ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕਾਂਗਰਸ ਦੇ ਮਨਰੇਗਾ ਬਚਾਓ ਸੰਗਰਾਮ ਦੀ ਹਮਾਇਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,23 ਜਨਵਰੀ 2026 : ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਨੇ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਦੇ ਨਾਮ ਹੇਠ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖ਼ਤਮ ਕਰਨ ਖਿਲਾਫ ਕਾਂਗਰਸ ਪਾਰਟੀ ਦੇ ਦੇਸ਼ ਵਿਆਪੀ ਮਨਰੇਗਾ ਬਚਾਓ ਸੰਗਰਾਮ ਦੀ ਹਮਾਇਤ ਤਹਿਤ 28 ਫਰਵਰੀ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਸੂਬਾ ਪੱਧਰੀ ਮਨਰੇਗਾ ਸਮੇਤ ਮਜ਼ਦੂਰ ਰੁਜ਼ਗਾਰ ਬਚਾਓ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਟੀਚਰਜ਼ ਹੋਮ ਵਿਖੇ ਮਨਜੀਤ ਕੌਰ ਜੋਗਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਮੌਕੇ ਸਰਕਾਰ ਨੂੰ ਸਵਾਲ ਕਰਨ ਵਾਲੇ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਦੀ ਸਖ਼ਤ ਨਿੰਦਾ ਕਰਦੇ ਪੁਲਿਸ ਪਰਚੇ ਰੱਦ ਕਰਨ ਦੀ ਮੰਗ ਕੀਤੀ।ਪ੍ਰੈਸ ਬਿਆਨ ਜਾਰੀ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇਂ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਲਗਾਤਾਰ ਆਮ ਲੋਕਾਂ ਤੋਂ ਬੁਨਿਆਦੀ ਹੱਕ ਖੋਹਣ ਤੇ ਤੁਲੀ ਹੋਈ ਹੈ। ਅਤੇ ਆਪਣੇ ਵੱਡੇ ਪੂੰਜੀਪਤੀ ਮਿੱਤਰਾਂ ਨੂੰ ਲਾਭ ਦੇਣ ਲਈ ਹੀ ਨੀਤੀਆਂ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ,ਜੀ ਰਾਮ ਜੀ,ਨਵੇਂ ਕਿਰਤ ਕਾਨੂੰਨ, ਬਿਜਲੀ ਬਿੱਲ, ਬੀਜ ਬਿਲ , ਭਾਜਪਾ ਦੀ ਮੰਨੂਵਾਦੀ ਸੋਚ ਦੀ ਉਪਜ ਹਨ। ਤਾਂ ਜ਼ੋ ਭਾਰਤੀਆਂ ਨੂੰ ਅਨਪੜ,ਕੰਗਾਲ ਕਰਕੇ ਗ਼ੁਲਾਮ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗਰੀਬਾਂ ਦੀ 2 ਰੁਪਏ ਵਾਲੀ ਕਣਕ ਬੰਦ ਕਰਕੇ ਅਤੇ ਜੀ ਰਾਮ ਜੀ ਤੋਂ ਪਹਿਲਾਂ ਹੀ ਮਨਰੇਗਾ ਰੁਜ਼ਗਾਰ ਬੰਦ ਕਰਕੇ ਆਪ ਸਰਕਾਰ ਭਾਜਪਾ ਤੋਂ ਵੀ ਤੇਜ਼ੀ ਨਾਲ ਗਰੀਬਾਂ ਤੋਂ ਹੱਕ ਖੋਹਣ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਦਿੱਤੀਆਂ ਗਰੰਟੀਆ ਲਾਗੂ ਕਰਨ ਚ ਫੇਲ ਹੋਈ ਸਰਕਾਰ ਹੁਣ ਸੇਹਤ ਬੀਮਾ ਕਾਰਡ ਦੇ ਨਾਂ ਤੇ ਮੂਰਖ ਬਣਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਨੂੰ ਭਾਜਪਾ ਤੇ ਆਪ ਸਰਕਾਰ ਖ਼ਿਲਾਫ਼ ਸੜਕਾਂ ਤੇ ਉਤਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਜਿਥੇ ਆਪਣੇ ਤੌਰ ਤੇ ਮਨਰੇਗਾ ਰੁਜ਼ਗਾਰ ਬਚਾਓਣ, ਨਵੇਂ ਕਿਰਤ ਕਾਨੂੰਨਾਂ, ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਮਜ਼ਦੂਰ ਸੰਘਰਸ਼ ਨੂੰ ਤੇਜ਼ ਕਰੇਗਾ ਉਥੇ ਕੌਮੀ ਪੱਧਰ ਤੇ ਕਾਂਗਰਸ ਪਾਰਟੀ ਦੇ ਮਨਰੇਗਾ ਬਚਾਓ ਸੰਗਰਾਮ ਦੀ ਜ਼ੋਰ ਨਾਲ ਹਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਸੂਬਾ ਰੈਲੀ ਵਿੱਚ ਹਰ ਖੇਤਰ ਤੇ ਹਜ਼ਾਰਾਂ ਮਜ਼ਦੂਰ ਸ਼ਾਮਲ ਹੋਣਗੇ। ਮੀਟਿੰਗ ਵਿੱਚ ਨਿੱਕਾ ਸਿੰਘ ਬਹਾਦਰਪੁਰ, ਜਸਵੰਤ ਸਿੰਘ ਖਾਲਸਾ, ਪ੍ਰਦੀਪ ਗੁਰੂ, ਸੁਖਵਿੰਦਰ ਸਿੰਘ ਬੋਹਾ, ਭੋਲ਼ਾ ਸਿੰਘ ਝੱਬਰ, ਸੱਤਪਾਲ ਸਿੰਘ ਬਹਿਣੀਵਾਲ ਵੀ ਮੌਜੂਦ ਸਨ।