ਸੰਯੁਕਤ ਕਿਸਾਨ ਮੋਰਚੇ ਵੱਲੋਂ ਰੂਪਨਗਰ ਵਿਖੇ ਟਰੈਕਟਰ ਮਾਰਚ ਕੱਢਿਆ
ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰੇ ਅਤੇ ਪੰਜਾਬ ਸਰਕਾਰ ਪੰਚਾਇਤਾਂ ਤੋਂ ਮੁਆਫ ਕੀਤੇ ਪੀਣ ਵਾਲੇ ਪਾਣੀ ਦੇ ਬਿੱਲ ਲੈਣੇ ਤੁਰੰਤ ਰੋਕੇ:ਕਿਸਾਨ ਆਗੂ
ਮਨਪ੍ਰੀਤ ਸਿੰਘ
ਰੂਪਨਗਰ 27 ਜਨਵਰੀ:
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਗਣਤੰਤਰ ਦਿਵਸ ਮੌਕੇ ਰੂਪਨਗਰ ਵਿਖੇ ਵੱਖ ਵੱਖ ਪਿੰਡਾਂ ਤੋਂ ਟਰੈਕਟਰਾਂ ਸਮੇਤ ਆਏ ਕਿਸਾਨਾਂ ਨੇ ਪਹਿਲਾਂ ਅਨਾਜ ਮੰਡੀ ਰੂਪਨਗਰ ਵਿਖੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ,ਉਸ ਉਪਰੰਤ ਰੇਲਵੇ ਸਟੇਸ਼ਨ ਰੂਪਨਗਰ ਤੱਕ ਟਰੈਕਟਰ ਮਾਰਚ ਕੀਤਾ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਉੱਤੇ ਲਗਾਤਾਰ ਕੁਹਾੜਾ ਚਲਾ ਕੇ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ ਜਿਸ ਦਾ ਕਿ ਮਿਹਨਤ ਆਵਾਮ ਡੱਟ ਕੇ ਵਿਰੋਧ ਕਰ ਰਹੇ ਹਨ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੰਮ ਕਰੇ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਬਣੇ 29 ਕਾਨੂੰਨ ਲਾਗੂ ਕਰੇ ,ਮਨਰੇਗਾ ਨੂੰ ਬਹਾਲ ਕਰੇ,ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਰੱਦ ਕਰੇ। ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਖੇਤੀ ਫੇਲ੍ਹ ਹੋ ਰਹੀ ਹੈ ਜਿਸ ਕਾਰਨ ਬੇਰੁਜ਼ਗਾਰੀ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਅਤੇ ਪੰਜਾਬ ਵਿੱਚੋਂ ਜਵਾਨੀ ਵਿਦੇਸ਼ਾਂ ਨੂੰ ਰੁਜ਼ਗਾਰ ਲਈ ਪਲਾਇਨ ਕਰ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਤੋਂ ਪੀਣ ਵਾਲੇ ਪਾਣੀ ਦੀਆਂ ਮੋਟਰਾਂ ਦੇ ਬਿੱਲ ਇਕੱਠੇ ਕਰਨ ਖਿਲਾਫ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਬਿੱਲ ਜੋ ਪਿਛਲੀ ਸਰਕਾਰ ਦੁਆਰਾ ਮਾਫ ਕੀਤੇ ਗਏ ਸਨ, ਇਹਨਾਂ ਬਿੱਲਾਂ ਦੀ ਉਗਰਾਹੀ ਤੁਰੰਤ ਰੋਕੇ।ਇਸ ਮੌਕੇ ਸੀਨੀਅਰ ਕਿਸਾਨ ਆਗੂ ਕਾਮਰੇਡ ਦਲੀਪ ਸਿੰਘ ਘਨੌਲਾ,ਜਗਦੀਸ਼ ਲਾਲ ਐਸਡੀਓ, ਜਰਨੈਲ ਸਿੰਘ ਘਨੋਲਾ, ਨਿਰਮਲ ਸਿੰਘ ਲੋਦੀ ਮਾਜਰਾ ,ਸੁਖਬੀਰ ਸਿੰਘ ਸੁੱਖਾ ,ਹਰਦੇਵ ਸਿੰਘ ਖੇੜੀ ,ਕਾਮਰੇਡ ਗੁਰਦੇਵ ਸਿੰਘ ਬਾਗੀ, ਤਰਲੋਚਨ ਸਿੰਘ ਹੁਸੈਨਪੁਰ ,ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ,ਭਗਤ ਸਿੰਘ ਬਿੱਕੋਂ,ਸ਼ਮਸ਼ੇਰ ਸਿੰਘ ਹਵੇਲੀ, ਮੋਹਨ ਸਿੰਘ ਬਹਾਦਰਪੁਰ ,ਰਾਮ ਲੋਕ ਬਹਾਦਰਪੁਰ ,ਧਰਮਿੰਦਰ ਸਿੰਘ ਚੱਕ ਕਰਮਾਂ,ਜੁਝਾਰ ਸਿੰਘ ਸਿਲੋ ਮਾਸਕੋ ਆਦਿ ਹਾਜ਼ਰ ਸਨ।