ਸੰਤ ਸੀਚੇਵਾਲ ਨੇ ਜਨਮ ਦਿਨ ਨੂੰ ਬਣਾਇਆ ਲੋਕ-ਸੇਵਾ ਦਾ ਪ੍ਰਤੀਕ; ਪਿੰਡਾਂ ਨੂੰ ਵੰਡੀਆਂ ਸਟੇਨਲੈੱਸ ਸਟੀਲ ਦੀਆਂ ਟੈਂਕੀਆਂ
ਸੰਤ ਸੀਚੇਵਾਲ ਨੇ ਜਨਮ ਦਿਨ ਨੂੰ ਬਣਾਇਆ ਲੋਕ-ਸੇਵਾ ਦਾ ਸੰਦੇਸ਼
ਪਿੰਡਾਂ ਨੂੰ ਸਟੇਨਲੈਸ ਸਟੀਲ ਪਾਣੀ ਟੈਂਕੀਆਂ ਭੇਟ, ਲੋਕਾਂ ਵੱਲੋਂ ਭਰਪੂਰ ਧੰਨਵਾਦ
ਐਮਪੀ ਲੈਂਡ ਫੰਡ ਦੀ ਗਰਾਂਟ ਨਾਲ ਸਾਫ਼ ਪਾਣੀ ਤੇ ਵਾਤਾਵਰਨ ਸੰਭਾਲ ਨੂੰ ਮਿਲੀ ਤਾਕਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ: 2 ਜਨਵਰੀ 2026 ਰਾਜ ਸਭਾ ਮੈਂਬਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣਾ ਜਨਮ ਦਿਨ ਸਧਾਰਣ ਰਸਮਾਂ ਤੋਂ ਉੱਪਰ ਉੱਠ ਕੇ ਲੋਕ-ਹਿੱਤ ਅਤੇ ਪ੍ਰਕਿਰਤੀ ਸੰਭਾਲ ਨੂੰ ਸਮਰਪਿਤ ਕੀਤਾ। ਉਨ੍ਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਲਈ ਸਟੇਨਲੈਸ ਸਟੀਲ ਦੀਆਂ ਟੈਂਕੀਆਂ ਵੰਡੀਆਂ ਗਈਆਂ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।
ਇਹ ਸਾਰੀ ਯੋਜਨਾ ਰਾਜ ਸਭਾ ਮੈਂਬਰ ਐਮਪੀ ਲੈਂਡ ਫੰਡ ਦੀ ਗਰਾਂਟ ਵਿੱਚੋਂ ਲਾਗੂ ਕੀਤੀ ਗਈ ਹੈ, ਜਿਸ ਨੂੰ ਲੋਕਾਂ ਨੇ ਇੱਕ ਦੂਰਅੰਦੈਸ਼ੀ ਅਤੇ ਜ਼ਮੀਨੀ ਪੱਧਰ ਦੀ ਸੋਚ ਕਹਿੰਦੇ ਹੋਏ ਸੰਤ ਸੀਚੇਵਾਲ ਦਾ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅਜਿਹੀਆਂ ਪਹਲਾਂ ਨਾਲ ਨਾ ਸਿਰਫ਼ ਸਿਹਤ ਸਹੂਲਤਾਂ ਸੁਧਰਦੀਆਂ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਭਵਿੱਖ ਬਣਦਾ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਕੁਦਰਤ ਦੀ ਸਭ ਤੋਂ ਵੱਡੀ ਦਾਤ ਹੈ ਅਤੇ ਇਸ ਦੀ ਸੰਭਾਲ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਫ਼ਜ਼ੂਲ ਖਪਤ ਰੋਕੀ ਜਾਵੇ, ਦਰੱਖ਼ਤ ਲਗਾਏ ਜਾਣ ਅਤੇ ਨਦੀਆਂ-ਨਾਲਿਆਂ ਨੂੰ ਸਾਫ਼ ਰੱਖਣ ਲਈ ਸਾਂਝੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਜਨਮ ਦਿਨ ਦੇ ਮੌਕੇ ਸੰਗਤਾਂ, ਪਿੰਡ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸੰਤ ਸੀਚੇਵਾਲ ਨੂੰ ਲੰਬੀ ਉਮਰ ਅਤੇ ਚੰਗੀ ਸਿਹਤ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਵਾਤਾਵਰਨ ਬਚਾਉ ਮੁਹਿੰਮ ਨਾਲ ਕਦਮ ਮਿਲਾ ਕੇ ਚੱਲਣ ਦਾ ਵਾਅਦਾ ਕੀਤਾ ਗਿਆ।