ਪੰਜਾਬ ਦੇ ਮੰਤਰੀਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਅੱਗੇ ਧਰਨਿਆਂ ਲਈ ਲਾਮਬੰਦੀ ਮੀਟਿੰਗਾਂ
ਅਸ਼ੋਕ ਵਰਮਾ
ਮੁਕਤਸਰ 21, ਫਰਵਰੀ 2026 :ਪੰਜਾਬ ਦੀਆਂ ਦਰਜਨਾਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ 22 ਤਰੀਕ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਲੱਗਣ ਵਾਲੇ ਧਰਨਿਆਂ ਦੀ ਲੜੀ ਤਹਿਤ ਆਮ ਆਦਮੀ ਪਾਰਟੀ ਸਰਕਾਰ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਮਲੋਟ ਘਰ ਅੱਗੇ ਲੱਗਣ ਵਾਲੇ ਧਰਨੇ ਦੀ ਤਿਆਰੀ ਜ਼ਿਲ੍ਹੇ ਦੇ ਪਿੰਡਾਂ ਖੋਖਰ, ਖਿੜਕੀਆਂ ਵਾਲਾ,ਬਰਕੰਦੀ, ਚੜ੍ਹੇਵਨ, ਚੌਂਤਰਾ, ਭਾਗਸਰ ,ਗੰਧੜ, ਲੱਖੇਵਾਲੀ, ਰਾਮਗੜ੍ਹ ਚੂਘਾਂ,ਤਾਮਕੋਟ, ਦਬੜਾ ,ਮਹਿਣਾ,ਗੱਗੜ, ਕਿਲਿਆਂ ਵਾਲੀ, ਚੱਨੂੰ ਆਦਿ ਵਿਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਸੰਬੋਧਨ ਕਰਦਿਆਂ ਗੁਰਜੰਟ ਸਿੰਘ ਸਾਉਕੇਂ,ਤਰਸੇਮ ਸਿੰਘ, ਕਾਕਾ ਸਿੰਘ ਖੁੰਡੇ ਹਲਾਲ, ਬਾਜ ਸਿੰਘ ਭੁੱਟੀ ਵਾਲਾ ,ਕਾਲਾ ਸਿੰਘ ਖੂੰਨਣ ਖ਼ੁਰਦ, ਤੇ ਜਸਵਿੰਦਰ ਸਿੰਘ ਸੰਗੂਧੌਣ , ਜਸਵਿੰਦਰ ਕੌਰ ਦਬੜਾ ਕਿ ਕੇਂਦਰ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ ,ਪੰਚਾਇਤੀਕਰਨ ਦੀਆਂ ਨੀਤੀਆਂ ਰੱਦ ਕਰਨ, ਮਨਰੇਗਾ ਦੀ ਥਾਂ ਲਿਆਂਦੇ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਨੂੰ ਬਹਾਲ ਕਰਨ , ਬਿਜਲੀ ਸੋਧ ਬਿੱਲ 2025 , ਮਜ਼ਦੂਰ ਵਿਰੋਧੀ ਲੇਬਰ ਕੋਡ ਅਤੇ ਦੋਸ਼ ਵਿਰੋਧੀ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ 22 ਫਰਵਰੀ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਮਲੋਟ ਘਰ ਅੱਗੇ ਧਰਨਾ ਦਿੱਤਾ ਜਾਏਗਾ।
ਖੇਤ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਲਗਾਤਾਰ ਮਜ਼ਦੂਰ ਕਿਸਾਨ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ ਅਤੇ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਕਿਰਤੀ ਲੋਕਾਂ 'ਤੇ ਜ਼ੁਲਮ ਢਾਹ ਰਹੀਆਂ ਹਨ। ਉਹਨਾਂ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੀ ਰਾਮ ਜੀ ਕਾਨੂੰਨ ਤਹਿਤ ਮਜ਼ਦੂਰਾਂ ਨੂੰ 125 ਦਿਨ ਕੰਮ ਦੇਣ ਦੇ ਫਰੇਬੀ ਐਲਾਨਾਂ ਰਾਹੀਂ ਮਜ਼ਦੂਰਾਂ ਨੂੰ ਮਨਰੇਗਾ 'ਚ ਮਿਲਦਾ ਨਾਂਮਾਤਰ ਰੁਜ਼ਗਾਰ ਵੀ ਖੋਹਣ 'ਤੇ ਉਤਰ ਆਈ ਹੈ ਅਤੇ ਬਿਜਲੀ ਦੇ ਮੁਕੰਮਲ ਨਿੱਜੀਕਰਨ ਰਾਹੀਂ ਕਿਰਤੀ ਲੋਕਾਂ ਤੋਂ ਬਿਜਲੀ ਖੋਹ ਕੇ ਉਹਨਾਂ ਦੇ ਘਰਾਂ 'ਚ ਹਨੇਰਾ ਕਰਨ ਦੀ ਸਾਜ਼ਿਸ਼ ਕਰ ਰਹੀ ਹੈ।
ਉਹਨਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਨਿੱਜੀਕਰਨ ਤੇ ਪੰਚਾਇਤੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਬਿਜਲੀ ਬੋਰਡ ਸਮੇਤ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚ ਰਹੀ ਹੈ। ਬੁਲਾਰਿਆਂ ਨੇ ਭਾਜਪਾ ਤੇ ਆਪ ਦੇ ਰਾਜ਼ 'ਚ ਦਲਿਤ ਵਰਗ ਉੱਤੇ ਜ਼ਬਰ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਧਣ ਦੇ ਦੋਸ਼ ਲਾਉਂਦਿਆਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਤੇ ਆਪ ਸਮੇਤ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਅਤੇ ਹਕੂਮਤੀ ਨੀਤੀਆਂ ਦੀ ਮਾਰ ਹੇਠ ਆਉਣ ਵਾਲੇ ਸਭਨਾਂ ਕਿਰਤੀ ਕਮਾਊ ਲੋਕਾਂ ਨਾਲ ਸੰਘਰਸ਼ੀ ਸਾਂਝ ਵਿਕਸਤ ਕਰਦੇ ਹੋਏ 22 ਫਰਵਰੀ ਦੇ ਧਰਨੇ 'ਚ ਪਰਿਵਾਰਾਂ ਸਮੇਤ ਸ਼ਾਮਲ ਹੋਣ। ਇਸ ਮੌਕੇ ਬਠਿੰਡਾ ਵਿਖੇ ਸ਼ਾਂਤਮਈ ਧਰਨਾ ਦੇਣ ਆ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਵੱਲੋਂ ਪੰਜਾਬ ਭਰ ਚ ਪਿੰਡਾਂ ਅੰਦਰ ਘੇਰ ਕੇ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲੇ ਸੁੱਟਣ ਤੇ ਵੱਡੀ ਪੱਧਰ 'ਤੇ ਗ੍ਰਿਫਤਾਰੀਆਂ ਕਰਨ,ਇੱਕ ਕਿਸਾਨ ਦੀ ਲੱਤ ਅਤੇ ਹੱਥ ਤੋੜਣ ਵਾਲੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
Click to Follow Babushahi Facebook page →