“ਗੈਂਗਸਟਰਾਂ ਤੇ ਵਾਰ” ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੀ.ਜੀ. ਅਤੇ ਕਿਰਾਏਦਾਰਾਂ ਦੀ ਜਾਂਚ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ 2026 : ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਗੈਂਗਸਟਰਾਂ ਤੇ ਵਾਰ” ਮਹਿਮ ਤਹਿਤ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ. ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਲਗਾਤਾਰ ਸਰਚ ਆਪਰੇਸ਼ਨ, ਨਾਕਾਬੰਦੀ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਚਾਰੇ ਸਬ ਡਿਵੀਜ਼ਨਾਂ – ਸ੍ਰੀ ਮੁਕਤਸਰ ਸਾਹਿਬ, ਮਲੋਟ, ਲੰਬੀ ਅਤੇ ਗਿੱਦੜਬਾਹਾ ਵਿੱਚ ਚਲ ਰਹੇ ਪੀ.ਜੀ. ਸੈਂਟਰਾਂ, ਰੈਸਟ ਹਾਊਸਾਂ ਅਤੇ ਕਿਰਾਏ ‘ਤੇ ਰਹਿੰਦੇ ਵਿਅਕਤੀਆਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦਾ ਮੁੱਖ ਉਦੇਸ਼ ਜ਼ਿਲ੍ਹੇ ਅੰਦਰ ਰਹਿ ਰਹੇ ਵਿਅਕਤੀਆਂ ਦੀ ਪਛਾਣ ਯਕੀਨੀ ਬਣਾਉਣਾ ਅਤੇ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਤੱਤਾਂ ਦੀ ਮੌਜੂਦਗੀ ਨੂੰ ਰੋਕਣਾ ਸੀ।
ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ
ਇਸ ਮੁਹਿੰਮ ਲਈ ਵੱਖ-ਵੱਖ ਟੀਮਾਂ ਦੀ ਅਗਵਾਈ ਸ੍ਰੀ ਬਚਨ ਸਿੰਘ, ਡੀਐਸਪੀ ਮੁਕਤਸਰ ਅਰੁਣ ਮੁੰਡਨ, ਡੀਐਸਪੀ ਗਿੱਦੜਬਾਹਾ, ਹਰਬੰਸ ਸਿੰਘ, ਡੀਐਸਪੀ ਲੰਬੀ ਅਤੇ ਸ੍ਰੀ ਤੇਜਿੰਦਰਪਾਲ ਸਿੰਘ, ਡੀਐਸਪੀ ਹੈਡਕੁਆਟਰ ਵੱਲੋਂ ਕੀਤੀ ਗਈ। ਟੀਮਾਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਮਹੱਲਿਆਂ, ਹੋਟਲਾਂ, ਰੈਸਟੋਰੈਂਟਾਂ ਅਤੇ ਪੀ.ਜੀ. ਸੈਂਟਰਾਂ ਦੀ ਵਿਸਥਾਰਪੂਰਕ ਚੈਕਿੰਗ ਕੀਤੀ ਗਈ। ਉੱਥੇ ਰਹਿ ਰਹੇ ਕਿਰਾਏਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਛਾਣ PAIS ਐਪ ਰਾਹੀਂ ਕਰਵਾਈ ਗਈ ਅਤੇ ਇਹ ਵੀ ਜਾਂਚਿਆ ਗਿਆ ਕਿ ਉਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਜਾਂ ਕ੍ਰਿਮਿਨਲ ਰਿਕਾਰਡ ਤਾਂ ਨਹੀਂ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਜਾਂਚ ਨਾਲ ਜ਼ਿਲ੍ਹੇ ਅੰਦਰ ਗੈਰਕਾਨੂੰਨੀ ਸਰਗਰਮੀਆਂ ‘ਤੇ ਰੋਕ ਲੱਗਦੀ ਹੈ ਅਤੇ ਸ਼ਰਾਰਤੀ ਤੱਤਾਂ ਨੂੰ ਛੁਪਣ ਦਾ ਕੋਈ ਮੌਕਾ ਨਹੀਂ ਮਿਲਦਾ।
ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਨਿਰੰਤਰ ਕਾਨੂੰਨੀ ਕਾਰਵਾਈ ਜਾਰੀ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਨਤਾ ਨੂੰ ਸਹਿਯੋਗ ਦੀ ਅਪੀਲ
ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਪੁਲਿਸ ਦਾ ਪੂਰਾ ਸਹਿਯੋਗ ਕਰਨ। ਜੇਕਰ ਕਿਸੇ ਵਿਅਕਤੀ ਨੂੰ ਆਪਣੇ ਇਲਾਕੇ ਵਿੱਚ ਕੋਈ ਸ਼ੱਕੀ ਜਾਂ ਅਪਰਾਧਿਕ ਗਤੀਵਿਧੀ, ਨਸ਼ਾ ਤਸਕਰੀ ਜਾਂ ਹੋਰ ਗੈਰਕਾਨੂੰਨੀ ਕੰਮ ਦੀ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪੁਲਿਸ ਦੇ ਕੰਟਰੋਲ ਰੂਮ ਨੰਬਰ 80549-42100 ‘ਤੇ ਸੂਚਨਾ ਦੇ ਸਕਦਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।