ਤੁਰਲੇ ਵਾਲੇ ਬਜ਼ੁਰਗ ਕਾਂਗਰਸੀ ਆਗੂ ਚੌਧਰੀ ਮਹੀਪਾਲ ਸਿੰਘ ਰਾਣਾ ਜਿਊਲੀ ਨਹੀਂ ਰਹੇ
ਦੋ ਵਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਚਾਲੀ ਵਰ੍ਹੇ ਪਿੰਡ ਦੇ ਰਹੇ ਸਨ ਸਰਪੰਚ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਜਨਵਰੀ 2025: ਤਮਾਮ ਉਮਰ ਕਾਂਗਰਸ ਪਾਰਟੀ ਵਿੱਚ ਸਰਗਰਮ ਰਹੇ ਬਜ਼ੁਰਗ ਕਾਂਗਰਸੀ ਆਗੂ ਚੌਧਰੀ ਮਹੀਪਾਲ ਸਿੰਘ ਰਾਣਾ ਜਿਊਲੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਡੇਰਾਬੱਸੀ ਹਲਕੇ ਦੇ ਪਿੰਡ ਜਿਉਲੀ 'ਚ ਤੁਰਲੇ ਵਾਲੀ ਪੱਗ ਬੰਨ੍ਹਣ ਵਾਲੇ ਚੌਧਰੀ ਮਹੀਪਾਲ ਇੱਕੋ ਇੱਕ ਬਜ਼ੁਰਗ ਸਨ। ਕਰੀਬ 98 ਸਾਲ ਦੀ ਉਮਰ ਭੋਗਣ ਵਾਲੇ ਤੇ ਜੈਲਦਾਰ ਪਰਿਵਾਰ ਵਿੱਚ ਜਨਮੇ ਮਹੀਪਾਲ ਸਿੰਘ ਰਾਣਾ ਦੋ ਵਾਰ ਮਾਰਕੀਟ ਕਮੇਟੀ ਡੇਰਾਬੱਸੀ ਦੇ ਚੇਅਰਮੈਨ ਰਹੇ ਹਨ ਅਤੇ ਉਨ੍ਹਾਂ ਲਗਾਤਾਰ 40 ਸਾਲ ਪਿੰਡ ਦੇ ਸਰਪੰਚ ਵਜੋਂ ਸੇਵਾਵਾਂ ਦਿੱਤੀਆਂ ਹਨ।
ਚੌਧਰੀ ਮਹੀਪਾਲ ਨੇ ਆਪਣੀ ਜਿੰਦਗੀ ਵਿੱਚ ਬੜੇ ਲੰਮੇ ਉਤਰਾਅ ਚੜਾਅ ਵੇਖੇ ਹਨ । ਇੱਕ ਪਾਸੇ ਜਿੱਥੇ ਉਨ੍ਹਾਂ ਦੇ ਪੁੱਤਰ ਤੇ ਨੂੰਹ ਦਾ ਉਨ੍ਹਾਂ ਤੋਂ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੋ ਪੜਪੋਤਰੇ ਅੱਜ ਕੱਲ ਵੱਡੀਆਂ ਜਮਾਤਾਂ ਵਿੱਚ ਪੜ੍ਹ ਰਹੇ ਹਨ ਜਦਕਿ ਇੱਕ ਪੜਪੌਤਰੀ ਦਾ ਵਿਆਹ ਵੀ ਹੋ ਚੁੱਕਾ ਹੈ । ਆਪਣੇ ਇਕਲੌਤੇ ਪੁੱਤਰ ਤੇ ਨੂੰਹ ਦੀ ਮੌਤ ਹੋਣ ਉਪਰੰਤ ਅਤੇ ਬਜੁਰਗ ਅਵਸਥਾ ਹੋਣ ਦੇ ਚੱਲਦਿਆਂ ਥੋੜ੍ਹੀ ਨਿਰਾਸ਼ਾ ਹੋਣ ਕਾਰਨ ਉਹ ਢਿੱਲੇ ਮੱਠੇ ਰਹਿਣ ਲੱਗ ਪਏ ਸਨ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਉਹ ਹਲਕਾ ਫੁਲਕਾ ਖਾਣਾ ਹੀ ਲੈ ਰਹੇ ਸਨ ਅਤੇ ਅੱਜ 17 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ ਸਵਾ 6 ਵਜੇ ਉਨ੍ਹਾਂ ਆਪਣੇ ਪਿੰਡ ਜਿਊਲੀ ਵਿਖੇ ਆਖਰੀ ਸਾਹ ਲਿਆ।
ਇਸ ਸਮੇਂ ਉਨ੍ਹਾਂ ਦੇ ਦੋ ਪੋਤਰੇ ਰਵਿੰਦਰ ਰਾਣਾ ਤੇ ਯੋਗਿੰਦਰ ਰਾਣਾ ਕਾਂਗਰਸ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਚੌਧਰੀ ਮਹੀਪਾਲ ਸਿੰਘ ਦੇ ਦੇਹਾਂਤ ਉੱਤੇ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਕਿਰਨਪਾਲ ਰਾਣਾ ਟਰੜਕ , ਹਰਪਾਲ ਸਿੰਘ ਨੰਬਰਦਾਰ ਭੁੱਖੜੀ, ਜਸਵੀਰ ਬਰਟਾਣਾ, ਆਪ ਆਗੂ ਬਲਜੀਤ ਚੰਦ ਸ਼ਰਮਾ, ਪੱਤਰਕਾਰ ਭਾਈਚਾਰੇ ਤੋਂ ਰਾਜਬੀਰ ਸਿੰਘ ਰਾਣਾ, ਸਰਬਜੀਤ ਸਿੰਘ ਭੱਟੀ, ਚੰਦਰਪਾਲ ਅੱਤਰੀ , ਸੁਰਜੀਤ ਸਿੰਘ ਕੁਹਾੜ ਤੇ ਮਲਕੀਤ ਸਿੰਘ ਮਲਕਪੁਰ ਸਮੇਤ ਵੱਡੀ ਗਿਣਤੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜਹਾਰ ਕੀਤਾ ਹੈ। ਇਸ ਸਮੇਂ ਉਨ੍ਹਾਂ ਦੇ ਪਰਿਵਾਰ ਵਿੱਚ ਚੌਧਰੀ ਮਹੀਪਾਲ ਸਿੰਘ ਰਾਣਾ ਦੇ ਭਤੀਜੇ ਚੌਧਰੀ ਸੁਰਿੰਦਰਪਾਲ ਸਿੰਘ ਰਾਣਾ ਜਿਊਲੀ ਸਰਗਰਮ ਸਿਆਸਤਦਾਨ ਵਜੋਂ ਵਿਚਰ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਾਚਾ ਜੀ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।