ਕੇਂਦਰੀ ਯੂਨੀਵਰਸਿਟੀ ਵਿਖੇ ਪਾਠਕ੍ਰਮ ਵਿੱਚ ਭਾਰਤੀ ਗਿਆਨ ਪਰੰਪਰਾ ਦੀ ਸ਼ਮੂਲੀਅਤ ਵਿਸ਼ੇ ’ਤੇ ਸਿਖਲਾਈ ਪ੍ਰੋਗਰਾਮ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2026 : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਭਾਰਤੀ ਗਿਆਨ ਪਰੰਪਰਾ (ਆਈ.ਕੇ.ਐੱਸ.) ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਸਬੰਧੀ ਛੇ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਸੋਮਵਾਰ ਨੂੰ ਸ਼ੁਰੂ ਹੋਇਆ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਉੱਚ ਸਿੱਖਿਆ ਵਿੱਚ ਭਾਰਤੀ ਗਿਆਨ ਪਰੰਪਰਾ ਦੀ ਮਹੱਤਤਾ ਅਤੇ ਸਮਕਾਲੀ ਪ੍ਰਸੰਗਿਕਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਵਿਗਿਆਨਕ ਸੋਚ, ਅਨੁਭਵ ਅਧਾਰਤ ਅਧਿਐਨ ਅਤੇ ਵਿਦਵਤਾ-ਭਰਪੂਰ ਸੰਵਾਦ ਦੀਆਂ ਸਮ੍ਰਿੱਧ ਪਰੰਪਰਾਵਾਂ ਰਾਹੀਂ ਵਿਕਸਿਤ ਸਦੀਆਂ ਪੁਰਾਣੇ ਗਿਆਨ ਦੀ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪਰੰਪਰਾਵਾਂ ਨੇ ਹਮੇਸ਼ਾਂ ਤਰਕਸ਼ੀਲ ਸੋਚ ਅਤੇ ਸਦੀਵੀ ਸੱਚ ਦੀ ਖੋਜ ਨੂੰ ਉਤਸ਼ਾਹਿਤ ਕੀਤਾ ਹੈ।
ਉਨ੍ਹਾਂ ਨੇ “ਵਸੁਧੈਵ ਕੁਟੁੰਬਕਮ” ਅਤੇ “ਸਰਵੇ ਭਵੰਤੁ ਸੁਖਿਨਾ” ਵਰਗੇ ਆਦਰਸ਼ਾਂ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਭਾਰਤੀ ਦਰਸ਼ਨ ਵਿੱਚ ਨਿਹਿਤ ਵਿਸ਼ਵਵਿਆਪੀ ਸੋਚ ਨੂੰ ਦਰਸਾਉਂਦੇ ਹਨ। ਉਨ੍ਹਾਂ ਦੱਸਿਆ ਕਿ ਯੂਨੇਸਕੋ ਵੱਲੋਂ 1996 ਵਿੱਚ ਪ੍ਰਸਤਾਵਿਤ ਸਿੱਖਿਆ ਦੇ ਚਾਰ ਸਤੰਭ—ਜਾਣਨਾ ਸਿੱਖਣਾ, ਕਰਨਾ ਸਿੱਖਣਾ, ਇਕੱਠੇ ਰਹਿਣਾ ਸਿੱਖਣਾ ਅਤੇ ਆਪ ਬਣਨਾ ਸਿੱਖਣਾ—ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀਆਂ ਵਿੱਚ ਪਹਿਲਾਂ ਹੀ ਸਮਾਏ ਹੋਏ ਸੀ ਅਤੇ ਅੱਜ ਵੀ ਬਹੁਤ ਪ੍ਰਸੰਗਿਕ ਹਨ।
ਪ੍ਰੋ. ਤਿਵਾਰੀ ਨੇ ਸਵੈ-ਬੋਧ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਸੱਭਿਆਚਾਰਕ ਵਿਰਾਸਤ ਦੀ ਸਮਝ ਜ਼ਿੰਮੇਵਾਰ ਨਾਗਰਿਕਤਾ ਅਤੇ ਰਾਸ਼ਟਰੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਪੁਰਸ਼ਾਰਥ ਨੂੰ ਜੀਵਨ ਦੇ ਨੈਤਿਕ, ਭੌਤਿਕ ਅਤੇ ਅਧਿਆਤਮਿਕ ਪੱਖਾਂ ਦਾ ਸੰਤੁਲਿਤ ਢਾਂਚਾ ਦੱਸਦਿਆਂ ਧਰਮ ਨੂੰ ਸਮਾਜਿਕ ਸਦਭਾਵਨਾ ਦਾ ਮਾਰਗ-ਦਰਸ਼ਕ ਕਰਾਰ ਦਿੱਤਾ। ਉਨ੍ਹਾਂ ਗੁਰੂਕੁਲ ਪਰੰਪਰਾ ਦਾ ਜ਼ਿਕਰ ਕਰਦਿਆਂ ਭਾਰਤ ਦੀ ਬਹੁ-ਵਿਧਿਅਕ ਗਿਆਨ ਵਿਰਾਸਤ ਦੀ ਸਮਾਜਿਕ-ਆਰਥਿਕ ਪ੍ਰਸੰਗਿਕਤਾ ਉਤੇ ਵੀ ਰੋਸ਼ਨੀ ਪਾਈ ਅਤੇ ਆਧੁਨਿਕ ਸਿੱਖਿਆ ਵਿੱਚ ਇਸ ਦੇ ਪੁਨਰ-ਵਿਚਾਰ ਦੀ ਲੋੜ ਉਤੇ ਜ਼ੋਰ ਦਿੱਤਾ। ਆਪਣੇ ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਨੇ ਭਾਗੀਦਾਰਾਂ ਨੂੰ ਭਾਰਤੀ ਗਿਆਨ ਪਰੰਪਰਾ ਨਾਲ ਜੁੜਨ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਯੂਨੀਵਰਸਿਟੀ ਪਾਠਕ੍ਰਮਾਂ ਵਿੱਚ ਇਸ ਦੇ ਏਕੀਕਰਨ ਦੀ ਅਪੀਲ ਕੀਤੀ।
ਯੂਜੀਸੀ ਅਬਜ਼ਰਵਰ ਡਾ. ਮਦਨ ਕੁਮਾਰ ਝਾਅ ਨੇ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੀਯੂ ਪੰਜਾਬ ਵਿੱਚ ਭਾਰਤੀ ਗਿਆਨ ਪਰੰਪਰਾ ਦੇ ਮੁੱਲਾਂ ਦਾ ਸੰਸਥਾਗਤ ਸਮਾਵੇਸ਼ ਯੂਨੀਵਰਸਿਟੀ ਦੇ ਆਦਰਸ਼ ਵਾਕ “ਆ ਨੋ ਭਦ੍ਰਾਃ ਕ੍ਰਤਵੋ ਯੰਤੁ ਵਿਸ਼ਵਤਃ” ਵਿੱਚ ਪ੍ਰਤੀਬਿੰਬਿਤ ਹੁੰਦਾ ਹੈ, ਜੋ ਸੰਸਾਰ ਦੇ ਹਰ ਕੋਨੇ ਤੋਂ ਉੱਤਮ ਵਿਚਾਰਾਂ ਨੂੰ ਸਵੀਕਾਰ ਕਰਨ ਦੀ ਭਾਵਨਾ ਦਾ ਪ੍ਰਤੀਕ ਹੈ।
ਇਸ ਤੋਂ ਪਹਿਲਾਂ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਵਿਨੋਦ ਆਰੀਆ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਗਿਆਨ ਦੇ ਯੂਰੋ ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਅੱਗੇ ਵੱਧ ਕੇ ਵਿਸ਼ਵ ਦੀਆਂ ਬੌਧਿਕ ਪਰੰਪਰਾਵਾਂ ਦੀ ਵਿਭਿੰਨਤਾ ਨੂੰ ਸਵੀਕਾਰ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਵਰਕਸ਼ਾਪ ਕੋਆਰਡੀਨੇਟਰ ਪ੍ਰੋ. ਰਾਜਿੰਦਰ ਕੁਮਾਰ ਸੇਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਉੱਚ ਸਿੱਖਿਆ ਦੇ ਪਾਠਕ੍ਰਮਾਂ ਵਿੱਚ ਭਾਰਤੀ ਗਿਆਨ ਪਰੰਪਰਾਵਾਂ ਨੂੰ ਸ਼ਾਮਲ ਕਰਨ ਲਈ ਵਿਹਾਰਕ ਸਿਖਲਾਈ ਪ੍ਰਦਾਨ ਕਰਨਾ ਹੈ।
ਪਹਿਲੇ ਦਿਨ ਦੇ ਅਗਲੇ ਸੈਸ਼ਨਾਂ ਵਿੱਚ ਰਾਜਿੰਦਰ ਰਾਣਾ (ਜੇ.ਸੀ.ਡੀ.ਏ.ਵੀ. ਕਾਲਜ, ਦਸੂਹਾ) ਅਤੇ ਸ਼੍ਰੀ ਗੁਰਪ੍ਰੀਤ ਸਿੰਘ (ਚੰਡੀਗੜ੍ਹ ਯੂਨੀਵਰਸਿਟੀ) ਦੇ ਉੱਚ ਸਿੱਖਿਆ ਵਿੱਚ ਆਈਕੇਐਸ ਦੇ ਪਾਠਕ੍ਰਮ ਏਕੀਕਰਨ ਸਬੰਧੀ ਸੰਕਲਪਿਕ ਅਤੇ ਵਿਹਾਰਕ ਸੈਸ਼ਨ ਕਰਵਾਏ ਗਏ।
Click to Follow Babushahi Facebook page →