ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਕਪਤਾਨ ਦੇਣ ਵਾਲੇ ਕੋਚ ਬਲਦੇਵ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਐਲਾਨ ਨਾਲ ਲੁਧਿਆਣਾ ਵਿੱਚ ਖੁਸ਼ੀਆਂ ਦੀ ਲਹਿਰ
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਮੁਬਾਰਕਬਾਦ
ਲੁਧਿਆਣਾਃ 26 ਜਨਵਰੀ
ਭਾਰਤ ਸਰਕਾਰ ਵੱਲੋਂ ਗਣ ਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਕੌਮੀ ਪੁਰਸਕਾਰਾਂ ਦੇ ਐਲਾਨ ਵਿੱਚ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਕਪਤਾਨ ਤੇ ਔਰਤਾਂ ਦੀ ਹਾਕੀ ਵਿੱਚ ਸਭ ਤੋਂ ਵੱਧ ਅੰਤਰ ਰਾਸ਼ਟਰੀ ਤੇ ਉਲੰਪੀਅਨ ਖਿਡਾਰਨਾਂ ਤਿਆਰ ਕਰਨ ਵਾਲੇ ਕੌਮੀ ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਲੁਧਿਆਣਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਲਦੇਵ ਸਿੰਘ ਨੇ ਆਪਣਾ ਖੇਡ ਸਫ਼ਰ ਪਹਿਲਾਂ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੇ ਮਗਰੋਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਵਿੱਚ ਆਰੰਭਿਆ। ਉਹ 1971-72 ਵਿੱਚ ਸਾਡਾ ਇਸ ਕਾਲਿਜ ਵਿੱਚ ਸਾਥੀ ਸੀ। ਉਦੋਂ ਹੀ ਇਸ ਕਾਲਿਜ ਨੇ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤੀ ਸੀ। ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਮਗਰੋਂ ਆਰੀਆ ਕਾਲਿਜ ਵਿੱਚ ਪੜ੍ਹਨ ਚਲੇ ਗਏ ਜਿੱਥੇ ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਸੰਗਤ ਕਾਰਨ ਉਚੇਰੇ ਸੁਪਨੇ ਲੈਣ ਦੀ ਪ੍ਰੇਰਨਾ ਮਿਲੀ। ਬਲਦੇਵ ਸਿੰਘ ਨੂੰ ਰੁਜ਼ਗਾਰ ਪ੍ਰਾਪਤੀ ਲਈ ਹਰਿਆਣਾ ਨੇ ਸੰਭਾਲਿਆ ਜਿੱਥੇ ਉਸ ਨੇ ਸ਼ਾਹਬਾਦ ਮਾਰਕੰਡਾ ਨੂੰ ਕੈਦਰ ਬਣਾ ਕੇ ਅੰਤਰ ਰਾਸ਼ਟਰੀ ਪਛਾਣ ਬਣਾਈ। ਮੈਨੂੰ ਮਾਣ ਹੈ ਕਿ ਬਲਦੇਵ ਸਿੰਘ ਕਾਲਿਜ ਸਮਿਆਂ ਤੋਂ ਹੁਣ ਤੀਕ ਮੇਰਾ ਪਿਆਰਾ ਮਿੱਤਰ ਹੈ।
ਬਲਦੇਵ ਸਿੰਘ ਦਾ ਇਸ ਪੁਰਸਕਾਰ ਲਈ ਨਾਮ ਐਲਾਨੇ ਜਾਣ ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਨੇ ਵੀ ਮੁਬਾਰਕ ਦਿੱਤੀ ਹੈ। ਬਲਦੇਵ ਸਿੰਘ ਨੂੰ ਇਸ ਤੋਂ ਪਹਿਲਾਂ ਦਰੋਣਾਚਾਰੀਆ ਐਵਾਰਡ ਵੀ ਮਿਲ ਚੁੱਕਾ ਹੈ। ਬਲਦੇਵ ਸਿੰਘ ਲੁਧਿਆਣਾ ਸਥਿਤ ਪਿੰਡ ਹੈਬੋਵਾਲ ਦੇ ਵਸਨੀਕ ਹਨ।