ਨਸ਼ਿਆਂ ਵਿਰੁੱਧ 'ਮਿਸ਼ਨ ਪ੍ਰਹਾਰ': ਦੋਰਾਹਾ ਦਾ ਨਾਮੀ ਕਾਰੋਬਾਰੀ ਡੋਪ ਟੈਸਟ ਵਿੱਚ ਫੇਲ੍ਹ, ਪੁਲਿਸ ਵੱਲੋਂ ਮੁਕੱਦਮਾ ਦਰਜ
Ravinder Singh
ਦੋਰਾਹਾ/ਖੰਨਾ: 15 ਫਰਵਰੀ, 2026
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿੱਢੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਮਿਸ਼ਨ ਪ੍ਰਹਾਰ-2' ਦੇ ਤਹਿਤ ਦੋਰਾਹਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਉੱਘੇ ਕਾਰੋਬਾਰੀ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਥਾਣੇਦਾਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਰੋਕੇ ਗਏ ਇੱਕ ਵਿਅਕਤੀ ਨੇ ਆਪਣੀ ਪਛਾਣ ਦੋਰਾਹਾ ਦੇ ਪ੍ਰਸਿੱਧ ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ਼ ਹਨੀ ਸੇਠੀ ਪੁੱਤਰ ਕੁਲਵੀਰ ਸਿੰਘ ਵਜੋਂ ਦੱਸੀ।
ਸ਼ੱਕ ਪੈਣ 'ਤੇ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਲਿਜਾਇਆ ਗਿਆ, ਜਿੱਥੇ ਮੈਡੀਕਲ ਮਾਹਿਰਾਂ ਦੀ ਦੇਖ-ਰੇਖ ਹੇਠ ਉਸ ਦਾ ਡੋਪ ਟੈਸਟ ਕਰਵਾਇਆ ਗਿਆ। ਇਸ ਟੈਸਟ ਦੀ ਰਿਪੋਰਟ ਪੋਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਨੀ ਸੇਠੀ ਵਿਰੁੱਧ ਮੁਕੱਦਮਾ ਨੰਬਰ 36, ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 27-61-85 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਸ ਕਿਸਮ ਦਾ ਨਸ਼ਾ ਕਰ ਰਿਹਾ ਸੀ ਅਤੇ ਇਹ ਨਸ਼ੀਲੇ ਪਦਾਰਥ ਉਸ ਨੂੰ ਕਿੱਥੋਂ ਅਤੇ ਕਿਹੜੇ ਸਰੋਤਾਂ ਰਾਹੀਂ ਸਪਲਾਈ ਕੀਤੇ ਜਾ ਰਹੇ ਸਨ।