ਦੁੱਧ ਦੇ ਸਿਰ ਤੇ ਪਲਦਾ ਸੀ ਟੱਬਰ, ਅੱਠ ਵਿੱਚੋਂ ਚਾਰ ਗਊਆਂ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ
ਚਾਰ ਹੋਈਆਂ ਬਿਮਾਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਜੋੜਾ ਛੱਤਰਾਂ ਵਿਖੇ ਦੁੱਧ ਦਾ ਵਪਾਰ ਕਰਨ ਵਾਲੇ ਪਸ਼ੂ ਪਾਲਕ ਹੀਰਾ ਸਿੰਘ ਦੀਆਂ ਚਾਰ ਗਊਆਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਦ ਕਿ ਬਾਕੀ ਚਾਰ ਵੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਈਆਂ ਹਨ ਜਿਨਾਂ ਦਾ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਊਆਂ ਦੀ ਇਹ ਹਾਲਤ ਜ਼ਹਿਰੀਲਾ ਚਾਰਾ ਖਾਣ ਨਾਲ ਹੋਈ ਹੈ ਪਰ ਚਾਰਾ ਜਹਿਰੀਲਾ ਕਿਵੇਂ ਹੋਇਆ ਇਸ ਬਾਰੇ ਹਜੇ ਪਤਾ ਨਹੀਂ ਲੱਗਿਆ ਹੈ। ਫਿਲਹਾਲ ਮ੍ਰਿਤ ਗਊਆਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੀੜਿਤ ਹੀਰਾ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਰਮਨ ਬਹਿਲ ਵੀ ਕਿਸਾਨ ਦੇ ਘਰ ਪਹੁੰਚੇ ਅਤੇ ਸਰਕਾਰ ਵੱਲੋਂ ਮਦਦ ਦਾ ਵਿਸ਼ਵਾਸ ਦਵਾਇਆ ਹੈ।
ਪੀੜਤ ਕਿਸਾਨ ਹੀਰਾ ਸਿੰਘ ਨੇ ਦੱਸਿਆ ਕਿ ਅਸੀਂ ਉਸ ਦਾ ਪਰਿਵਾਰ ਦੁੱਧ ਦੇ ਵਪਾਰ ਨਾਲ ਹੀ ਪਲਦਾ ਹੈ। ਅੱਠ ਗਈਆਂ ਸੀ ਜਿਨਾਂ ਦੀ ਕੀਮਤ ਲੱਖਾਂ ਵਿੱਚ ਹੈ ਪਰ ਬੀਤੀ ਸਵੇਰੇ ਜਦੋਂ ਉਹ ਆਪਣੇ ਡੇਅਰੀ ਫਾਰਮ ਤੇ ਆਇਆ ਤਾਂ ਗਊਆਂ ਤੜਫ ਰਹੀਆਂ ਸਨ ਅਤੇ ਵੇਖਦੇ ਹੀ ਵੇਖਦੇ ਉਹਨਾਂ ਵਿੱਚੋਂ ਚਾਰ ਗਊਆਂ ਦੀ ਮੌਤ ਹੋ ਗਈ ਜਦਕਿ ਬਾਕੀ ਚਾਰ ਵੀ ਤੜਫ ਰਹੀਆਂ ਸਨ ਉਸ ਨੇ ਤੁਰੰਤ ਸਰਕਾਰੀ ਪਸ਼ੂ ਡਿਸਪੈਂਸਰੀ ਵਿਖੇ ਸੰਪਰਕ ਕੀਤਾ ਤੇ ਡਾਕਟਰ ਰਕੇਸ਼ ਅਤੇ ਉਹਨਾਂ ਦੀ ਟੀਮ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਬਿਮਾਰ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ । ਉਸਨੇ ਦੱਸਿਆ ਕਿ ਮ੍ਰਿਤਕ ਗਊਆਂ ਦੀ ਕੀਮਤ ਲੱਖਾਂ ਵਿੱਚ ਹੈ ਅਤੇ ਜਿੱਥੇ ਉਸ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਰੁਜ਼ਗਾਰ ਵੀ ਖੁੱਝ ਗਿਆ ਹੈ। ਉਸਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ।
ਉੱਥੇ ਹੀ ਡਾਕਟਰ ਰਾਕੇਸ਼ ਨੇ ਦੱਸਿਆ ਕਿ ਮ੍ਰਿਤ ਗਊਆਂ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਜਦਕਿ ਬਿਮਾਰ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇੰਜ ਲੱਗਦਾ ਹੈ ਜਿਵੇਂ ਗਊਆਂ ਨੇ ਜਹਰੀਲਾ ਚਾਰਾ ਖਾ ਲਿਆ ਹੋਵੇ ਪਰ ਪੋਸਟਮਾਰਟਮ ਦੀ ਰਿਪੋਰਟ ਤੇ ਜਾਂਚ ਤੋਂ ਬਾਅਦ ਹੀ ਪੂਰਾ ਖੁਲਾਸਾ ਹੋਵੇਗਾ।