੇਵਾਵਾਂ ਅਤੇ “ਕਿਸੇ ਨੂੰ ਵੀ ਪਿੱਛੇ ਨਾ ਛੱਡਣਾ” ਹੈ।
ਇਸ ਮੌਕੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਭਵਿੱਖ ਸੰਬੰਧੀ ਚਿੰਤਾਵਾਂ ਜ਼ਾਹਰ ਕੀਤੀਆਂ ਅਤੇ ਆਸ ਜਤਾਈ ਕਿ ਇਹ ਸੈਂਟਰ ਉਨ੍ਹਾਂ ਲਈ ਇੱਕ ਵੱਡਾ ਸਹਾਰਾ ਸਾਬਤ ਹੋਵੇਗਾ।
ਡਾ. ਬਲਬੀਰ ਸਿੰਘ ਨੇ ਆਟੀਜ਼ਮ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਵੈਬਸਾਈਟ ਵੀ ਲਾਂਚ ਕੀਤੀ।
ਇਸ ਮੌਕੇ ਮੋਹਾਲੀ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ, ਡਾ. ਨਵਦੀਪ ਸੈਣੀ (ਡਾਇਰੈਕਟਰ-ਪ੍ਰਿੰਸੀਪਲ, ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਮੋਹਾਲੀ), ਡਾ. ਗੁਰਪ੍ਰੀਤ ਸਿੰਘ ਅਤੇ ਡਾ. ਭਗਵੰਤ ਸਿੰਘ ਸਮੇਤ ਹੋਰ ਵੀ ਮੌਜੂਦ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਵਿਕਾਸੀ ਸਮੱਸਿਆਵਾਂ ਦਾ ਸਮੇਂ ਸਿਰ ਇਲਾਜ ਸੰਭਵ ਹੈ ਅਤੇ ਸਰਕਾਰ ਵੱਖ-ਵੱਖ ਖੇਤਰਾਂ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਆਰੀ ਸਾਇੰਸਿਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਇਹ ਸੈਂਟਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਮਹਿੰਗੇ ਪ੍ਰਾਈਵੇਟ ਸਿਹਤ ਬੀਮਾ ਦਾ ਇੱਕ ਵਧੀਆ ਬਦਲ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਹੱਬ-ਐਂਡ-ਸਪੋਕ ਮਾਡਲ ਰਾਹੀਂ ਦਿਲ ਦੇ ਐਮਰਜੈਂਸੀ ਕੇਸਾਂ ਦਾ ਇਲਾਜ ਮਜ਼ਬੂਤ ਹੋ ਰਿਹਾ ਹੈ, ਜਦਕਿ ਆਮ ਆਦਮੀ ਕਲਿਨਿਕ ਵੀ ਬਿਹਤਰ ਸਿਹਤ ਸੇਵਾਵਾਂ ਦੇ ਰਹੇ ਹਨ।
ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਸੰਵੇਦਨਸ਼ੀਲ, ਹਰ ਇੱਕ ਦੀ ਪਹੁੰਚ ਵਾਲੀ ਅਤੇ ਵਿਗਿਆਨਕ ਤੌਰ ’ਤੇ ਮਜ਼ਬੂਤ ਸਿਹਤ ਪ੍ਰਣਾਲੀ ਤਿਆਰ ਕਰਨ ਵੱਲ ਲਗਾਤਾਰ ਅੱਗੇ ਵੱਧ ਰਹੀ ਹੈ।
Click to Follow Babushahi Facebook page →