ਜਨਤਕ ਜਥੇਬੰਦੀਆਂ ਵੱਲੋਂ ਕਿਸਾਨਾਂ ਤੇ ਜਬਰ ਢਾਹੁਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨੌਂ ਮਹੀਨਿਆਂ ਤੋਂ ਝੂਠੇ ਕੇਸ ਤਹਿਤ ਜੇਲ੍ਹ ਚ ਬੰਦ ਆਗੂਆਂ ਦੀ ਰਿਹਾਈ ਲਈ ਅੱਜ਼ ਡੀ ਸੀ ਦਫਤਰ ਬਠਿੰਡਾ ਅੱਗੇ ਰੱਖੇ ਸ਼ਾਂਤ ਮਈ ਧਰਨੇ ਨੂੰ ਰੋਕਣ ਲਈ ਪੁਲਿਸ ਵਲੋਂ ਕਿਸਾਨਾਂ 'ਤੇ ਜਬਰ ਢਾਹੁਣ ਦੀ ਕਾਰਵਾਈ ਖ਼ਿਲਾਫ਼ ਜ਼ਿਲ੍ਹੇ ਦੀਆਂ ਡੇਢ ਦਰਜਨ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਵਫਦ ਨੇ ਏ ਡੀ ਸੀ ਬਠਿੰਡਾ ਪੂਨਮ ਸਿੰਘ ਨੂੰ ਮਿਲ ਕੇ ਸਖ਼ਤ ਰੋਸ ਦਰਜ਼ ਕਰਵਾਇਆ । ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਸੌਂਪ ਕੇ ਪੁਲਿਸ ਵੱਲੋਂ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਕਿਸਾਨਾਂ 'ਤੇ ਹਮਲਾ ਕਰਨ,ਅਥਰੂ ਗੈਸ ਦੇ ਗੋਲੇ ਸੁੱਟਣ ,ਪੱਥਰ ਮਾਰਨ ਅਤੇ ਲਾਠੀਚਾਰਜ ਕਰਕੇ ਪਿੰਡ ਮਾੜੀ ਦੇ ਕਿਸਾਨ ਦੀ ਲੱਤ ਤੋੜਣ, ਇੱਕ ਕਿਸਾਨ ਦਾ ਹੱਥ ਪਾੜਣ ਅਤੇ ਪਿੰਡ ਦੇ ਮਜ਼ਦੂਰ ਘਰਾਂ ਵਿੱਚ ਅਥਰੂ ਗੈਸ ਦੇ ਗੋਲੇ ਦਾਗ ਕੇ ਮਜ਼ਦੂਰ ਮੰਗਾ ਸਿੰਘ ਤੇ ਸ਼ਿੰਦਾ ਸਿੰਘ ਮਜ਼ਦੂਰ ਦੀਆਂ ਬੱਕਰੀਆਂ ਬੇਹੋਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ , ਮਜ਼ਦੂਰਾਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨ, ਜੇਲੀਂ ਡੱਕੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਅੱਜ਼ ਗਿਰਫ਼ਤਾਰ ਕੀਤੇ ਕਿਸਾਨਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ।
ਵਫ਼ਦ ਵੱਲੋਂ ਏ ਡੀ ਸੀ ਕੋਲ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਜਥੇਬੰਦੀਆਂ ਦੇ ਡੈਪੂਟੇਸ਼ਨ ਨੂੰ ਖੱਜਲ ਖੁਆਰ ਕਰਨ ਦਾ ਮੁੱਦਾ ਵੀ ਉਠਾਇਆ।ਅੱਜ਼ ਦੇ ਡੈਪੂਟੇਸ਼ਨ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਲਛਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਸਭਾ ਤੋਂ ਮਿੱਠੂ ਸਿੰਘ ਘੁੱਦਾ, ਜਮਹੂਰੀ ਕਿਸਾਨ ਸਭਾ ਤੋਂ ਮਲਕੀਤ ਸਿੰਘ, ਬੀ.ਕੇ.ਯੂ. ਡਕੌਂਦਾ ਧਨੇਰ ਤੋਂ ਗੁਰਦੀਪ ਸਿੰਘ ਰਾਮਪੁਰਾ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਤੋਂ ਕੁਲਦੀਪ ਸਿੰਘ,ਜਮਹੂਰੀ ਅਧਿਕਾਰ ਸਭਾ ਤੋਂ ਐਡਵੋਕੇਟ ਸੁਦੀਪ, ਡੀ ਟੀ ਐੱਫ ਤੋਂ ਬਲਜਿੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਵਰਾ, 1158 ਪ੍ਰੋ.ਅਤੇ ਲਾਇਬ੍ਰੇਰੀਅਨ ਫਰੰਟ ਤੋਂ ਜਸਕਰਨ ਸਿੰਘ, ਟੀ ਐੱਸ ਯੂ ਭੰਗਲ ਤੋਂ ਚੰਦਰ ਸ਼ਰਮਾ, ਪੀ.ਐੱਸ.ਯੂ. (ਸ਼ਹੀਦ ਰੰਧਾਵਾ) ਤੋਂ ਗੁਰਵਿੰਦਰ ਸਿੰਘ,ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਮਹਿੰਦਰਪਾਲ ਸਿੰਘ, ਪੀ.ਐੱਸ.ਯੂ.(ਲਲਕਾਰ) ਤੋਂ ਪਰਮਿੰਦਰ ਕੌਰ, ਡੀ.ਟੀ.ਐੱਫ. ਤੋਂ ਬੇਅੰਤ ਸਿੰਘ ਫੂਲੇਵਾਲਾ ,ਪਲਸ ਮੰਚ ਤੋਂ ਜਗਸੀਰ ਜੀਦਾ ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਏ ਡੀ ਸੀ ਵੱਲੋਂ ਵਫ਼ਦ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ।