ਸਿਵਲ ਸਰਜਨ ਵੱਲੋਂ ਕੈਂਸਰ ਜਾਂਚ ਦੌਰਾਨ ਸੇਵਾ ਨਿਭਾਉਣ ਵਾਲੀਆਂ ਆਸ਼ਾ ਵਰਕਰ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 6 ਫਰਵਰੀ 2026 :ਸਿਹਤ ਵਿਭਾਗ ਵੱਲੋਂ ਸਮਾਜ ਸੇਵੀ ਸੰਸਥਾ ਕੈਂਪਿੰਡ ਦੇ ਸਹਿਯੋਗ ਨਾਲ ਪਰਸਰਾਮ ਨਗਰ ਵਿਖੇ ਲਗਾਏ ਗਏ ਕੈਂਸਰ ਸਕਰੀਨਿੰਗ ਕੈਂਪ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਆਸ਼ਾ ਵਰਕਰ ਸ੍ਰੀਮਤੀ ਲਲਿਤਾ, ਸ੍ਰਮਤੀ ਸੁਨੀਤਾ ਰਾਣੀ,ਸ੍ਰੀਮਤੀ ਬਬੀਤਾ,ਸ੍ਰੀਮਤੀ ਕੁਲਵਿੰਦਰ ਕੌਰ ਅਤੇ ਸ੍ਰੀ ਮਤੀ ਕ੍ਰਿਸ਼ਨਾ ਰਾਣੀ ਨੂੰ ਸਿਵਲ ਸਰਜਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ, ਜੋ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਸਮੇਂ-ਸਿਰ ਪਛਾਣ ਲਈ ਸਕਰੀਨਿੰਗ ਬਹੁਤ ਜ਼ਰੂਰੀ ਹੈ ਅਤੇ ਇਸ ਵਿੱਚ ਆਸ਼ਾ ਵਰਕਰਾਂ ਦਾ ਯੋਗਦਾਨ ਬੇਹੱਦ ਸਰਾਹਣਯੋਗ ਹੈ।
ਕੈਂਪ ਦੌਰਾਨ ਆਸ਼ਾ ਵਰਕਰਾਂ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਲੱਛਣਾਂ ਦੇ ਅਧਾਰ ਤੇ ਪਹਿਚਾਣ ਕਰਕੇ ਕੈਂਪ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਂਚ ਸੰਭਵ ਹੋ ਸਕੀ। ਸਿਵਲ ਸਰਜਨ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਸ਼ਾ ਵਰਕਰ ਇਸੇ ਤਰ੍ਹਾਂ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੀਆਂ ਰਹਿਣਗੀਆਂ। ਡਾ ਕਰਨ ਅਬਰੋਲ ਨੇ ਦੱਸਿਆ ਕਿ ਮੂੰਹ ਦੇ ਕੈਂਸ਼ਰ ਦੀ ਜਾਂਚ ਲਈ ਨੇੜਲੇ ਸਿਹਤ ਕੇਂਦਰ ਵਿੱਚ ਹਰ ਦੋ ਸਾਲ ਬਾਅਦ ਰੂਟੀਨ ਜਾਂਚ ਕਰਾਉਣੀ ਚਾਹੀਦੀ ਹੈ । ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ,ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ,ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਹਾਜਰ ਸਨ ।