ਸਿਆਟਲ ਵਿਖੇ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਦੀ ਪੁਸਤਕ ‘ਅਕਲ ਨੂੰ ਸਜ਼ਾ’ ਦਾ ਲੋਕ ਅਰਪਣ ਸਮਾਗਮ
ਹਰਦਮ ਮਾਨ
ਸਰੀ, 18 ਜਨਵਰੀ 2026- ਪੰਜਾਬੀ ਲਿਖ਼ਾਰੀ ਸਭਾ ਸਿਆਟਲ (ਅਮਰੀਕਾ) ਵੱਲੋਂ ਕੈਂਟ ਸਿਟੀ ਸਥਿਤ ਰੰਧਾਵਾ ਫਾਊਂਡੇਸ਼ਨ ਦੇ ਹਾਲ ਵਿੱਚ ਇਕੱਤੀ ਪੁਸਤਕਾਂ ਦੇ ਰਚੇਤਾ, ਪ੍ਰਸਿੱਧ ਗੀਤਕਾਰ ਅਤੇ ਸਮਾਜਿਕ ਚੇਤਨਾ ਦੀ ਮਜ਼ਬੂਤ ਆਵਾਜ਼ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਦੀ ਨਵੀਂ ਕਹਾਣੀ ਪੁਸਤਕ ‘ਅਕਲ ਨੂੰ ਸਜ਼ਾ’ ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਸਭਾ ਦੇ ਮੋਢੀ ਅਵਤਾਰ ਸਿੰਘ ਆਦਮਪੁਰੀ ਦੇ ਵਿਚਾਰਾਂ ਨਾਲ ਹੋਈ। ਉਨ੍ਹਾਂ ਕਿਹਾ ਕਿ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਸਿਰਫ਼ ਆਪਣੇ ਪਿੰਡ ਵਹਿਣੀਵਾਲ ਜਾਂ ਸਿਆਟਲ ਤੱਕ ਸੀਮਿਤ ਨਹੀਂ, ਸਗੋਂ ਸੰਸਾਰ ਭਰ ਵਿੱਚ ਵਸਦੇ ਪੰਜਾਬੀਆਂ ਲਈ ਮਾਣ ਅਤੇ ਪ੍ਰੇਰਣਾ ਹਨ। ਉਨ੍ਹਾਂ ਦੀ ਲੇਖਣੀ ਮਨੁੱਖੀ ਜੀਵਨ ਦੀਆਂ ਨਾਜ਼ੁਕ ਪਰਤਾਂ ਨੂੰ ਖੋਲ੍ਹਦੀ ਹੈ ਅਤੇ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਨਿਧੱੜਕ ਹੋ ਕੇ ਸੱਚ ਬੋਲਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਦਿਨਾਂ ਵਿੱਚ ਚੁੱਕੀ ਕਲਮ ਅੱਜ ਸੱਤਰਵੇਂ ਵਰ੍ਹਿਆਂ ਵਿੱਚ ਵੀ ਓਨੀ ਹੀ ਸੱਚਾਈ ਨਾਲ ਚੱਲ ਰਹੀ ਹੈ। ਚੀਮਾ ਸਾਹਿਬ ਦੇ ਅਨੇਕਾਂ ਗੀਤ ਰਿਕਾਰਡ ਹੋ ਚੁੱਕੇ ਹਨ, ਸਿੱਖ ਇਤਿਹਾਸ ਸਬੰਧੀ ਪੈਂਤੀ ਅੱਖਰੀ ਵੱਡਾ ਪੋਸਟਰ ਸਕੂਲਾਂ ਵਿੱਚ ਲੱਗਿਆ ਮਿਲਦਾ ਹੈ ਅਤੇ ਬੱਚਿਆਂ ਲਈ ਚਾਰ ਪੁਸਤਕਾਂ ਵੀ ਉਨ੍ਹਾਂ ਦੀ ਰਚਨਾਤਮਕ ਯਾਤਰਾ ਦਾ ਹਿੱਸਾ ਹਨ।
ਕਿਤਾਬ ‘ਅਕਲ ਨੂੰ ਸਜ਼ਾ’ ਉੱਤੇ ਅਮਰਜੀਤ ਸਿੰਘ ਤਰਸਿੱਕਾ, ਕਰਨੈਲ ਕੈਲ, ਅਵਤਾਰ ਸਿੰਘ ਆਦਮਪੁਰੀ ਅਤੇ ਡਾ. ਸੁਖਵੀਰ ਸਿੰਘ ਬੀਹਲਾ ਵੱਲੋਂ ਵਿਸਥਾਰਿਤ ਪਰਚੇ ਪੜ੍ਹੇ ਗਏ। ਇਨ੍ਹਾਂ ਬੁਲਾਰਿਆਂ ਨੇ ਪੁਸਤਕ ਵਿਚਲੀਆਂ ਕਹਾਣੀਆਂ ਦੀ ਸਮਾਜਿਕ ਸੰਵੇਦਨਾ, ਵਿਚਾਰਧਾਰਕ ਗਹਿਰਾਈ ਅਤੇ ਕਲਾਤਮਿਕ ਪਰਪੱਕਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਪੁਸਤਕ ਆਮ ਮਨੁੱਖ ਦੀ ਸੋਚ, ਸੰਘਰਸ਼ ਅਤੇ ਅੰਦਰੂਨੀ ਟਕਰਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ।
ਸਾਹਿਤਕ ਸਮਾਰੋਹ ਨੂੰ ਹੋਰ ਰੰਗੀਨ ਬਣਾਉਂਦੇ ਹੋਏ ਸ਼ਿੰਗਾਰ ਸਿੰਘ ਸਿੱਧੂ, ਹਰਿੰਦਰਪਾਲ ਸਿੰਘ ਬੈਂਸ, ਮਨਜੀਤ ਕੌਰ ਗਿੱਲ, ਯਸ਼ ਸਾਥੀ ਲੁਧਿਆਣਵੀ, ਹਰਪਾਲ ਸਿੱਧੂ, ਗੁਰਪ੍ਰੀਤ ਸੋਹਲ, ਸੁਖਦੀਪ ਸਿੰਘ ਔਲਖ, ਮਨਜੀਤ ਚਾਹਲ, ਹਰਜਿੰਦਰ ਸਿੰਘ ਨਾਗੋਕੇ, ਜਸਬੀਰ ਸਿੰਘ ਸਹੋਤਾ, ਈਸ਼ਰ ਸਿੰਘ ਗਰਚਾ, ਨਵੀਨ ਰਾਏ, ਸਰਬਜੀਤ ਸਿੰਘ, ਅਨਮੋਲ ਚੀਮਾ, ਦਵਿੰਦਰ ਸਿੰਘ ਹੀਰਾ, ਸਾਹਿਬ ਥਿੰਦ (ਕੈਨੇਡਾ), ਰਮਿੰਦਰਜੀਤ ਸਿੰਘ ਧਾਮੀ ਅਤੇ ਪ੍ਰੋ. ਡੀ. ਐਸ. ਪੰਨੂੰ (ਰਿਟਾਇਰਡ, ਖਾਲਸਾ ਕਾਲਜ ਅੰਮ੍ਰਿਤਸਰ) ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਚੀਮਾ ਸਾਹਿਬ ਨੂੰ ਵਧਾਈ ਦਿੱਤੀ।
ਸਰੋਤਿਆਂ ਵਿੱਚ ਅਮ੍ਰਿਤਪਾਲ ਸਿੰਘ ਸਹੋਤਾ, ਰਾਮ ਸਿੰਘ ਧਾਲੀਵਾਲ, ਬਲਜਿੰਦਰ ਸਿੰਘ, ਬਰਿੰਦਰ ਢਿੱਲੋਂ, ਸਰਬਜੀਤ ਸਿੰਘ ਲੋਸ਼ਮ, ਰਜਿੰਦਰ ਸਿੰਘ ਦਿਓਲ, ਹਰਵਿੰਦਰ ਸਿੰਘ ਮੱਟੂ, ਭੁਪਿੰਦਰ ਸਿੰਘ, ਸਰਬਜੀਤ ਸਿੰਘ ਭੰਡਾਲ, ਅਜੀਤ ਕੌਰ, ਸੁਰਿੰਦਰ ਕੌਰ, ਮਨਵੀਰ ਕੌਰ, ਮਲਕੀਤ ਕੌਰ, ਦਲਜੀਤ ਕੌਰ ਚੀਮਾ, ਕਾਨ੍ਹ ਸਿੰਘ, ਸੁਖਰਾਜ ਕੌਰ, ਬਘੇਲ ਸਿੰਘ, ਲਾਲੀ ਸੰਧੂ, ਪੁਨਰਜੋਤ ਸਿੰਘ, ਅਵਨੀਤ ਕੌਰ, ਮਿਸਿਜ਼ ਗਰਚਾ, ਰੀਟਾ, ਮਸਕੀਨ ਕੌਰ ਅਤੇ ਰਾਜਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ-ਪ੍ਰੇਮੀ ਮੌਜੂਦ ਸਨ।
ਆਖ਼ਿਰ ਵਿੱਚ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਤਾਬ ਦੀਆਂ ਕਹਾਣੀਆਂ ਦੇ ਪਿੱਛੇ ਲੁਕੇ ਮੰਤਵਾਂ, ਜੀਵਨ ਦੇ ਅਣਛੋਹੇ ਪਹਿਲੂਆਂ ਅਤੇ ਸਮਾਜਿਕ ਸੱਚਾਈਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਹਾਸ-ਵਿਅੰਗ ਭਰੇ ਅੰਦਾਜ਼ ਨੇ ਮਾਹੌਲ ਨੂੰ ਰੌਣਕਮਈ ਬਣਾ ਦਿੱਤਾ। ਉਨ੍ਹਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਲਿਖ਼ਾਰੀ ਸਭਾ ਸਿਆਟਲ ਦੇ ਸਾਹਿਤਕ ਉਪਰਾਲਿਆਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਸਮਾਗਮ ਦਾ ਸੰਚਾਲਨ ਗੁਰਪ੍ਰੀਤ ਸੋਹਲ ਅਤੇ ਡਾ. ਸੁਖਵੀਰ ਸਿੰਘ ਬੀਹਲਾ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।