ਬਾਬਾ ਬਕਾਲਾ ਸਾਹਿਬ: ਪਿੰਡ ਭੁੱਸੇ ਵਿਖੇ ਮਹਾਨ ਸਿੱਖ ਯੋਧਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਭਲਕੇ ਤੋਂ
ਪਿੰਡ ਭੁੱਸੇ ਵਿਖੇ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ 24-25 ਤੇ 26 ਨੂੰ
ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਤੇ ਪ੍ਰਧਾਨ ਧਾਮੀ ਦੇ ਸਹਿਯੋਗ ਨਾਲ ਹੋਣਗੇ ਤਿੰਨ ਰੋਜ਼ਾ ਧਾਰਮਿਕ ਸਮਾਗਮ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 23 ਫਰਵਰੀ 2026- ਅਮਰ ਸ਼ਹੀਦ ਬਾਬਾ ਬਘੇਲ ਸਿੰਘ ਜੀ, ਸ਼ਹੀਦ ਬਾਬਾ ਅਮਰ ਸਿੰਘ ਜੀ ਤੇ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਪਿੰਡ ਭੁੱਸੇ ਦੇ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਬਘੇਲ ਸਿੰਘ ਜੀ ਅਤੇ ਸ਼ਹੀਦ ਬਾਬਾ ਅਮਰ ਸਿੰਘ ਜੀ ਵਿਖੇ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ।
ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ 18 ਵੀਂ ਸਦੀ ਦੇ ਇੰਨ੍ਹਾਂ ਮਹਾਨ ਸਿੱਖ ਯੋਧਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਰੋੜ ਸਿੰਘੀਆ ਮਿਸਲ ਦੇ ਬਾਬਾ ਬਘੇਲ ਸਿੰਘ ਜੀ ਨੇ 1783 ਵਿੱਚ ਦਿੱਲੀ ਜਿੱਤ ਕੇ ਲਾਲ ਕਿਲ੍ਹੇ `ਤੇ ਖਾਲਸਾਈ ਨਿਸ਼ਾਨ ਸਾਹਿਬ ਲਹਿਰਾ ਕੇੇ ਗੁਰਧਾਮ ਸਥਾਪਿਤ ਕੀਤਾ ਸੀ ,ਜਦਕਿ ਸ਼ਹੀਦ ਬਾਬਾ ਅਮਰ ਸਿੰਘ ਤੇ ਬਾਬਾ ਤਾਰਾ ਸਿੰਘ ਵਾਂ ਨੇ ਧਰਮ ਤੇ ਕੌਮ ਦੀ ਰਾਖੀ ਲਈ ਮੁਗਲ ਤੇ ਅਫਗਾਨ ਹਮਲਾਵਰਾਂ ਵਿਰੁੱਧ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।
ਉਨ੍ਹਾਂ ਨੇ ਕਿਹਾ ਕਿ ਇਹ ਸ਼ਹੀਦ ਸਾਡੇ ਕੌਮ ਦਾ ਅਣਮੋਲ ਸਰਮਾਇਆ ਹਨ।ਇਸ ਲਈ ਇੰਨ੍ਹਾਂ ਸਿੱਖ ਯੋਧਿਆਂ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸੰਗਤਾਂ ਵੱਡੀ ਗਿਣਤੀ ‘ਚ ਭੁੱਸੇ ਪਿੰਡ ਪੁੱਜਣ ਤੇ ਸ਼ਹੀਦੀ ਸਮਾਗਮਾਂ ‘ਚ ਹਾਜ਼ਰੀ ਭਰਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਗਦੀਪ ਸਿੰਘ,ਨੰਬਰਦਾਰ ਜਸਤਾਰ ਸਿੰਘ ਤੇ ਰੇਸ਼ਮ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦਮਦਮੀ ਟਕਸਾਲ ਮੁੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਸ਼ਹੀਦੀ ਸ਼ਤਾਬਦੀ ਸਮਾਗਮ ਕਰਾਏ ਜਾ ਰਹੇ ਹਨ।ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ 24 ਫਰਵਰੀ,ਦਿਨ ਮੰਗਲਵਾਰ ਤੇ 25 ਫਰਵਰੀ ਦਿਨ ਬੁੱਧਵਾਰ ਨੂੰ 8 ਰਾਤ ਵਜੇ ਤੋਂ 12 ਵਜੇ ਤੱਕ ਕੀਰਤਨ ਦਰਬਾਰ ਹੋਣਗੇ।
26 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ,ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸੱਜਣਗੇ।ਇਸ ਦੌਰਾਨ ਸਮਾਗਮਾਂ ‘ਚ ਪੁੱਜ ਰਹੇ ਸੰਤ ਮਹਾਂਪੁਰਸ਼ ਤੇ ਹੋਰ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਪੰਥ ਦੇ ੳੇੁੱਘੇ ਕਥਾ ਵਾਚਕ,ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਜਸ ਸਰਵਣ ਕਰਾੳੇੁਣਗੇ। ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਲੰਗਰਾਂ ਦੀ ਅਤੁੱਟ ਸੇਵਾ ਦਮਦਮੀ ਟਕਸਾਲ ਵੱਲੋਂ ਨਿਭਾਈ ਜਾਵੇਗੀ। ਇਸ ਮੌਕੇ ਜਥੇਦਾਰ ਸਤਨਾਮ ਸਿੰਘ, ਦਿਲਬਾਗ ਸਿੰਘ ਤੇ ਜਗੀਰ ਸਿੰਘ ਦੋਧੀ ਆਦਿ ਵੀ ਮੌਜੂਦ ਸਨ।
Click to Follow Babushahi Facebook page →