ਵੱਡੀ ਖ਼ਬਰ: ਸੁਖਪਾਲ ਖਹਿਰਾ ਦੇ ਘਰ ਦੀ ਨਜਾਇਜ਼ ਉਸਾਰੀ ਢਾਹੁਣ ਲੱਗਿਆ ਪੁਲਿਸ ਪ੍ਰਸਾਸ਼ਨ (ਵੇਖੋ ਵੀਡੀਓ)
ਪ੍ਰਸ਼ਾਸਨਿਕ ਕਾਰਵਾਈ ਤੋਂ ਬਾਅਦ ਕਪੂਰਥਲਾ 'ਚ ਭਾਰੀ ਤਣਾਅ
ਬਿਨਾਂ ਨੋਟਿਸ ਕਾਰਵਾਈ ਦੇ ਇਲਜ਼ਾਮ; ਖਹਿਰਾ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਟਕਰਾਅ ਦੀ ਸਥਿਤੀ, ਭਾਰੀ ਫੋਰਸ ਤੈਨਾਤ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ: 23 ਫਰਵਰੀ 2026: ਕਪੂਰਥਲਾ ਦੇ ਪਿੰਡ ਰਾਮਗੜ੍ਹ ਵਿਖੇ ਉਸ ਸਮੇਂ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ, ਜਦੋਂ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਿਵਾਸ ਨਾਲ ਜੁੜੀ ਕਥਿਤ ਨਜਾਇਜ਼ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਕਾਰਵਾਈ ਨੂੰ ਲੈ ਕੇ ਖਹਿਰਾ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪ੍ਰਸ਼ਾਸਨਿਕ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਰਫ਼ ਉਸ ਹਿੱਸੇ 'ਤੇ ਕੀਤੀ ਜਾ ਰਹੀ ਹੈ ਜੋ ਨਜਾਇਜ਼ ਉਸਾਰੀ ਦੇ ਘੇਰੇ ਵਿੱਚ ਆਉਂਦਾ ਹੈ। ਉਨ੍ਹਾਂ ਮੁਤਾਬਕ ਇਹ ਕਦਮ ਨਿਯਮਾਂ ਅਨੁਸਾਰ ਚੁੱਕਿਆ ਗਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਸਿੱਧੇ ਤੌਰ 'ਤੇ 'ਸਿਆਸੀ ਬਦਲਾਖੋਰੀ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ “CM ਭਗਵੰਤ ਮਾਨ ਦੇ ਗੈਰ ਕਾਨੂੰਨੀ ਹੁਕਮਾਂ ’ਤੇ ਮੇਰੇ ਘਰ ਦੇ ਹਿੱਸੇ ਨੂੰ ਬਿਨਾਂ ਕਿਸੇ ਨੋਟਿਸ ਜਾਂ ਸੁਣਵਾਈ ਦੇ ਧੱਕੇ ਨਾਲ ਢਾਹਿਆ ਜਾ ਰਿਹਾ ਹੈ।”
ਛਾਉਣੀ ਵਿੱਚ ਤਬਦੀਲ ਹੋਇਆ ਰਾਮਗੜ੍ਹ
ਖਹਿਰਾ ਦੀ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਮਰਥਕ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਕਿਸੇ ਵੀ ਹਿੰਸਕ ਟਕਰਾਅ ਨੂੰ ਰੋਕਣ ਲਈ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਕਈ ਜ਼ਿਲ੍ਹਿਆਂ ਦੀ ਪੁਲਿਸ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਤੈਨਾਤ ਹਨ। ਸਮਰਥਕਾਂ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਜਾ ਰਹੀ ਹੈ, ਜਦਕਿ ਸੱਤਾਧਾਰੀ ਧਿਰ ਇਸ ਨੂੰ ਸਿਰਫ਼ 'ਕਾਨੂੰਨੀ ਪ੍ਰਕਿਰਿਆ' ਦੱਸ ਰਹੀ ਹੈ।
Click to Follow Babushahi Facebook page →