ਹਾਕੀ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ ਪਤਨੀ ਸ੍ਰੀਮਤੀ ਚਰਨਜੀਤ ਕੌਰ ਦਾ ਦੇਹਾਂਤ
---ਅੰਤਿਮ ਅਰਦਾਸ 21 ਜਨਵਰੀ ਦਿਨ ਬੁੱਧਵਾਰ ਨੂੰ ਲੁਧਿਆਣਾ ਵਿਖੇ
ਸੁਖਮਿੰਦਰ ਭੰਗੂ
ਲੁਧਿਆਣਾ 18 ਜਨਵਰੀ 2026
ਪਨੈਲਟੀ ਕਾਰਨਰ ਦੇ ਕਿੰਗ ਵਜੋਂ ਜਾਣੇ ਜਾਂਦੇ ਆਲਮੀ ਹਾਕੀ ਦੇ ਸੁਪਰ ਸਟਾਰ ਓਲੰਪੀਅਨ ਪ੍ਰਿਥੀਪਾਲ ਸਿੰਘ ਜਿਨਾਂ ਨੇ 1958 ਤੋਂ ਲੈ ਕੇ 1968 ਤੱਕ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਕੀਤੀ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਚਰਨਜੀਤ ਕੌਰ ( 90 ਸਾਲ ) ਦਾ 16 ਜਨਵਰੀ 2026 ਨੂੰ ਦੇਹਾਂਤ ਹੋ ਗਿਆ ਹੈ। ਸਵਰਗੀ ਚਰਨਜੀਤ ਕੌਰ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਪਿੰਡ ਸੁਨੇਤ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ । ਜਿੱਥੇ ਵੱਖ ਵੱਖ ਧਰਮਾਂ ਦੇ ਲੋਕਾਂ ,ਖੇਡ ਜਗਤ ਦੀਆਂ ਸ਼ਖਸੀਅਤਾਂ ,ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਹੰਝੂਆਂ ਭਰੀ ਅੰਤਿਮ ਵਧਾਈ ਗਈ ਦਿੱਤੀ।
ਹਾਕੀ ਦੇ ਸੁਪਰ ਸਟਾਰ ਓਲੰਪੀਅਨ ਪ੍ਰਿਥੀਪਾਲ ਸਿੰਘ ਜਿਨਾਂ ਨੇ 1960 ਰੋਮ ਉਲੰਪਿਕ, 1964 ਟੋਕੀਉ ਅਤੇ 1968 ਮੈਕਸੀਕੋ ਉਲੰਪਿਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਪ੍ਰਾਪਤ ਕੀਤਾ ਉਹ ਤਿੰਨੇ ਓਲੰਪਿਕਾਂ ਵਿੱਚ ਤਗਮਾ ਜੇਤੂ ਅਤੇ ਓਹ ਟੋਪ ਸਕੋਰਰ ਵੀ ਰਹੇ । ਉਹਨਾਂ ਨੇ ਤਿੰਨੇ ਓਲੰਪਿਕਾਂ ਵਿੱਚ ਕੁੱਲ 27 ਗੋਲ ਕਰਨ ਦਾ ਰਿਕਾਰਡ ਆਪਣੇ ਨਾਮ ਕੀਤਾ ਉਹ 20ਵੀਂ ਸਦੀ ਦੀ ਹਾਕੀ ਦੇ ਦੁਨੀਆ ਦੇ ਧਿਆਨ ਚੰਦ ਤੋਂ ਬਾਅਦ ਦੂਸਰੇ ਆਲਮੀ ਸੁਪਰਸਟਾਰ ਖਿਡਾਰੀ ਸਨ। ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦਾ 20 ਮਈ 1983 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਤਲ ਹੋ ਗਿਆ ਸੀ ।ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਦੇ ਅਹੁਦੇ ਤੇ ਬਿਰਾਜਮਾਨ ਸਨ।
ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਚਰਨਜੀਤ ਕੌਰ ਨੇ ਜਿੱਥੇ ਵੱਡੇ ਰੁਤਬਿਆਂ ਦਾ ਆਨੰਦ ਮਾਣਿਆ ਉਥੇ ਜਿੰਦਗੀ ਦਾ ਆਖਰੀ ਪੜਾ ਬੜਾ ਔਖੇ ਟਾਈਮ ਵਿੱਚ ਵੀ ਕੱਢਿਆ। ਸ੍ਰੀਮਤੀ ਚਰਨਜੀਤ ਕੌਰ ਆਪਣੇ ਪਿੱਛੇ ਇੱਕ ਬੇਟੀ ਜਸਪ੍ਰੀਤ ਕੌਰ ਨੂੰ ਛੱਡ ਗਏ ਹਨ। ਸ੍ਰੀਮਤੀ ਚਰਨਜੀਤ ਕੌਰ ਨੇ ਸਰਦਾਰ ਪ੍ਰਿਥੀਪਾਲ ਸਿੰਘ ਹੋਰਾਂ ਦੇ ਬੰਨੀ ਹੋਈ ਆਖਰੀ ਪੱਗ, ਉਹਨਾਂ ਦੀ 1964 ਓਲੰਪਿਕ ਖੇਡਾਂ ਵਾਲੀ ਜੇਤੂ ਹਾਕੀ ਅਤੇ ਉਹਨਾਂ ਦੀਆਂ ਜੇਤੂ ਟਰਾਫ਼ੀਆਂ ਨੂੰ ਜਿੰਦਗੀ ਤੇ ਆਖਰੀ ਦਮ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਸਵਰਗੀ ਚਰਨਜੀਤ ਕੌਰ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 21 ਜਨਵਰੀ ਬੁੱਧਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਹੋਵੇਗੀ। ਜਿੱਥੇ ਰਾਜਨੀਤਿਕ, ਸਮਾਜਿਕ ਅਤੇ ਖੇਡ ਜਗਤ ਦੀਆਂ ਸਖਸ਼ੀਅਤਾਂ ਸਵਰਗੀ ਮਾਤਾ ਚਰਨਜੀਤ ਕੌਰ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।
ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ,ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਸਰਦਾਰ ਦਲਜੀਤ ਸਿੰਘ ਗਰੇਵਾਲ ਸਾਬਕਾ ਡੀਜੀਐਮ ਰੇਲ ਕੋਚ ਫੈਕਟਰੀ ਕਪੂਰਥਲਾ, ਹਰਭਜਨ ਸਿੰਘ ਗਰੇਵਾਲ,ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ , ਹਰਿੰਦਰ ਸਿੰਘ ਭੁੱਲਰ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਪੀਏਯੂ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਸਰਦਾਰ ਜਗਮੋਹਨ ਸਿੰਘ ਸੰਧੂ ,ਜਗਰੂਪ ਸਿੰਘ ਜਰਖੜ ਡਾਇਰੈਕਟਰ ਜਰਖੜ ਹਾਕੀ ਅਕੈਡਮੀ ,ਅਮਰੀਕ ਸਿੰਘ ਮਿਨਹਾਸ ਪ੍ਰਧਾਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਚੇਅਰਮੈਨ ਸੁਖਵਿੰਦਰ ਸਿੰਘ, ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵੱਲੋਂ ਸਰਦਾਰ ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ ਅਤੇ ਖੇਡ ਜਗਤ ਦੀਆਂ ਹੋਰ ਨਾਮੀ ਸਖਸ਼ੀਅਤਾਂ ਨੇ ਸਵਰਗੀ ਮਾਤਾ ਚਰਨਜੀਤ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਉਥੇ ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦੀਆਂ ਪ੍ਰਾਪਤੀਆਂ ਨੂੰ ਵੀ ਯਾਦ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਓਲੰਪੀਅਨ ਪ੍ਰਿਥੀਪਾਲ ਸਿੰਘ ਹੋਰਾਂ ਦੀ ਲੁਧਿਆਣਾ ਵਿਖੇ ਕੋਈ ਢੁੱਕਵੀਂ ਯਾਦਗਾਰ ਉਸਾਰੀ ਜਾਵੇ ਤਾਂ ਜੋ ਸ੍ਰੀਮਤੀ ਚਰਨਜੀਤ ਕੌਰ ਅਤੇ ਉਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਇੱਕ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਜਾ ਸਕੇ।