Babushahi Special ਚਾਈਨਾ ਡੋਰ: ਪ੍ਰਸ਼ਾਸਨ ਦੇ ਖੋਖਲੇ ਦਾਅਵੇ ਅਤੇ ਮੌਤ ਦਾ ਖੁੱਲ੍ਹਾ ਨੰਗਾ ਨਾਚ
ਸੁਖਮਿੰਦਰ ਭੰਗੂ
ਲੁਧਿਆਣਾ 25 ਜਨਵਰੀ 2026- ਅੱਜ ਫਿਰ ਚੀਨੀ ਡੋਰ (ਸਿੰਥੈਟਿਕ ਮਾਂਝੇ) ਨੇ ਇੱਕ 15 ਸਾਲਾ ਨੌਜਵਾਨ, ਤਰਨਜੋਤ ਸਿੰਘ ਦੀ ਜਾਨ ਲੈ ਲਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇੱਕ ਮਾਸੂਮ ਦੀ ਜਾਨ ਸਿਰਫ਼ ਇਸ ਲਈ ਚਲੀ ਗਈ ਕਿਉਂਕਿ ਕਿਸੇ ਨੇ ਆਪਣੀ ਮਨੋਰੰਜਨ ਲਈ ਪਾਬੰਦੀਸ਼ੁਦਾ ਡੋਰ ਦੀ ਵਰਤੋਂ ਕੀਤੀ।
ਕਦੋਂ ਤੱਕ ਅਸੀਂ ਚੀਨੀ ਡੋਰ ਦੇ ਨਾਂ 'ਤੇ ਹੁੰਦੇ ਇਨ੍ਹਾਂ ਕਤਲਾਂ ਨੂੰ "ਹਾਦਸਾ" ਕਹਿ ਕੇ ਪੱਲਾ ਝਾੜਦੇ ਰਹਾਂਗੇ? ਪਿੰਡ ਰੋਹਲਣ ਦੇ 15 ਸਾਲਾ ਤਰਨਜੋਤ ਦੀ ਮੌਤ ਕੋਈ ਇਤਫ਼ਾਕ ਨਹੀਂ, ਸਗੋਂ ਸਿਸਟਮ ਅਤੇ ਲਾਲਚੀ ਲੋਕਾਂ ਵੱਲੋਂ ਕੀਤਾ ਗਿਆ ਕਤਲ ਹੈ। ਲਾਲਚੀ ਵਿਕਰੇਤਾਵਾਂ ਅਤੇ ਗੈਰ-ਜ਼ਿੰਮੇਵਾਰ ਪਤੰਗਬਾਜ਼ਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ।
ਤੁਹਾਡਾ ਸ਼ੌਕ ਕਿਸੇ ਦਾ ਘਰ ਉਜਾੜੂ/ਖੂਨੀ ਕਮਾਈ ਬੰਦ ਕਰੋ
ਤੁਹਾਡੇ ਪਤੰਗ ਕੱਟਣ ਦੇ ਚਾਅ ਨੇ ਅੱਜ ਇੱਕ ਮਾਂ ਦਾ ਇਕਲੌਤਾ ਪੁੱਤ ਖੋਹ ਲਿਆ। ਕੀ ਤੁਹਾਡੀ ਮਨੋਰੰਜਨ ਦੀ ਕੀਮਤ ਕਿਸੇ ਦੀ ਜ਼ਿੰਦਗੀ ਤੋਂ ਵੱਧ ਹੈ? ਜੋ ਦੁਕਾਨਦਾਰ ਚੋਰੀ-ਛਿਪੇ ਇਹ ਡੋਰ ਵੇਚ ਰਹੇ ਹਨ, ਯਾਦ ਰੱਖੋ ਕਿ ਤੁਹਾਡੇ ਹੱਥ ਮਾਸੂਮਾਂ ਦੇ ਖੂਨ ਨਾਲ ਰੰਗੇ ਹੋਏ ਹਨ। ਇਹ ਪੈਸਾ ਤੁਹਾਡੇ ਘਰ ਬਰਕਤ ਨਹੀਂ, ਬਦਦੁਆਵਾਂ ਲੈ ਕੇ ਆਵੇਗਾ। ਹਰ ਸਾਲ ਤਿਉਹਾਰ ਨੇੜੇ ਆਉਂਦੇ ਹੀ ਪ੍ਰਸ਼ਾਸਨ ਵੱਲੋਂ 'ਚਾਈਨਾ ਡੋਰ' 'ਤੇ ਪਾਬੰਦੀ ਦੇ ਵੱਡੇ-ਵੱਡੇ ਦਾਅਵੇ ਹਵਾ ਵਿੱਚ ਗੂੰਜਣ ਲੱਗਦੇ ਹਨ। ਪਰ ਅਫ਼ਸੋਸ! ਇਹ ਦਾਅਵੇ ਸਿਰਫ਼ ਕਾਗਜ਼ਾਂ ਅਤੇ ਅਖ਼ਬਾਰੀ ਸੁਰਖੀਆਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਜਦੋਂ ਮੈਦਾਨੀ ਹਕੀਕਤ ਦੇਖੀਏ ਤਾਂ ਹਰ ਗਲੀ-ਮੋੜ 'ਤੇ ਬੱਚਿਆਂ ਦੇ ਹੱਥਾਂ ਵਿੱਚ ਇਹ 'ਕਾਤਲ ਡੋਰ' ਲਹਿਰਾਉਂਦੀ ਨਜ਼ਰ ਆਉਂਦੀ ਹੈ, ਜੋ ਪ੍ਰਸ਼ਾਸਨਿਕ ਚੌਕਸੀ ਦੀ ਫੂਕ ਕੱਢਣ ਲਈ ਕਾਫ਼ੀ ਹੈ।
ਪ੍ਰਸ਼ਾਸਨ ਹਰ ਸਾਲ ਬੜੇ ਵੱਡੇ ਵੱਡੇ ਦਾਅਵਿਆਂ ਨਾਲ ਸ਼ੁਰੂ ਹੁੰਦਾ ਹੈ ਕਿ ਚਾਈਨਾ ਡੋਰ ਦੀ ਵਿਕਰੀ ਤੇ ਪੂਰਨ ਪਾਬੰਦੀ ਹੈ। ਅਤੇ ਨਹੀਂ ਵਿਕਣ ਦਿੱਤੀ ਜਾਵੇਗੀ। ਪਰ ਜਿਉਂ ਜਿਉਂ ਹੀ ਲੋਹੜੀ ਦਾ ਤਿਉਹਾਰ ਨੇੜੇ ਆਉਂਦਾ ਜਾਂਦਾ ਹੈ ਹਰ ਬੱਚੇ ਦੇ ਹੱਥ ਵਿੱਚ ਚਾਈਨਾ ਡੋਰ ਹੀ ਨਜ਼ਰ ਆ ਰਹੀ ਹੈ ਅਕਸਰ ਇਹ ਸਰਕਾਰ ਪ੍ਰਸ਼ਾਸਨ ਦੇ ਕੀਤੇ ਦਾਅਵਿਆਂ ਦੀ ਫੂਕ ਨਿਕਲਦੀ ਵੇਖੀ ਜਾ ਸਕਦੀ ਹੈ।
ਚਾਈਨਾ ਡੋਰ ਜੋ ਕਿ ਸਰਕਾਰ ਵੱਲੋਂ ਬੈਨ ਹੈ,ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਚਾਈਨਾ ਡੋਰ ਬੈਨ ਹੋਣ ਦੇ ਬਾਵਜੂਦ ਵੀ ਕਿੱਥੋਂ ਆ ਰਹੀ ਹੈ ਇੱਕ ਸਵਾਲੀਆ ਨਿਸ਼ਾਨ ਹੀ ਬਣ ਕੇ ਰਹਿ ਚੁੱਕੀ ਹੈ। ਹਰ ਸਾਲ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਛੱਡੇ ਆਪਣੇ ਡ੍ਰੋਨ,ਰਾਹੀਂ ਚਾਈਨਾ ਡੋਰ ਫੜਨ ਦਾ ਡਰ ਪਾਇਆ ਜਾਂਦਾ ਹੈ ਪਰ ਗ੍ਰਿਫਤਾਰੀ ਕੋਈ ਵੀ ਹੁੰਦੀ ਨਹੀਂ ਵੇਖੀ ਡਰੋਨ ਛੱਡਣ ਨਾਲੋਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਗਰਾਊਂਡ ਲੈਵਲ ਤੇ ਆਣ ਕੇ ਚੈੱਕ ਕਰਨ ਅਤੇ ਜੋ ਵੀ ਚਾਈਨਾ ਡੋਰ ਨਾਲ ਗੁੱਡੀ ਉਡਾਉਂਦਾ ਪਾਇਆ ਗਿਆ ਉਸ ਤੇ ਕਾਰਵਾਈ ਕਰਨ।
ਬੰਦੇ ਮਾਰੂ ਡੋਰ ਜੋ ਕਿ ਹਰ ਸਾਲ ਹੀ ਇਸ ਡੋਰ ਦੀ ਵਜਾ ਕਰਕੇ ਬਹੁਤ ਲੋਕਾਂ ਦੀ ਜਾਨ ਵੀ ਗਈ,ਕਈ ਲੋਕ ਜਖਮੀ ਵੀ ਹੋਏ, ਪਰ ਹਾਲਾਤ ਜਿਉਂ ਦੇ ਤਿਉਂ ਹੀ ਰਹੇ। ਜਿੱਥੇ ਚਾਈਨਾ ਡੋਰ ਨੇ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਕੀਤਾ ਉੱਥੇ ਲੋਕਾਂ ਦਾ ਧਾਗੇ ਵਾਲੀ ਡੋਰ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਿਆ ਅਤੇ ਰੋਜੀ ਰੋਟੀ ਤੋਂ ਵਾਂਝੇ ਹੋ ਕੇ ਰਹਿ ਗਏ। ਜਿੱਥੇ ਇਹ ਸਿੰਥੈਟਿਕ ਡੌਰ ਇਨਸਾਨਾਂ ਵਾਸਤੇ ਖਤਰਨਾਕ ਸਾਬਿਤ ਹੋ ਰਹੀ ਹੈ ਉੱਥੇ ਹੀ ਪੰਛੀਆਂ ਉਤੇ ਵੀ ਬਿਪਤਾ ਬਣੀ ਹੋਈ ਹੈ।
ਪਤਾ ਨਹੀਂ ਕਿੰਨੇ ਹੀ ਪੰਛੀ ਵੀ ਇਸ ਬੰਦੇ ਮਾਰੂ ਡੋਰ ਦੀ ਭੇਂਟ ਚੜ੍ਹੇ ਹਨ ਸੋ ਪ੍ਰਸ਼ਾਸਨ ਚਾਹੀਦਾ ਹੈ ਕਿ ਜਿੱਥੇ ਚਾਈਨਾ ਡੋਰ ਨੂੰ ਬੰਦ ਕਰਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਉਥੇ ਹੀ ਆਪਣੇ ਅਸਮਾਨੀ ਡਰੋਨਾਂ ਨੂੰ ਛੱਡ ਕੇ ਜ਼ਮੀਨੀ ਪੱਧਰ ਤੇ ਸਖ਼ਤਾਈ ਕੀਤੀ ਜਾਵੇ ਤਾਂ ਜ਼ੋ ਇਨਸਾਨਾਂ ਦੀਆਂ ਕੀਮਤੀ ਜਾਨਾਂ ਬਚ ਸਕਣ ਅਤੇ ਪੰਛੀ ਵੀ ਸੁਖ ਦਾ ਸਾਹ ਲੈ ਸਕਣ ਸੋ ਵੇਖਣਾਂ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਚਾਈਨਾ ਡੋਰ ਦੇ ਵਿਕਰੇਤਾ ਤੇ ਕੋਈ ਕਾਰਵਾਈ ਕਰਨਗੇ ਜਾਂ ਉਹਨਾਂ ਤੇ ਮਿਹਰਬਾਨ ਹੋਣਗੇ।
ਸਵਾਲਾਂ ਦੇ ਘੇਰੇ ਵਿੱਚ ਪ੍ਰਸ਼ਾਸਨ
ਇੱਕ ਸਵਾਲ ਅੱਜ ਵੀ ਬੁਝਾਰਤ ਬਣਿਆ ਹੋਇਆ ਹੈ—ਜੇਕਰ ਚਾਈਨਾ ਡੋਰ 'ਤੇ ਪੂਰਨ ਪਾਬੰਦੀ ਹੈ, ਤਾਂ ਫਿਰ ਇਹ ਬਾਜ਼ਾਰਾਂ ਵਿੱਚ ਪਹੁੰਚ ਕਿਵੇਂ ਰਹੀ ਹੈ? ਕੀ ਇਹ ਸਭ ਪ੍ਰਸ਼ਾਸਨ ਦੀ ਨੱਕ ਹੇਠ ਨਹੀਂ ਹੋ ਰਿਹਾ?ਸਿਰਫ਼ ਕਾਗਜ਼ਾਂ ਵਿੱਚ ਪਾਬੰਦੀ ਲਗਾਉਣਾ ਕਾਫ਼ੀ ਨਹੀਂ! ਜੇ ਹਾਈਵੇਅ 'ਤੇ ਡੋਰਾਂ ਘੁੰਮ ਰਹੀਆਂ ਹਨ, ਤਾਂ ਪੁਲਿਸ ਅਤੇ ਪ੍ਰਸ਼ਾਸਨ ਕੀ ਕਰ ਰਿਹਾ ਹੈ? ਸਾਨੂੰ ਸਖ਼ਤ ਛਾਪੇਮਾਰੀ ਅਤੇ ਮੌਕੇ 'ਤੇ ਜੇਲ੍ਹ ਚਾਹੀਦੀ ਹੈ।
ਡਰੋਨਾਂ ਦਾ ਦਿਖਾਵਾ
ਹਰ ਸਾਲ ਅਸਮਾਨ ਵਿੱਚ ਡਰੋਨ ਛੱਡ ਕੇ ਲੋਕਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਨਤੀਜਾ 'ਸਿਫਰ' ਨਿਕਲਦਾ ਹੈ। ਅੱਜ ਤੱਕ ਕਿੰਨੇ ਵੱਡੇ ਸਪਲਾਇਰਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ? ਚੀਨੀ ਡੋਰ ਵੇਚਣ ਵਾਲਿਆਂ 'ਤੇ ਇਰਾਦਾ-ਏ-ਕਤਲ (Section 307/302) ਦੇ ਤਹਿਤ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ।
ਗਰਾਊਂਡ ਲੈਵਲ ਦੀ ਘਾਟ/ ਜਾਨ-ਮਾਲ ਅਤੇ ਵਾਤਾਵਰਣ ਦਾ ਘਾਣ
ਡਰੋਨਾਂ ਰਾਹੀਂ ਅਸਮਾਨੀ ਨਿਗਰਾਨੀ ਕਰਨ ਨਾਲੋਂ ਜ਼ਰੂਰੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਜ਼ਮੀਨੀ ਪੱਧਰ 'ਤੇ ਛਾਪੇਮਾਰੀ ਕਰਨ ਅਤੇ ਵਿਕਰੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ। ਇਹ ਮਹਿਜ਼ ਇੱਕ ਡੋਰ ਨਹੀਂ, ਸਗੋਂ 'ਬੰਦੇ-ਮਾਰੂ' ਹਥਿਆਰ ਹੈ। ਇਸ ਨੇ ਨਾ ਸਿਰਫ਼ ਇਨਸਾਨੀ ਜਾਨਾਂ ਲਈ ਖ਼ਤਰਾ ਪੈਦਾ ਹੀ ਨਹੀਂ ਕੀਤਾ , ਸਗੋਂ ਅਣਗਿਣਤ ਪੰਛੀ ਅਤੇ ਜਾਨਵਰ ਇਸ ਕਾਤਲ ਡੋਰ ਦੀ ਭੇਂਟ ਚੜ੍ਹ ਚੁੱਕੇ ਹਨ।
ਰੋਜ਼ੀ-ਰੋਟੀ 'ਤੇ ਵਾਰ
ਇਸ ਸਿੰਥੈਟਿਕ ਡੋਰ ਨੇ ਸਾਡੇ ਰਵਾਇਤੀ 'ਧਾਗੇ ਵਾਲੀ ਡੋਰ' ਬਣਾਉਣ ਵਾਲੇ ਕਾਰੀਗਰਾਂ ਦਾ ਕਾਰੋਬਾਰ ਤਬਾਹ ਕਰ ਦਿੱਤਾ ਹੈ, ਜਿਸ ਨਾਲ ਕਈ ਪਰਿਵਾਰ ਰੋਟੀਓਂ ਆਤੁਰ ਹੋ ਗਏ ਹਨ। ਹੁਣ ਵਕਤ ਸਿਰਫ਼ ਚਿਤਾਵਨੀਆਂ ਦੇਣ ਦਾ ਨਹੀਂ, ਸਗੋਂ ਸਖ਼ਤ ਐਕਸ਼ਨ ਲੈਣ ਦਾ ਹੈ। ਕੀ ਪ੍ਰਸ਼ਾਸਨ ਸੱਚਮੁੱਚ ਇਨ੍ਹਾਂ ਮੌਤ ਦੇ ਸੌਦਾਗਰਾਂ 'ਤੇ ਨਕੇਲ ਪਾਵੇਗਾ ਜਾਂ ਫਿਰ 'ਮਿਹਰਬਾਨ' ਹੋ ਕੇ ਇਨਸਾਨੀ ਜਾਨਾਂ ਨਾਲ ਖੇਡਣ ਦੀ ਖੁੱਲ੍ਹ ਦਿੰਦਾ ਰਹੇਗਾ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਲੋਕਾਂ ਨੂੰ ਅਪੀਲ
ਜੇਕਰ ਤੁਸੀਂ ਕਿਸੇ ਨੂੰ ਚੀਨੀ ਡੋਰ ਵੇਚਦੇ ਜਾਂ ਵਰਤਦੇ ਦੇਖਦੇ ਹੋ, ਤਾਂ ਚੁੱਪ ਨਾ ਰਹੋ। ਅੱਜ ਕਿਸੇ ਹੋਰ ਦਾ ਬੱਚਾ ਗਿਆ ਹੈ, ਕੱਲ੍ਹ ਤੁਹਾਡੀ ਵਾਰੀ ਹੋ ਸਕਦੀ ਹੈ। ਇਸ ਕਾਤਲ ਡੋਰ ਦਾ ਮੁਕੰਮਲ ਬਾਈਕਾਟ ਕਰੋ!