ਮਾਨ ਸਰਕਾਰ ਦਾ ਸਰਹੱਦੀ ਖੇਤਰ ਨੂੰ ਵੱਡਾ ਤੋਹਫ਼ਾ: ਅਜਨਾਲਾ ਦੇ ਪਿੰਡ ਬਿਕਰਾਊਰ 'ਚ ਬਣੇਗਾ ਸਰਕਾਰੀ ਕਾਲਜ
Babushahi Network
ਅਜਨਾਲਾ (ਅੰਮ੍ਰਿਤਸਰ) 19 ਜਨਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਹਲਕੇ ਅਜਨਾਲਾ ਦੇ ਪਿੰਡ ਬਿਕਰਾਊਰ ਵਿਖੇ ਨਵੇਂ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖ ਕੇ ਇਲਾਕੇ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕੀਤੀ ਹੈ। 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਕਾਲਜ 15 ਏਕੜ ਰਕਬੇ ਵਿੱਚ ਫੈਲਿਆ ਹੋਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਸ ਪਿੰਡ (ਬਿਕਰਾਊਰ) ਨੇ ਕਾਲਜ ਲਈ ਜ਼ਮੀਨ ਦਾਨ ਕੀਤੀ ਹੈ, ਉਸ ਪਿੰਡ ਦੇ ਬੱਚਿਆਂ ਲਈ ਇਸ ਕਾਲਜ ਵਿੱਚ ਪੜ੍ਹਾਈ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਪਿੰਡ ਦੇ ਯੋਗਤਾ ਪੂਰੀ ਕਰਦੇ ਨੌਜਵਾਨਾਂ ਨੂੰ ਕਾਲਜ ਵਿੱਚ ਨੌਕਰੀਆਂ ਲਈ ਪਹਿਲ ਦਿੱਤੀ ਜਾਵੇਗੀ। ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ, ਕਾਲਜ ਦਾ ਨਾਮ ਬ੍ਰਹਮ ਗਿਆਨੀ ਬਾਬਾ ਗਮਚੁੱਕ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ।
ਸਰਹੱਦੀ ਪਿੰਡਾਂ ਨੂੰ ਹੋਵੇਗਾ ਵੱਡਾ ਫ਼ਾਇਦਾ
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਲਜ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜਲੇ 40 ਤੋਂ 50 ਪਿੰਡਾਂ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ, "ਅਕਸਰ ਨੇੜੇ ਕੋਈ ਉੱਚ ਵਿਦਿਆਰਥਕ ਸੰਸਥਾ ਨਾ ਹੋਣ ਕਾਰਨ ਮਾਪੇ ਆਪਣੀਆਂ ਧੀਆਂ ਅਤੇ ਪੁੱਤਾਂ ਨੂੰ ਅੱਗੇ ਪੜ੍ਹਾਉਣ ਤੋਂ ਗੁਰੇਜ਼ ਕਰਦੇ ਸਨ। ਪਰ ਹੁਣ ਬੱਚਿਆਂ ਨੂੰ ਅੰਮ੍ਰਿਤਸਰ ਵਰਗੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।"
ਪੰਚਾਇਤ ਦਾ ਕੀਤਾ ਧੰਨਵਾਦ
ਭਗਵੰਤ ਮਾਨ ਨੇ ਕਾਲਜ ਲਈ 15 ਏਕੜ ਉਪਜਾਊ ਜ਼ਮੀਨ ਮੁਫ਼ਤ ਵਿੱਚ ਦਾਨ ਕਰਨ ਲਈ ਬਿਕਰਾਊਰ ਪਿੰਡ ਦੀ ਪੰਚਾਇਤ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਹੀ ਪੰਜਾਬ ਮੁੜ ਤੋਂ 'ਰੰਗਲਾ ਪੰਜਾਬ' ਬਣੇਗਾ। ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਲਗਾਤਾਰ ਯਤਨ ਕੀਤੇ ਸਨ।