ਬਹਿਰਾਮਪੁਰ ਕਤਲ ਕਾਂਡ 'ਚ ਨਵਾਂ ਮੋੜ: ਪੁੱਤਰਾਂ ਨੂੰ ਬਚਾਉਣ ਲਈ ਸੱਸ ਨੇ ਕਤਲ ਦਾ ਇਲਜ਼ਾਮ ਲਿਆ ਆਪਣੇ ਸਿਰ
ਸੱਸ ਨੇ ਪੁੱਤਰਾਂ ਨੂੰ ਬਚਾਉਣ ਲਈ ਨੂੰਹ ਦੇ ਕਤਲ ਦਾ ਇਲਜ਼ਾਮ ਲਿਆ ਆਪਣੇ ਸਿਰ ਤੇ
ਮ੍ਰਿਤਕਾ ਦਾ ਪਰਿਵਾਰ ਕਹਿੰਦਾ ਅਸਲੀ ਦੋਸ਼ੀ ਦਿਓਰ ਤੇ ਦਰਾਣੀ ਨੂੰ ਕੀਤਾ ਜਾਏ ਗਿਰਫਤਾਰ
ਰੋਹਿਤ ਗੁਪਤਾ , ਗੁਰਦਾਸਪੁਰ
ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਵਿਆਹੀ ਗੁਰਲੀਨ ਕੌਰ ਦੀ ਦੋ ਦਿਸੰਬਰ 2025 ਨੂੰ ਮੌਤ ਹੋ ਗਈ ਸੀ, ਜਿਸ ਦੇ ਪਿਤਾ ਨਵੀਨ ਸੈਣੀ ਦੇ ਬਿਆਨਾਂ ਦੇ ਆਧਾਰ ਤੇ ਬਹਿਰਾਮਪੁਰ ਥਾਣੇ ਵਿਖੇ ਉਸਦੇ ਪਤੀ ਮਨਜੀਤ ਸੈਣੀ ਦਿਓਰ ਦਲਜੀਤ ਅਤੇ ਦਿਓਰ ਦੀ ਪਤਨੀ ਪੂਨਮ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਮ੍ਰਿਤਕਾ ਦੇ ਪਤੀ ਮਨਜੀਤ ਸੈਣੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਮਾਮਲੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੀ ਨੂੰਹ ਦੇ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ ਤੇ ਕਬੂਲ ਕਰਨ ਉਪਰੰਤ ਪੁਲਿਸ ਨੇ ਉਸਨੂੰ ਵੀ ਗਿਰਫਤਾਰ ਕਰ ਲਿਆ। ਫਿਲਹਾਲ ਦੋਵੇਂ ਮਾਂ ਪੁੱਤ ਜੇਲ ਵਿੱਚ ਹਨ ਪਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸਲੀ ਦੋਸ਼ੀ ਮ੍ਰਿਤਕਾ ਗੁਰਲੀਨ ਕੌਰ ਦੇ ਦਿਓਰ ਅਤੇ ਦਰਾਣੀ ਹਨ ਜੋ ਪੁਲਿਸ ਦੀ ਗਰਿਫਤ ਤੋਂ ਬਾਹਰ ਹਨ। ਗੁਰਲੀਨ ਕੌਰ ਦਾ ਸਹੁਰਾ ਕਸਤੂਰੀ ਲਾਲ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਗੁਰਲੀਨ ਦਾ ਦਿਓਰ ਦਿਲਜੀਤ ਅਤੇ ਉਸ ਦੀ ਪਤਨੀ ਪੂਨਮ ਉਸ ਦੀ ਵੱਡੀ ਨੂੰ ਗੁਰਲੀਨ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸਨ ਅਤੇ ਉਸ ਦੀ ਮਾਰਕੁਟਾਈ ਵੀ ਕਰਦੇ ਸਨ। ਉਹਨਾਂ ਵੱਲੋਂ ਹੀ ਗੁਰਲੀਨ ਕੌਰ ਦਾ 2 ਦਿਸੰਬਰ ਨੂੰ ਗਲਾ ਘੋਟ ਕੇ ਕਤਲ ਕੀਤਾ ਗਿਆ ਸੀ। ਮ੍ਰਿਤਕਾ ਗੁਰਲੀਨ ਕੌਰ ਦੇ ਪਿਤਾ ਨਵੀਨ ਸੈਨੀ ਅਤੇ ਸਹੁਰੇ ਕਸਤੂਰੀ ਲਾਲ ਦੋਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਤਲ ਦੇ ਅਸਲੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਮੰਗ ਨੂੰ ਲੈ ਕੇ ਅੱਜ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।