ਵੱਡੀ ਖ਼ਬਰ: ED ਦੇ ਮੁਖ਼ਬਰ/ਗਵਾਹ 'ਤੇ ਡ੍ਰੋਨ ਹਮਲੇ ਦੀ ਕੋਸ਼ਿਸ਼! 'ਮਾਈਨਿੰਗ ਕਿੰਗ' ਵਿਰੁੱਧ FIR ਦਰਜ
ਰਵੀ ਜੱਖੂ
ਰੂਪਨਗਰ 4 ਜਨਵਰੀ 2026: ਇਨਫੋਰਸਮੈਂਟ ਡਾਇਰੈਕਟੋਰੇਟ (ED) ਜਲੰਧਰ ਦੇ ਇੱਕ ਮੁਖ਼ਬਰ/ਗਵਾਹ ਦੀ ਹੱਤਿਆ ਕਰਨ ਦੀ ਕੋਸ਼ਿਸ਼ ਦਾ ਇੱਕ ਬਹੁਤ ਹੀ ਗੰਭੀਰ ਅਤੇ ਹਾਈ-ਟੈਕ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਪੁਲਿਸ ਨੇ ਪਿੰਡ ਨਾਨਗਰਾਂ ਦੇ ਵਸਨੀਕ ਸੰਦੀਪ ਕੁਮਾਰ ਰਾਣਾ ਪੁੱਤਰ ਮੋਹਣ ਸਿੰਘ ਦੀ ਸ਼ਿਕਾਇਤ 'ਤੇ ਮਾਈਨਿੰਗ ਕਿੰਗ ਵਜੋਂ ਜਾਣੇ ਜਾਂਦੇ ਬਲਜਿੰਦਰ ਸਿੰਘ ਉਰਫ਼ ਅਮਨ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਡ੍ਰੋਨ ਰਾਹੀਂ ਕੀਤੀ ਗਈ ਰੇਕੀ
ਸ਼ਿਕਾਇਤਕਰਤਾ ਅਨੁਸਾਰ, ਮੁਲਜ਼ਮ ਬਲਜਿੰਦਰ ਸਿੰਘ ਨੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਇਸ ਤਹਿਤ ਇੱਕ ਇਨੋਵਾ ਗੱਡੀ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਡ੍ਰੋਨ ਦੀ ਮਦਦ ਨਾਲ ਸੰਦੀਪ ਕੁਮਾਰ ਦੇ ਘਰ ਦੀ ਰੇਕੀ ਕੀਤੀ ਤਾਂ ਜੋ ਉਸ ਦੀ ਅਤੇ ਪਰਿਵਾਰ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ। ਦੋਸ਼ ਹੈ ਕਿ ਬਲਜਿੰਦਰ ਸਿੰਘ ਨੇ ਸੰਦੀਪ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਗੋਲੀਆਂ ਵੀ ਚਲਾਈਆਂ।
ਹਮਲੇ ਦਾ ਕਾਰਨ
ਸੰਦੀਪ ਰਾਣਾ ਨੇ ਦੱਸਿਆ ਕਿ ਇਹ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਸ ਨੇ ਬਲਜਿੰਦਰ ਸਿੰਘ ਦੀਆਂ ਗੈਰ-ਕਾਨੂੰਨੀ ਸਰਗਰਮੀਆਂ ਬਾਰੇ ਈ.ਡੀ. ਜਲੰਧਰ ਨੂੰ ਅਹਿਮ ਜਾਣਕਾਰੀ ਦਿੱਤੀ ਸੀ। ਇਸ ਜਾਣਕਾਰੀ ਦੇ ਅਧਾਰ 'ਤੇ ਹੀ ਈ.ਡੀ. ਨੇ ਬਲਜਿੰਦਰ ਸਿੰਘ ਦੀਆਂ ਚੱਲ-ਅਚੱਲ ਸੰਪਤੀਆਂ ਕੁਰਕ (Attach) ਕੀਤੀਆਂ ਸਨ।
ਈਡੀ ਦੇ ਜਾਰੀ ਪ੍ਰੈੱਸ ਬਿਆਨ ਮੁਤਾਬਿਕ, ਦੋਸ਼ ਹੈ ਕਿ ਬਲਜਿੰਦਰ ਸਿੰਘ ਉਰਫ਼ ਅਮਨ 'ਤੇ ਪਹਿਲਾਂ ਹੀ ਕਰੀਬ 15 ਅਪਰਾਧਿਕ ਕੇਸ ਦਰਜ ਹਨ। ਇਸ ਤੋਂ ਪਹਿਲਾਂ ਵੀ ਉਸ ਵਿਰੁੱਧ ਲੁਧਿਆਣਾ ਦੇ ਥਾਣਾ ਦੇਹਲੋਂ ਵਿੱਚ ਈ.ਡੀ. ਦੇ ਇੱਕ ਹੋਰ ਗਵਾਹ ਗੁਰਮੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਹੋ ਚੁੱਕਾ ਹੈ।
ਬਲਜਿੰਦਰ ਸਿੰਘ ਉਰਫ਼ ਅਮਨ 'ਤੇ ਕੇਸ ਦਰਜ- ਰੂਪਨਗਰ ਪੁਲਿਸ
ਰੂਪਨਗਰ ਪੁਲਿਸ ਨੇ ਇਸ ਮਾਮਲੇ ਵਿੱਚ BNS ਦੀਆਂ ਧਾਰਾਵਾਂ 223, 332, 351(2) ਅਤੇ 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇੱਕ ਡ੍ਰੋਨ ਵੀ ਬਰਾਮਦ ਕੀਤੇ ਜਾਣ ਦੀ ਸੂਚਨਾ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਜ਼ਿਸ਼ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।