ਗਣਤੰਤਰ ਦਿਵਸ; ਪ੍ਰਧਾਨ ਜੀ ਨੇ ਰਾਸ਼ਟਰੀ ਗਾਨ ਗਾਉਂਦੇ ਹੀ ਮਾਰ'ਤਾ ਸਲੂਟ, ਪੈ ਗਿਆ ਰੌਲਾ
ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨਿਯਮਾਂ ਤੋਂ ਬੇਖਬਰ
ਅਹੁਦੇ ਦੀ ਮਰਿਆਦਾ ਹੋਈ ਤਾਰ-ਤਾਰ!
ਜਗਰਾਉਂ:(ਦੀਪਕ ਜੈਨ)- 26 ਜਨਵਰੀ ਦਾ ਦਿਹਾੜਾ ਪੂਰੇ ਦੇਸ਼ ਵਿੱਚ ਦੇਸ਼ ਭਗਤੀ ਦੇ ਜਜ਼ਬੇ ਅਤੇ ਅਨੁਸ਼ਾਸਨ ਨਾਲ ਮਨਾਇਆ ਜਾਂਦਾ ਹੈ, ਪਰ ਨਗਰ ਕੌਂਸਲ ਜਗਰਾਉਂ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਪ੍ਰਸ਼ਾਸਨਿਕ ਸੂਝ-ਬੂਝ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਵੱਲੋਂ ਕਥਿਤ ਤੌਰ 'ਤੇ ਰਾਸ਼ਟਰੀ ਗਾਨ 'ਜਨ ਗਨ ਮਨ' ਦੇ ਸਨਮਾਨ ਵਿੱਚ ਵਰਤੀ ਗਈ ਅਣਗਹਿਲੀ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ।
ਪ੍ਰਾਪਤ ਜਾਣਕਾਰੀ ਅਤੇ ਮੌਕੇ ਦੀਆਂ ਤਸਵੀਰਾਂ ਚੀਕ-ਚੀਕ ਕੇ ਬਿਆਨ ਕਰ ਰਹੀਆਂ ਹਨ ਕਿ ਕਾਰਜਕਾਰੀ ਪ੍ਰਧਾਨ ਨੂੰ ਰਾਸ਼ਟਰੀ ਪ੍ਰੋਟੋਕੋਲ ਦੀ ਮੁੱਢਲੀ ਜਾਣਕਾਰੀ ਵੀ ਨਹੀਂ ਹੈ। ਜਦੋਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗਾਨ ਚੱਲ ਰਿਹਾ ਸੀ, ਤਾਂ ਉੱਥੇ ਮੌਜੂਦ ਬੱਚੇ ਅਤੇ ਹੋਰ ਪਤਵੰਤੇ ਸੱਜਣ ਨਿਯਮਾਂ ਮੁਤਾਬਕ 'ਸਾਵਧਾਨ' ਵਿੱਚ ਖੜ੍ਹੇ ਸਨ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਸਮਾਗਮ ਦੀ ਅਗਵਾਈ ਕਰ ਰਹੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਸਾਵਧਾਨ ਖੜ੍ਹਨ ਦੀ ਬਜਾਏ ਲਗਾਤਾਰ ਸਲੂਟ ਮਾਰਦੇ ਨਜ਼ਰ ਆਏ।
ਰਾਸ਼ਟਰੀ ਗਾਨ ਮੌਕੇ ਸਲੂਟ ਨਹੀਂ, 'ਸਾਵਧਾਨ' ਹੁੰਦਾ ਹੈ ਨਿਯਮ
ਭਾਰਤੀ ਫਲੈਗ ਕੋਡ ਅਤੇ ਰਾਸ਼ਟਰੀ ਗਾਨ ਦੇ ਪ੍ਰੋਟੋਕੋਲ ਅਨੁਸਾਰ, ਜਦੋਂ ਵੀ ਰਾਸ਼ਟਰੀ ਗਾਨ ਗਾਇਆ ਜਾਂ ਵਜਾਇਆ ਜਾਂਦਾ ਹੈ, ਤਾਂ ਹਰ ਨਾਗਰਿਕ (ਵਰਦੀਧਾਰੀ ਫੋਰਸਾਂ ਨੂੰ ਛੱਡ ਕੇ) ਨੂੰ ਸਿਰਫ਼ ਅਤੇ ਸਿਰਫ਼ 'ਸਾਵਧਾਨ' ਮੁਦਰਾ ਵਿੱਚ ਖੜ੍ਹੇ ਹੋਣਾ ਹੁੰਦਾ ਹੈ। ਪਰ ਅਫ਼ਸੋਸ, ਨਗਰ ਕੌਂਸਲ ਦੇ ਮੁਖੀ ਹੋਣ ਦੇ ਨਾਤੇ ਜਿਨ੍ਹਾਂ 'ਤੇ ਨਿਯਮਾਂ ਦੀ ਪਾਲਣਾ ਕਰਨ ਅਤੇ ਕਰਵਾਉਣ ਦੀ ਜ਼ਿੰਮੇਵਾਰੀ ਹੈ, ਉਹ ਖੁਦ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਫੜੇ ਗਏ।
ਸਵਾਲਾਂ ਦੇ ਕਟਹਿਰੇ ਵਿੱਚ ਪ੍ਰਧਾਨ
ਇਸ ਘਟਨਾ ਨੇ ਲੋਕਾਂ ਦੇ ਮਨਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਬੁੱਧੀਜੀਵੀ ਵਰਗ ਸਵਾਲ ਪੁੱਛ ਰਿਹਾ ਹੈ ਕਿ, ਕੀ ਇੱਕ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਇੰਨਾ ਵੀ ਗਿਆਨ ਨਹੀਂ ਕਿ ਰਾਸ਼ਟਰੀ ਗਾਨ ਅਤੇ ਝੰਡੇ ਨੂੰ ਸਲੂਟ ਕਰਨ ਦੇ ਵੱਖੋ-ਵੱਖਰੇ ਨਿਯਮ ਕੀ ਹਨ? ਕੀ ਇਹ ਅਣਜਾਣਪੁਣਾ ਹੈ ਜਾਂ ਰਾਸ਼ਟਰੀ ਗਾਨ ਪ੍ਰਤੀ ਗੈਰ-ਸੰਜੀਦਾ ਰਵੱਈਆ? ਜਿਸ ਪ੍ਰਧਾਨ ਨੂੰ ਰਾਸ਼ਟਰੀ ਗਾਨ ਦੇ ਸਨਮਾਨ ਦਾ ਤਰੀਕਾ ਨਹੀਂ ਪਤਾ, ਉਹ ਸ਼ਹਿਰ ਦੀ ਅਗਵਾਈ ਕਿੰਨੀ ਕੁ ਸੂਝ-ਬੂਝ ਨਾਲ ਕਰੇਗਾ? ਇਹ ਘਟਨਾ ਸਿਰਫ਼ ਇੱਕ ਗਲਤੀ ਨਹੀਂ ਬਲਕਿ ਰਾਸ਼ਟਰੀ ਗਾਨ ਦੀ ਤੋਹੀਨ ਵਜੋਂ ਦੇਖੀ ਜਾ ਰਹੀ ਹੈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਸੰਵੇਦਨਸ਼ੀਲ ਮੌਕਿਆਂ 'ਤੇ ਅਨੁਸ਼ਾਸਨਹੀਣਤਾ ਦਿਖਾਉਣ ਵਾਲੇ ਆਗੂਆਂ ਨੂੰ ਆਪਣੀ ਗਲਤੀ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਤੱਕ ਗਲਤ ਸੁਨੇਹਾ ਨਾ ਜਾਵੇ।