ਮਨੁੱਖ ਤੇ ਮਨੁੱਖਤਾ ਵਿਰੁੱਧ : ਯੁੱਧ - ਗੁਰਮੀਤ ਸਿੰਘ ਪਲਾਹੀ
ਦੂਜੇ ਸੰਸਾਰ ਮਹਾਂਯੁੱਧ ਸਮੇਂ ਅਮਰੀਕਾ ਦੇ ਮਸ਼ਹੂਰ ਸੈਨਿਕ ਜਨਰਲ ਡਵਾਈਟ ਡੀ. ਆਇਜ਼ਨਹਾਵਰ, ਜੋ ਬਾਅਦ ਵਿੱਚ ਅਮਰੀਕਾ ਦੇ 34ਵੇਂ ਰਾਸ਼ਟਰਪਤੀ ਵੀ ਬਣੇ, ਨੇ ਕਿਹਾ ਸੀ ਕਿ ਯੁੱਧ ਅੱਤਿਆਚਾਰੀ, ਬੇਅਰਥ ਅਤੇ ਬੇਵਕੂਫ਼ੀ ਭਰਿਆ ਹੁੰਦਾ ਹੈ। ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਦੇ ਵਿਰੁੱਧ 28 ਫਰਵਰੀ 2026 ਨੂੰ ਬਿਨਾਂ ਸੋਚੇ ਸਮਝੇ ਯੁੱਧ ਸ਼ੁਰੂ ਕੀਤਾ ਗਿਆ ਹੈ। ਇਸ ਯੁੱਧ ਦੇ ਨਤੀਜੇ ਦੁਨੀਆਂ ਨੂੰ ਲੰਮੇ ਸਮੇਂ ਤੱਕ ਭੁਗਤਣੇ ਪੈਣਗੇ।
ਦੋ ਹਫ਼ਤਿਆਂ ਦੇ ਇਸ ਭਿਆਨਕ ਯੁੱਧ ਵਿੱਚ ਇਰਾਨ ਤਬਾਹ ਹੋਇਆ ਲੱਗਦਾ ਹੈ, ਪਰ ਕੀ ਇਰਾਨ ਯੁੱਧ ਹਾਰ ਗਿਆ ਹੈ? ਯੁੱਧ ਦੇ ਪਹਿਲੇ ਦਿਨ ਹੀ ਇਰਾਨ ਦਾ ਪ੍ਰਮੁੱਖ ਆਯਤੁੱਲਾ ਅਲੀ ਖਾਮਨੇਈ ਸਮੇਤ ਉਸਦੇ ਕਈ ਉੱਚ ਕੋਟੀ ਦੇ ਸਾਥੀ ਸਮੇਤ ਮਾਰਿਆ ਗਿਆ। ਪਰ ਵੱਡੀ ਤੇਜ਼ੀ ਨਾਲ ਇਰਾਨ ਨੇ ਆਪਣਾ ਨਵਾਂ ਨੇਤਾ ਚੁਣ ਲਿਆ। ਹੁਣ ਤੱਕ ਹਜ਼ਾਰਾਂ ਇਰਾਨੀ ਮਾਰੇ ਗਏ ਹਨ ਅਤੇ ਦਸ ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ ਹਨ।
ਇੱਕ ਅਮਰੀਕੀ ਟੋਮਾਹਾਕ ਮਿਸਾਈਲ ਇੱਕ ਇਰਾਨੀ ਸਕੂਲ ਉੱਤੇ ਡਿੱਗੀ, ਜਿਸ ਵਿੱਚ 168 ਬੱਚੇ ਅਤੇ 14 ਅਧਿਆਪਕ ਮਾਰੇ ਗਏ। ਆਖ਼ਿਰ ਉਹਨਾਂ ਦਾ ਕੀ ਕਸੂਰ ਸੀ?
ਇਜ਼ਰਾਇਲ ਨੇ ਅਮਰੀਕਾ ਨੂੰ ਉਕਸਾਇਆ ਕਿ ਇਰਾਨ ਨੇ ਵੱਡੀ ਮਾਤਰਾ ਵਿੱਚ ਯੂਰੇਨੀਅਮ ਇਕੱਠਾ ਕਰ ਲਿਆ ਹੈ ਅਤੇ ਉਸਨੇ ਪਰਮਾਣੂ ਹਥਿਆਰਾਂ ਦੇ ਨਿਰਮਾਣ ਨੂੰ ਲਗਭਗ ਪੂਰਾ ਕਰ ਲਿਆ ਹੈ।
ਇਸ ਸਬੰਧ ਵਿੱਚ ਕਤਰ ਦੇਸ਼ ਨੇ ਗੱਲਬਾਤ ਲਈ ਭੂਮਿਕਾ ਨਿਭਾਉਣ ਦਾ ਯਤਨ ਕੀਤਾ। ਓਮਾਨ ਦੇ ਵਿਦੇਸ਼ ਮੰਤਰੀ ਨੇ ਵਾਸ਼ਿੰਗਟਨ ਪਹੁੰਚ ਕੇ ਇਰਾਨ ਦਾ ਇਹ ਵਾਇਦਾ ਅਮਰੀਕਾ ਦੇ ਰਾਸ਼ਟਰਪਤੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਇਰਾਨ ਯੂਰੇਨੀਅਮ ਦਾ ਕੋਈ ਭੰਡਾਰਨ ਨਾ ਰੱਖਣ ਲਈ ਸਹਿਮਤ ਹੋ ਗਿਆ ਹੈ ਅਤੇ ਉਸਨੇ ਕਦੇ ਵੀ ਪਰਮਾਣੂ ਹਥਿਆਰ ਨਾ ਰੱਖਣ ਦੀ ਕਸਮ ਖਾਧੀ ਹੈ। ਪਰ ਇਸ ਵਾਇਦੇ ਨੂੰ ਦਰਕਿਨਾਰ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਗੱਲਬਾਤ ਖ਼ਤਮ ਕਰ ਦਿੱਤੀ ਅਤੇ ਇਰਾਨ ਉੱਤੇ ਹਮਲੇ ਦਾ ਹੁਕਮ ਚਾੜ੍ਹ ਦਿੱਤਾ। ਕੀ ਇਹ ਜਾਇਜ਼ ਹੈ?
ਅਮਰੀਕਾ, ਇਜ਼ਰਾਇਲ ਅਤੇ ਇਰਾਨ ਦੇ ਦਰਮਿਆਨ ਚੱਲ ਰਹੇ ਇਸ ਯੁੱਧ ਦੇ ਪਿੱਛੇ ਸਿਰਫ਼ ਪਰਮਾਣੂ ਹਥਿਆਰ ਰੱਖਣ ਦੀ ਗੱਲ ਹੀ ਨਹੀਂ ਹੈ, ਸਗੋਂ ਨਸਲੀ ਅਤੇ ਧਾਰਮਿਕ ਭਾਵਨਾਵਾਂ ਵੀ ਕੰਮ ਕਰ ਰਹੀਆਂ ਹਨ। ਇਜ਼ਰਾਇਲ ਇੱਕ ਸਾਮਰਾਜਵਾਦੀ ਦੇਸ਼ ਦੇ ਰੂਪ ਵਿੱਚ ਦੁਨੀਆ ਸਾਹਮਣੇ ਆਇਆ ਹੈ। ਇਸ ਵੇਲੇ ਅਮਰੀਕਾ ਉਹਨਾਂ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ, ਜਿਨ੍ਹਾਂ ਉੱਤੇ ਉਸ ਦੀ ਨੀਂਹ ਰੱਖੀ ਗਈ ਸੀ, ਇਜ਼ਰਾਇਲ ਨਾਲ ਰਲ ਕੇ ਵਿਸਥਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪੈ ਗਿਆ ਹੈ। ਦੁਨੀਆ ਭਰ ਵਿੱਚ ਹਥਿਆਰਾਂ ਦਾ ਵੱਡਾ ਵਪਾਰੀ ਅਤੇ ਹੈਂਕੜਬਾਜ਼ ਥਾਣੇਦਾਰ ਵਜੋਂ ਵੀ ਉਸਦੀ ਵੱਡੀ ਭੂਮਿਕਾ ਹੈ।
ਪਰ ਸਵਾਲ ਇਹ ਹੈ ਕਿ ਅਮਰੀਕਾ ਨੇ ਵੀਅਤਨਾਮ ਨਾਲ ਯੁੱਧ ਲੜ ਕੇ ਕੀ ਪ੍ਰਾਪਤ ਕੀਤਾ ਸੀ? ਉੱਥੇ ਲੰਮਾ ਯੁੱਧ ਚੱਲਿਆ ਅਤੇ ਅਖ਼ੀਰ ਅਮਰੀਕਾ ਨੂੰ ਵੀਅਤਨਾਮ ਦੇ ਲੋਕਾਂ ਦੇ ਦ੍ਰਿੜ ਵਿਸ਼ਵਾਸ ਕਾਰਨ ਉੱਥੋਂ ਵਾਪਸ ਮੁੜਨਾ ਪਿਆ। ਰੂਸ ਨੇ ਚਾਰ ਸਾਲ ਪਹਿਲਾਂ ਯੂਕਰੇਨ ਉੱਤੇ ਹਮਲਾ ਕੀਤਾ, ਪਰ ਉਹ ਹੁਣ ਤੱਕ ਯੁੱਧ ਜਿੱਤ ਨਹੀਂ ਸਕਿਆ। ਇਸ ਦੌਰਾਨ ਰੂਸ ਉੱਤੇ ਕਰਜ਼ੇ ਦਾ ਬੋਝ ਵਧਿਆ, ਤੇਲ ਤੋਂ ਹੋਣ ਵਾਲੀ ਕਮਾਈ ਘੱਟ ਗਈ ਹੈ ਅਤੇ ਰੂਸੀ ਸੈਨਿਕਾਂ ਨੂੰ ਹੁਣ ਕਿਰਾਏ ਦੇ ਵਿਦੇਸ਼ੀ ਸੈਨਿਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਇਰਾਨ ਨਾਲ ਅਮਰੀਕੀ ਯੁੱਧ ਵੀ ਉਦੋਂ ਤੱਕ ਚੱਲੇਗਾ ਜਿੰਨਾ ਚਿਰ ਤੱਕ ਅਮਰੀਕੀ ਮਸ਼ੀਨਾਂ ਕੰਮ ਕਰ ਰਹੀਆਂ ਹਨ। ਜਦ ਤੱਕ ਮਸ਼ੀਨਾਂ ਦੀ ਪੂਰਤੀ ਹੁੰਦੀ ਰਹੇਗੀ, ਅਮਰੀਕਾ ਆਪਣੀ ਜੰਗ ਜਾਰੀ ਰੱਖ ਸਕਦਾ ਹੈ। ਪਰ ਇਸ ਨਾਲ ਉਹ ਕਿਹੜੇ ਨਿਸ਼ਾਨੇ ਦੀ ਪੂਰਤੀ ਕਰ ਸਕੇਗਾ? ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਦੇਸ਼ ਯੁੱਧ ਸ਼ੁਰੂ ਕਰਦਾ ਹੈ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸਨੇ ਯੁੱਧ ਕਦੋਂ ਰੋਕਣਾ ਹੈ। ਇੱਕ ਗੱਲ ਜੋ ਸੋਲ੍ਹਾਂ ਆਨੇ ਸੱਚ ਹੈ-ਯੁੱਧ ਵਿੱਚ ਮਨੁੱਖਤਾ ਨੂੰ ਵੱਡੀ ਕੀਮਤ ਤਾਰਨੀ ਪੈਂਦੀ ਹੈ। ਇਸ ਕੀਮਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।
ਅਸਲ ’ਚ ਇਹ ਯੁੱਧ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੈਂਕੜਬਾਜ਼ ਸੋਚ ਦਾ ਨਤੀਜਾ ਹੈ। ਜੇਕਰ ਸੋਚਿਆ ਜਾਵੇ ਤਾਂ ਅਮਰੀਕਾ ਦੇ ਕੋਲ ਇਹ ਤੈਅ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਕਿ ਕਿਸ ਦੇਸ਼ ਕੋਲ ਪਰਮਾਣੂ ਹਥਿਆਰ ਹੋਣ ਚਾਹੀਦੇ ਹਨ ਅਤੇ ਕਿਸ ਕੋਲ ਨਹੀਂ? ਸਵਾਲ ਇਹ ਵੀ ਉੱਠਦਾ ਹੈ ਕਿ ਕੀ ਅਮਰੀਕਾ ਭਾਰਤ, ਪਾਕਿਸਤਾਨ ਜਾਂ ਉੱਤਰੀ ਕੋਰੀਆ ਦੀ ਪਰਮਾਣੂ ਸਮਰੱਥਾ ਵਿੱਚ ਵੀ ਦਖ਼ਲ ਦੇ ਕੇ ਉਹਨਾਂ ਨੂੰ ਤਬਾਹ ਕਰਨ ਦਾ ਫ਼ੈਸਲਾ ਕਰੇਗਾ? ਜੇਕਰ ਐਸਾ ਹੋਇਆ ਤਾਂ ਇਸ ਦਾ ਸਿੱਟਾ ਕੀ ਨਿਕਲੇਗਾ?
ਜਿਸ ਖ਼ਤਰਨਾਕ ਸਥਿਤੀ ਵਿੱਚ ਅੱਜ ਦੁਨੀਆ ਇਸ ਜੰਗ ਕਾਰਨ ਫਸ ਚੁੱਕੀ ਹੈ, ਉਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਜਾਪਦਾ ਹੈ। ਟਰੰਪ ਦੀ ਮਨਮਾਨੀ ਕਾਰਨ ਪੈਦਾ ਹੋਏ ਇਸ ਟਕਰਾਅ ਦੇ ਸਿੱਟੇ ਵਜੋਂ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਅਮਰੀਕਾ ਵਿੱਚ ਮਹਿੰਗਾਈ ਵਧ ਗਈ ਹੈ। ਭਾਰਤ ਵਿੱਚ ਗੈਸ ਸਿਲੰਡਰਾਂ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ ਅਤੇ ਉਹਨਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇੱਥੋਂ ਤੱਕ ਕਿ ਸ਼ੇਅਰ ਬਾਜ਼ਾਰ ਵੀ ਡਿੱਗਦਾ ਨਜ਼ਰ ਆ ਰਿਹਾ ਹੈ।
ਇੱਕ ਅੰਦਾਜ਼ੇ ਮੁਤਾਬਕ ਇਸ ਯੁੱਧ ਉੱਤੇ ਹਰ ਦਿਨ ਅਰਬਾਂ ਡਾਲਰ ਖ਼ਰਚ ਹੋ ਰਹੇ ਹਨ। ਵਾਤਾਵਰਣ ਜਿਸ ਢੰਗ ਨਾਲ ਦੂਸ਼ਿਤ ਹੋ ਰਿਹਾ ਹੈ, ਉਸਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਹਵਾਈ ਸਫ਼ਰ ਮਹਿੰਗਾ ਹੋ ਚੁੱਕਾ ਹੈ ਅਤੇ ਪੂਰੀ ਦੁਨੀਆ ਦਹਿਸ਼ਤ ਦੇ ਮਾਹੌਲ ਵਿੱਚ ਜਿਊ ਰਹੀ ਹੈ ਅਤੇ ਜੰਗ ਦੇ ਖਿਡਾਰੀ ਆਪਣੇ ਹਥਿਆਰ ਵੇਚ ਕੇ ਨਫ਼ਾ ਕਮਾ ਰਹੇ ਹਨ। ਪਰ ਇਹ ਕਦੋਂ ਤੱਕ ਸੰਭਵ ਹੈ?
ਵੈਨਜ਼ੁਏਲਾ ਵਿੱਚ ਉਥੋਂ ਦੇ ਰਾਸ਼ਟਰਪਤੀ ਨੂੰ ਹਟਾਉਣ ਤੋਂ ਬਾਅਦ ਉਸਦੇ ਪੈਰ ਧਰਤੀ ਤੋਂ ਉੱਪਰ ਉੱਠੇ ਨਜ਼ਰ ਆਉਂਦੇ ਹਨ। ਟਰੰਪ ਨੇ ਸੋਚਿਆ ਤਾਂ ਇਹ ਸੀ ਕਿ ਇਰਾਨ ਦੇ ਖਾਮੀਨੀ ਨੂੰ ਮਾਰਨ ਤੋਂ ਬਾਅਦ ਇਰਾਨ ਗੋਡਿਆਂ ਭਾਰ ਹੋ ਜਾਏਗਾ, ਲਿਫ਼ ਜਾਏਗਾ,ਢਹਿ ਜਾਏਗਾ। ਪਰ ਇਰਾਨ ਨੇ ਜਿਸ ਢੰਗ ਨਾਲ ਅਮਰੀਕਾ-ਇਜ਼ਰਾਇਲ ਸੈਨਾ ਦਾ ਮੁਕਾਬਲਾ ਕੀਤਾ ਹੈ, ਉਸ ਤੋਂ ਇੰਝ ਲੱਗਦਾ ਹੈ ਕਿ ਟਰੰਪ ਇਸ ਨਵੇਂ ਯੁੱਧ ਦੀ ਦਲਦਲ ਵਿੱਚ ਫਸ ਗਏ ਹਨ, ਜਿੱਥੋਂ ਲੰਮਾ ਸਮਾਂ ਸ਼ਾਇਦ ਉਹ ਨਿਕਲ ਹੀ ਨਾ ਸਕਣ।
ਪੰਦਰਾਂ ਦਿਨਾਂ ਦੇ ਯੁੱਧ ਤੋਂ ਬਾਅਦ ਟਰੰਪ ਦੇ ਆਪਣੇ ਨਿਸ਼ਾਨੇ ਵਿੱਚ ਬਦਲਾਅ ਆ ਗਿਆ ਹੈ। ਉਸ ਦਾ ਧਿਆਨ ਇਰਾਨ ਦੇ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਤੋਂ ਹਟ ਕੇ ਇਰਾਨ ਦੀ ਸੈਨਿਕ ਸਮਰੱਥਾ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵੱਲ, ਇਰਾਨ ਵਿੱਚ ਸੱਤਾ ਦੀ ਤਬਦੀਲੀ ਅਤੇ ਆਖ਼ਿਰਕਾਰ ਇਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਆਤਮ ਸਮਰਪਣ ਕਰਨ ਵੱਲ ਕੇਂਦਰਿਤ ਹੋ ਗਿਆ ਹੈ।
ਉਸ ਨੇ ਇਰਾਨ ਦੀ ਜਨਤਾ ਨੂੰ ਕਿਹਾ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਵੋ। ਇਹ ਤੁਹਾਡੀ ਸਾਰਿਆਂ ਦੀ ਸਰਕਾਰ ਹੋਵੇਗੀ। ਪਰ ਟਰੰਪ ਦੀਆਂ ਇਹਨਾਂ ਆਸਾਂ ਨੂੰ ਬੂਰ ਨਹੀਂ ਪਿਆ। ਉਸ ਦਾ ਇਹ ਬਿਆਨ ਬੇਅਸਰ ਰਿਹਾ।
ਬਿਨਾਂ ਸ਼ੱਕ ਇਰਾਨ ਵਿੱਚ ਕੱਟੜਪੰਥੀ ਇਸਲਾਮੀ ਨਿਜ਼ਾਮ ਰਾਜ ਕਰਦਾ ਹੈ। ਉਥੋਂ ਦੇ ਸਾਧੂ-ਸੰਤ ਧਰਮ ਅਤੇ ਮਜ਼ਹਬ ਦੇ ਦਾਇਰੇ ਵਿੱਚੋਂ ਨਿਕਲ ਕੇ ਸਿਆਸਤ ਅਤੇ ਸ਼ਾਸਨ ਵਿੱਚ ਦਖ਼ਲ ਦਿੰਦੇ ਹਨ, ਜਿਸ ਦਾ ਨਤੀਜਾ ਆਮ ਜਨਤਾ, ਖ਼ਾਸ ਕਰਕੇ ਇਰਾਨੀ ਔਰਤਾਂ ਨੂੰ ਭੁਗਤਣਾ ਪੈਂਦਾ ਹੈ। ਇਰਾਨ ਦੇ ਸ਼ਾਸਕਾਂ ਨੇ ਹਮਾਸ ਅਤੇ ਹਿਜ਼ਬੁੱਲਾ ਜਿਹੀਆਂ ਆਤੰਕੀ ਸੈਨਾਵਾਂ ਅਮਰੀਕਾ-ਇਜ਼ਰਾਇਲ ਵਰਗੇ ਮੁਲਕਾਂ ਵਿਰੁੱਧ ਲੜਨ ਲਈ ਤਿਆਰ ਕੀਤੀਆਂ ਹਨ। ਇਹਨਾਂ ਸੈਨਾਵਾਂ ਨੇ ਲਿਬਨਾਨ ਅਤੇ ਸੀਰੀਆ ਜਿਹੇ ਪ੍ਰਗਤੀਸ਼ੀਲ ਦੇਸ਼ਾਂ ਨੂੰ ਬਰਬਾਦ ਕੀਤਾ ਹੈ। ਪਿਛਲੇ ਮਹੀਨੇ ਜਦੋਂ ਇਰਾਨ ਦੇ ਆਮ ਲੋਕਾਂ ਨੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਤਾਂ ਖਾਮੀਨੀ ਸਰਕਾਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ। ਕਿਹਾ ਜਾਂਦਾ ਹੈ ਕਿ ਇਸ ਅੰਦੋਲਨ ਦੌਰਾਨ 20 ਤੋਂ 30 ਹਜ਼ਾਰ ਲੋਕ ਮਾਰ ਦਿੱਤੇ ਗਏ।
ਪਰ ਇਸ ਸਭ ਕੁਝ ਦੇ ਦਰਮਿਆਨ ਅਮਰੀਕਾ-ਇਜ਼ਰਾਇਲ ਦਾ ਇਰਾਨ ਅਤੇ ਖਾੜੀ ਮੁਲਕਾਂ ਨੂੰ ਯੁੱਧ ਵਿੱਚ ਧੱਕਣਾ ਯੂਐਨਓ ਦੇ ਚਾਰਟਰ ਦੇ ਆਰਟੀਕਲ 2(4), ਜੋ ਕਿ ਕਿਸੇ ਵੀ ਮੁਲਕ ਦੀ ਇਲਾਕਾਈ ਅਖੰਡਤਾ ਅਤੇ ਸਿਆਸੀ ਆਜ਼ਾਦੀ ਦੀ ਸੰਭਾਵਨਾ ਨੂੰ ਨਕਾਰਦਾ ਹੈ, ਦੀ ਸਿੱਧੀ ਉਲੰਘਣਾ ਹੈ।
ਇਜ਼ਰਾਇਲ 1948 ਵਿੱਚ ਬਰਤਾਨੀਆ ਅਤੇ ਅਮਰੀਕਾ ਸਮੇਤ ਹੋਰ ਸਮਰਾਜੀ ਸ਼ਕਤੀਆਂ ਵੱਲੋਂ ਫਲਸਤੀਨ ਦੀ ਧਰਤੀ ‘ਤੇ ਕਬਜ਼ਾ ਕਰਕੇ ਹੋਂਦ ਵਿੱਚ ਲਿਆਂਦਾ ਗਿਆ ਸੀ। ਉਦੋਂ ਤੋਂ ਹੁਣ ਤੱਕ ਇਜ਼ਰਾਇਲ ਅਮਰੀਕਾ ਲਈ ਇੱਕ ਗੈਂਗਸਟਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਅਰਬ ਦੇਸ਼ਾਂ ਦੇ ਭੰਡਾਰਾਂ ਤੇ ਕਬਜ਼ਾ ਕਰਨ ਲਈ ਅਮਰੀਕੀ ਅੱਡੇ ਦੇ ਤੌਰ ‘ਤੇ ਕੰਮ ਕਰ ਰਿਹਾ ਹੈ।
ਇਜ਼ਰਾਇਲ ਦੁਨੀਆ ਵਿੱਚ ਵੱਡੇ ਹਥਿਆਰ ਸੌਦਾਗਰ ਦੇ ਤੌਰ ‘ਤੇ ਉਭਰਿਆ ਹੈ। ਅਮਰੀਕਾ ਵੱਲੋਂ ਵਪਾਰ ਲਈ ਧੌਂਸ ਨੀਤੀ, ਵਿਸਥਾਰਵਾਦੀ ਸੋਚ ਅਤੇ ਥਾਣੇਦਾਰਾਂ ਵਾਲੀ ਪ੍ਰਵਿਰਤੀ ਅੱਜ ਸੰਸਾਰਕ ਅਮਨ ਲਈ ਵੱਡਾ ਖਤਰਾ ਬਣੀ ਹੋਈ ਹੈ ਅਤੇ ਵੱਸਦੇ-ਰਸਦੇ ਸੰਸਾਰ ਨੂੰ ਯੁੱਧ ਵੱਲ ਧੱਕ ਰਹੀ ਹੈ। ਯੁੱਧ ਕਦੇ ਵੀ ਇਨਸਾਨੀ ਭਲਾਈ ਵਾਲਾ ਨਹੀਂ ਹੋ ਸਕਦਾ, ਭਾਵੇਂ ਕਿ ਇਹ ਮਜ਼ਬੂਰੀ ਵਜੋਂ ਹੀ ਕਿਉਂ ਨਾ ਲੜਿਆ ਗਿਆ ਹੋਵੇ। ਯੁੱਧ ਮਨੁੱਖ ਦਾ ਦੁਸ਼ਮਣ ਹੈ।
ਭਾਵੇਂ ਕਿਹਾ ਜਾਂਦਾ ਹੈ ਕਿ ਜਿਸ ਕੋਲ ਤਾਕਤ ਹੈ ਉਸ ਦਾ ਰਾਜ ਚੱਲਦਾ ਹੈ, ਪਰ ਲੋਕ-ਸ਼ਕਤੀ ਇੱਕ ਐਸੀ ਤਾਕਤ ਹੈ ਜਿਸ ਅੱਗੇ ਵੱਡੇ-ਵੱਡੇ ਤਾਨਾਸ਼ਾਹ ਵੀ ਝੁਕਣ ਲਈ ਮਜ਼ਬੂਰ ਹੋ ਜਾਂਦੇ ਹਨ।ਯੁੱਧ ਕਿਸੇ ਮਸਲੇ ਦਾ ਸਥਾਈ ਹੱਲ ਨਹੀਂ ਹੈ। ਹਜ਼ਾਰਾਂ-ਲੱਖਾਂ ਲੋਕ ਯੁੱਧ ਦੀ ਭੇਟ ਚੜ ਜਾਂਦੇ ਹਨ। ਹਿੰਸਾ ਕਾਰਨ ਲੋਕ ਮਾਨਸਿਕ ਬਿਮਾਰੀਆਂ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਂਦੇ ਹਨ। ਲੱਖਾਂ ਲੋਕ ਘਰੋਂ ਬੇਘਰ ਹੋ ਜਾਂਦੇ ਹਨ। ਉਹਨਾਂ ਦੇ ਬੱਚੇ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਵਿਰਵੇ ਰਹਿ ਜਾਂਦੇ ਹਨ।
ਇਹ ਯੁੱਧ ਹੀ ਹਨ ਜੋ ਕਿਸੇ ਖਿੱਤੇ ਦੇ ਵਿਨਾਸ਼ ਦਾ ਕਾਰਨ ਹੋ ਨਿਬੜਦੇ ਹਨ। ਆਧੁਨਿਕ ਯੁੱਧ ਹੁਣ ਕੇਵਲ ਸੀਮਾਵਾਂ ਤੱਕ ਸੀਮਿਤ ਨਹੀਂ ਰਹੇ, ਸਗੋਂ ਸ਼ਹਿਰਾਂ ਦੇ ਵਿੱਚੋਂ-ਵਿੱਚ ਲੜੇ ਜਾ ਰਹੇ ਹਨ।
ਰੂਸ-ਯੂਕਰੇਨ ਅਤੇ ਅਮਰੀਕਾ-ਇਜ਼ਰਾਇਲ ਯੁੱਧ ਇਸ ਦੀ ਵੱਡੀ ਉਦਾਹਰਨ ਹਨ। ਦੁਨੀਆ ਦੇ ਦੇਸ਼ ਆਪਣੀ ਸੁਰੱਖਿਆ ਦੇ ਡਰ ਤੋਂ ਸਿਹਤ ਅਤੇ ਸਿੱਖਿਆ ਸਹੂਲਤਾਂ ਤੇ ਖ਼ਰਚਾ ਘਟਾ ਕੇ ਜੰਗੀ ਸਮਾਨ ਖਰੀਦਣ ਤੇ ਵੱਧ ਖ਼ਰਚ ਕਰਨ ਲੱਗੇ ਹਨ।
2024 ਵਿੱਚ ਵਿਸ਼ਵ ਦੀਆਂ ਸੈਨਾਵਾਂ ‘ਤੇ 2.7 ਟ੍ਰਿਲੀਅਨ ਡਾਲਰ ਖਰਚੇ ਦਾ ਅਨੁਮਾਨ ਹੈ। ਯੁੱਧ ਅਸਲ ਵਿੱਚ ਵਿਕਾਸ ਦਾ ਉਲਟਾ ਪਹੀਆ ਸਾਬਤ ਹੋਇਆ ਹੈ, ਜੋ ਵਿਨਾਸ਼ ਦਾ ਕਾਰਨ ਬਣਦਾ ਹੈ।
ਯੁੱਧ ਮਾਨਵੀ ਕਦਰਾਂ-ਕੀਮਤਾਂ ਅਤੇ ਸੰਵੇਦਨਾਵਾਂ ਦੇ ਖ਼ਾਤਮੇ ਦਾ ਕਾਰਨ ਹੈ। ਯੁੱਧ ਹੀ ਹੈ ਜੋ ਮਾਨਸਿਕ ਵਿਕਾਸ ਉੱਤੇ ਸਥਾਈ ਤੌਰ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ।
ਯੁੱਧ ਵਿੱਚ ਬੱਚੇ ਅਤੇ ਔਰਤਾਂ ਭੁੱਖਮਰੀ ਅਤੇ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਨਵੀਆਂ ਤਕਨੀਕਾਂ, ਖ਼ਾਸ ਕਰਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਡਰੋਨ ਯੁੱਧ ਮਨੁੱਖਤਾ ਲਈ ਵੱਡੇ ਘਾਤਕ ਸਾਬਤ ਹੋ ਰਹੇ ਹਨ।
ਮਨੁੱਖ ਦੀ ਹੋਂਦ ਬਚਾਈ ਰੱਖਣ ਲਈ ਵਿਨਾਸ਼ਕਾਰੀ ਯੁੱਧ ਵਿਰੁੱਧ ਅਮਨ ਸਮੇਂ ਦੀ ਲੋੜ ਹੈ।
-ਗੁਰਮੀਤ ਸਿੰਘ ਪਲਾਹੀ
-9815802070
-1773663374465.JPG)
-
ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.