ਪੱਤਰਕਾਰਾਂ ਉੱਪਰ ਦਰਜ਼ ਮੁਕੱਦਮੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ
ਲੋਕਤੰਤਰ ਦਾ ਕੀਤਾ ਜਾ ਰਿਹਾ ਘਾਣ:-ਐਡਵੋਕੇਟ ਪ੍ਰਭਜੀਤ ਪਾਲ ਸਿੰਘ
ਲੋਕਾਂ ਦੀ ਆਵਾਜ਼ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼:- ਬੂਟਾ ਸਿੰਘ ਸ਼ਾਦੀਪੁਰ, ਧਰਮਵੀਰ ਗਾਂਧੀ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 4 ਜਨਵਰੀ 2026:- ਪੰਜਾਬ ਸਰਕਾਰ ਵੱਲੋਂ ਸਮਾਜਿਕ ਕਾਰਕੁਨਾਂ ਅਤੇ ਪੱਤਰਕਾਰਾਂ ਖਿਲਾਫ਼ ਦਰਜ਼ ਕੀਤੇ ਮੁਕੱਦਮੇ ਰੱਦ ਕਰਨ ਨੂੰ ਲੈ ਕੇ ਸਮਾਜ ਸੇਵੀ ਕਿਸਾਨ ਆਗੂ ਸੀਨੀਅਰ ਵਕੀਲ ਪ੍ਰਭਜੀਤ ਪਾਲ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਦੇ ਫੁਹਾਰਾ ਚੌਂਕ ਉੱਪਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਚੱਲਦੇ ਪ੍ਰਦਰਸ਼ਨ ਦੌਰਾਨ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਆਰ ਪੀ ਐੱਸ ਮਲਹੋਤਰਾ ਵੀ ਪਹੁੰਚ ਗਏ।
ਐਡਵੋਕੇਟ ਪ੍ਰਭਜੀਤ ਪਾਲ ਸਿੰਘ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ, ਡਾਕਟਰ ਧਰਮਵੀਰ ਗਾਂਧੀ, ਮੇਜਰ ਮਲਹੋਤਰਾ, ਦਵਿੰਦਰ ਪੁਣੀਆ, ਦਲਜੀਤ ਚਾਹਲ, ਲਲਿਤ ਕੁਮਾਰ ਨੇ ਸੰਬੋਧਨ ਕਰਦੇ ਕਿਹਾ ਕਿ ਇਹ ਮੁਕੱਦਮਾ ਪੱਤਰਕਾਰਾਂ 'ਤੇ ਨਹੀਂ, ਆਮ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੈ। ਪੱਤਰਕਾਰ ਲੋਕਾਂ ਦੀ ਆਵਾਜ਼ ਹਨ, ਸਰਕਾਰ ਨੂੰ ਲੋਕਾਂ ਨਾਲ ਅਤੇ ਲੋਕਾਂ ਨੂੰ ਸਰਕਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਪੱਤਰਕਾਰ ਆਪਣੀ ਪੱਤਰਕਾਰੀ ਰਾਹੀਂ ਜਨਸੰਚਾਰ ਸਾਧਨਾਂ ਰਾਹੀਂ ਖ਼ਬਰਾਂ ਨੂੰ ਇਕੱਠਾ ਕਰ ਨਿਰੰਤਰ ਲੋਕਾਂ ਨੂੰ ਸੂਚਨਾ ਰਾਹੀਂ ਸਮਾਜ ਨਾਲ, ਗਿਆਨ ਵਿਗਿਆਨ ਸਰਕਾਰਾਂ ਨਾਲ ਜੋੜ ਕੇ ਰੱਖਦੇ ਹਨ।
ਸਰਕਾਰ ਵੱਲੋਂ ਕੀਤੇ ਕੰਮ ਲੋਕਾਂ ਤੱਕ ਅਤੇ ਲੋਕਾਂ ਦੇ ਮਸਲੇ, ਉਨ੍ਹਾਂ ਦੀ ਆਵਾਜ਼, ਦੁੱਖ ਤਕਲੀਫ਼ ਸਰਕਾਰਾਂ ਤੱਕ ਪਹੁੰਚਾਉਂਦੇ ਹਨ। ਲੋਕਾਂ ਦੇ ਸਵਾਲ ਪੱਤਰਕਾਰਾਂ ਵੱਲੋਂ ਪੁੱਛਣ 'ਤੇ ਅੱਜ ਮੁਕੱਦਮੇ ਦਰਜ ਕਰਨ ਦਾ ਮਤਲਬ ਲੋਕਾਂ 'ਤੇ ਮੁਕੱਦਮੇ ਦਰਜ਼ ਕਰਨਾ ਹੈ। ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਇਹ ਸਿੱਧਾ ਸਿੱਧਾ ਲੋਕਤੰਤਰ ਅਤੇ ਸੰਵਿਧਾਨ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨ ਵਿੱਚ ਰਣਧੀਰ ਸਿੰਘ ਚੌਧਰੀ, ਲਲਿਤ ਕੁਮਾਰ ਭਾਂਖਰ, ਮੰਗਲ ਸਿੰਘ ਰੰਗਰੇਟਾ, ਮਲਕ ਸਿੰਘ, ਸਿਮਰਨਜੀਤ ਸਿੰਘ, ਕਿਸਾਨ ਆਗੂ ਹਰਬੰਸ ਸਿੰਘ ਦੱਧਹੇਰਾ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸ਼ੰਕਰਪੂਰ, ਕੈਪਟਨ ਮੇਜਰ ਸਿੰਘ, ਹੈਪੀ, ਬਲਦੇਵ ਸਿੰਘ ਅਬਦਲਪੁਰ, ਕੁਲਵਿੰਦਰ ਸਿੰਘ ਰੋਹੜ ਪਾਲ ਪਿੰਧਰ, ਐਡਵੋਕੇਟ ਭੁਪੇਸ਼ ਤਿਵਾੜੀ, ਸੇਵਕ ਸਿੰਘ, ਪ੍ਰਿਤਪਾਲ ਸਿੰਘ ਵਿਕਰਮ, ਗੁਰਿੰਦਰ ਸਿੰਘ, ਸੰਦੀਪ ਸਿੰਘ ਹਾਜ਼ਿਰ ਰਹੇ।