ਖੂਨ ਦੀ ਸੁਰੱਖਿਅਤ ਅਤੇ ਢੁੱਕਵੀਂ ਵਰਤੋਂ ਸਬੰਧੀ ਡਾਕਟਰਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ , 23 ਜਨਵਰੀ 2026 ਸਿਹਤ ਵਿਭਾਗ ਬਠਿੰਡਾ ਵੱਲੋਂ ਖੂਨ ਦੀ ਸਹੀ, ਸੁਰੱਖਿਅਤ ਅਤੇ ਜ਼ਰੂਰੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਵਿਸ਼ੇ ’ਤੇ ਇੱਕ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਨਾਲ ਸੰਬੰਧਿਤ ਡਾਕਟਰਾਂ ਨੇ ਭਾਗ ਲਿਆ।
ਇਸ ਮੌਕੇ ’ਤੇ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੇ ਕਿਹਾ ਕਿ ਖੂਨ ਇੱਕ ਬਹੁਤ ਹੀ ਕੀਮਤੀ ਸਰੋਤ ਹੈ ਅਤੇ ਇਸਦੀ ਵਰਤੋਂ ਸਿਰਫ਼ ਤਬੀਬੀ ਜ਼ਰੂਰਤ ਦੇ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੈਸ਼ਨਲ ਯੂਜ਼ ਆਫ਼ ਬਲੱਡ ਬਾਰੇ ਸਿਹਤ ਕਰਮਚਾਰੀਆਂ ਨੂੰ ਨਿਰੰਤਰ ਟ੍ਰੇਨਿੰਗ ਦੇਣਾ ਮਰੀਜ਼ਾਂ ਦੀ ਸੁਰੱਖਿਆ ਅਤੇ ਬਿਹਤਰ ਇਲਾਜ ਲਈ ਬਹੁਤ ਜ਼ਰੂਰੀ ਹੈ।
ਉਹਨਾਂ ਦੱਸਿਆ ਗਿਆ ਕਿ ਟ੍ਰੇਨਿੰਗ ਦੌਰਾਨ ਬਿਨਾਂ ਲੋੜ ਖੂਨ ਚੜ੍ਹਾਉਣ ਤੋਂ ਬਚਾਅ, ਬਲੱਡ ਕੰਪੋਨੈਂਟ ਥੈਰਪੀ, ਮਰੀਜ਼ਾਂ ਲਈ ਸੰਭਾਵਿਤ ਖ਼ਤਰਿਆਂ ਅਤੇ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਨਾਲ ਬਲੱਡ ਬੈਂਕਾਂ ’ਤੇ ਗੈਰ-ਜ਼ਰੂਰੀ ਬੋਝ ਘਟਾਉਣ ਵਿੱਚ ਮਦਦ ਮਿਲਦੀ ਹੈ। ਟ੍ਰੇਨਿੰਗ ਦੇ ਅੰਤ ਵਿੱਚ ਭਾਗੀਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ, ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ,ਸੀਨੀਅਰ ਮੈਡੀਕਲ ਅਫ਼ਸਰ ਡਾ ਸੋਨੀਆ, ਬੀ.ਟੀ.ਓ ਡਾ ਗੁੰਜਨ ਅਤੇ ਡਾ ਰੀਤਿਕਾ,ਡਾ ਜਸ਼ਨਪ੍ਰੀਤ,ਡਾ ਵਿਕਾਸ,ਡਾ ਮਿਰਨਾਲ ਹਾਜਰ ਸਨ ।
---