ਮਾਨਸਾ ਦਾ ਸਰਸ ਮੇਲਾ ਵੱਖ-ਵੱਖ ਸੂਬਿਆਂ ਦੇ ਹੁਨਰਮੰਦ ਕਾਰੀਗਰਾਂ ਲਈ ਬਣਿਆ ਵਰਦਾਨ
ਪੱਛਮੀ ਬੰਗਾਲ ਦੀ ਅਮੀਰ ਕਲਾ ਅਤੇ ਸੱਭਿਆਚਾਰ ਦੀ ਝਲਕ ਪੇਸ਼ ਕਰ ਰਹੇ ਹਨ ਹੱਥੀਂ ਤਿਆਰ ਉਤਪਾਦ
ਅਸ਼ੋਕ ਵਰਮਾ
ਮਾਨਸਾ, 20 ਮਾਰਚ 2026: ਮਾਨਸਾ ਪ੍ਰਸ਼ਾਸਨ ਵੱਲੋਂ ਅਨਾਜ ਮੰਡੀ ਵਿਖੇ ਲਗਾਇਆ ਗਿਆ 'ਸਰਸ ਮੇਲਾ' ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਹੁਨਰਮੰਦ ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਲਈ ਆਰਥਿਕ ਮਜ਼ਬੂਤੀ ਦਾ ਵੱਡਾ ਜ਼ਰੀਆ ਬਣ ਰਿਹਾ ਹੈ। ਇਸ ਮੇਲੇ ਵਿੱਚ ਪੱਛਮੀ ਬੰਗਾਲ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ‘ਅੰਨਪੂਰਣਾ ਕਲੱਬ’ ਸਵੈ-ਸਹਾਇਤਾ ਸਮੂਹ ਦੇ ਹੱਥੀਂ ਤਿਆਰ ਉਤਪਾਦ ਕਲਾ ਪ੍ਰੇਮੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ।ਪੱਛਮੀ ਬੰਗਾਲ ਦੇ ਇਸ ਸਮੂਹ ਵੱਲੋਂ ਧਾਗੇ ਦੀ ਬਾਰੀਕੀ ਨਾਲ ਤਿਆਰ ਕੀਤੇ ਗਏ ਵੱਖ-ਵੱਖ ਕਲਾਤਮਕ ਉਤਪਾਦ ਜਿਵੇਂ ਕਿ ਗਹਿਣੇ, ਸੂਟ ਆਦਿ ਨੂੰ ਲੋਕਾਂ ਵੱਲੋਂ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਮੇਲੇ ਦੇ ਕੁਝ ਹੀ ਦਿਨਾਂ ਵਿੱਚ ਇਸ ਕਲੱਬ ਨੇ ਇੱਕ ਲੱਖ ਰੁਪਏ ਤੋਂ ਵੱਧ ਦੀ ਵਿਕਰੀ ਕਰ ਲਈ ਹੈ।
ਸਵੈ ਸਹਾਇਤਾ ਸਮੂਹ ਦੀ ਮੈਂਬਰ ਲੁਤਫਾ ਸ਼ੇਖ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਥੇ ਆਉਣ ਵਾਲੇ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਹੁੰਗਾਰਾ ਉਨ੍ਹਾਂ ਦੀ ਉਮੀਦ ਤੋਂ ਕਿਤੇ ਵੱਧ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹੋ ਰਹੀ ਵਧੀਆ ਆਮਦਨ ਸਦਕਾ ਉਨ੍ਹਾਂ ਦੇ ਸਮੂਹ ਦਾ ਉਤਸ਼ਾਹ ਵਧਿਆ ਹੈ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਸਰਸ ਮੇਲੇ ਦਾ ਮੁੱਖ ਉਦੇਸ਼ ਹੀ ਵੱਖ-ਵੱਖ ਰਾਜਾਂ ਦੇ ਕਾਰੀਗਰਾਂ ਨੂੰ ਇੱਕ ਅਜਿਹਾ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ, ਜਿੱਥੇ ਉਹ ਆਪਣੇ ਹੱਥੀਂ ਤਿਆਰ ਸਾਮਾਨ ਨੂੰ ਸਿੱਧਾ ਗਾਹਕਾਂ ਤੱਕ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਇਸ ਸਮੂਹ ਦੀ ਸਫਲਤਾ ਇਹ ਸਾਬਤ ਕਰਦੀ ਹੈ ਕਿ ਜੇਕਰ ਕਲਾ ਨੂੰ ਸਹੀ ਮੰਚ ਮਿਲੇ ਤਾਂ ਦੂਰੀਆਂ ਮਾਇਨੇ ਨਹੀਂ ਰੱਖਦੀਆਂ।
ਮੇਲੇ ਵਿੱਚ ਆਉਣ ਵਾਲੇ ਖਰੀਦਦਾਰਾਂ ਦਾ ਕਹਿਣਾ ਹੈ ਕਿ ਧਾਗੇ ਨਾਲ ਬਣੇ ਇਹ ਉਤਪਾਦ ਨਾ ਸਿਰਫ ਸੁੰਦਰ ਹਨ, ਸਗੋਂ ਇਨ੍ਹਾਂ ਵਿੱਚ ਪੱਛਮੀ ਬੰਗਾਲ ਦੀ ਅਮੀਰ ਕਲਾ ਅਤੇ ਸੱਭਿਆਚਾਰ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਇਸ ਮੇਲੇ ਨੇ ਜਿੱਥੇ ਮਾਨਸਾ ਵਾਸੀਆਂ ਨੂੰ ਦੇਸ਼ ਦੇ ਵਿਭਿੰਨ ਕੋਨਿਆਂ ਦੀ ਕਲਾ ਨਾਲ ਜੋੜਿਆ ਹੈ, ਉੱਥੇ ਹੀ ਸਵੈ-ਸਹਾਇਤਾ ਸਮੂਹਾਂ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਦਿੱਤਾ ਹੈ।
Click to Follow Babushahi Facebook page →