ਪਾਵਰ ਮੈਨੇਜਮੈਂਟ ਅਤੇ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਜਾਰੀ
Ravi Jakhu
ਜੇ ਕੇਂਦਰ ਸਰਕਾਰ ਨੇ ਬਜਟ ਸੈਸ਼ਨ ਵਿੱਚ ਬਿਜਲੀ ਸੋਧ ਬਿੱਲ 2025 ਪੇਸ਼ ਕੀਤਾ ਤਾਂ ਕਰਾਂਗੇ ਤਿੱਖਾ ਵਿਰੋਧ
ਪਟਿਆਲਾ 4 ਜਨਵਰੀ 2026
ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਥੜੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ , ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸਬੰਧਤ ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਨਾਲ ਸਬੰਧਤ 13 ਆਗੂਆਂ ਨੇ ਪੰਜਾਬ ਸਰਕਾਰ ਦੀ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਦੀ ਨੀਤੀ ਖਿਲਾਫ਼ ਅੱਜ ਚੌਥੇ ਦਿਨ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ 24 ਘੰਟੇ ਦੀ ਲੜੀਵਾਰ ਭੁੱਖ ਹੜਤਾਲ ਰੱਖ ਕੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਖਿਲਾਫ਼ ਜੋਰਦਾਰ ਪਿੱਟ ਸਿਆਪਾ ਕੀਤਾ । ਭੁੱਖ ਪੜਤਾਲ ਕੈਂਪ ਵਿੱਚ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵੱਖ -ਵੱਖ ਆਗੂਆਂ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਅਦਾਰੇ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਖਿਲਾਫ਼ ਅਵਾਜ਼ ਬੁਲੰਦ ਕੀਤੀ । ਇਸ ਮੌਕੇ ਤੇ ਬਲਦੇਵ ਸਿੰਘ ਮੰਢਾਲੀ , ਕੁਲਵਿੰਦਰ ਸਿੰਘ ਢਿੱਲੋਂ , ਇੰਜੀ ਹਰਮਨਦੀਪ , ਮਨਜੀਤ ਸਿੰਘ ਚਾਹਲ, ਕਰਮਜੀਤ ਸਿੰਘ ਪਟਿਆਲਾ ,ਜਗਤਾਰ ਸਿੰਘ, ਰਾਜਵੀਰ ਸਿੰਘ , ਨਿਰਮਲ ਸਿੰਘ ਨੱਢਾ,ਕੁਲਦੀਪ ਸਿੰਘ ਚੌਹਾਨ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਨਵਦੀਪ ਸਿੰਘ, ਸੁਖਜੰਟ ਸਿੰਘ, ਹਰਵਿੰਦਰ ਸਿੰਘ, ਜੋਗਿੰਦਰ ਸਿੰਘ , ਸੰਤੋਖ ਸਿੰਘ ਬੋਪਾਰਾਏ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਬਿਜਲੀ ਨਿਗਮ ਦੀਆਂ ਵੱਡੇ ਅਕਾਰ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚ ਕੇ ਪਬਲਿਕ ਸੈਕਟਰ ਦੇ ਇਸ ਮਹੱਤਵਪੂਰਨ ਅਦਾਰੇ ਨੂੰ ਵਿੱਤੀ ਤੌਰ ਤੇ ਕਮਜ਼ੋਰ ਕਰਕੇ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੀ ਪਬਲਿਕ ਖੇਤਰ ਦੇ ਇਸ ਅਦਾਰੇ ਨੂੰ ਪੂੰਜੀਪਤੀਆਂ ਨੂੰ ਸੌੰਪਣਾ ਚਾਹੁੰਦੀ ਹੈ, ਜਿਸ ਨਾਲ ਬਿਜਲੀ ਆਮ ਲੋਕਾਂ ਅਤੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ।ਆਗੂਆਂ ਨੇ ਬਿਜਲੀ ਸੋਧ ਬਿੱਲ 2025 ਦੇ ਲੋਕ ਵਿਰੋਧੀ ਖਰੜੇ ਅਤੇ ਚਾਰ ਲੇਬਰ ਕੋਡਾਂ ਖਿਲਾਫ਼ ਤਿੱਖੇ ਸੰਘਰਸ਼ਾਂ ਲਈ ਲਾਮਬੰਦੀ ਕਰਨ ਬਾਰੇ ਸੁਚੇਤ ਕੀਤਾ। ਆਗੂਆਂ ਨੇ ਪਾਵਰ ਮੈਨੇਜਮੈਂਟ ਕੋਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ 10 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਦੀ ਹਾਜਰੀ ਵਿੱਚ ਕੀਤੇ ਸਮਝੌਤੇ ਇੰਨ ਬਿੰਨ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ । ਆਗੂਆਂ ਨੇ 16 ਪ੍ਰਤੀਸ਼ਤ ਮਹਿੰਗਾਈ ਭੱਤਾ ਜਾਰੀ ਕਰਨ ,ਕੱਚੇ ਕਾਮੇ ਪੱਕੇ ਕਰਨ,ਬਿਜਲੀ ਨਿਗਮ ਵਿੱਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ, ਬਰਾਬਰ ਕੰਮ ਲਈ ਬਰਾਬਰ ਤਨਖਾਹ ਲਾਗੂ ਕਰਨ ਦੀ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ।ਬੁਲਾਰਿਆਂ ਨੇ ਕਿਹਾ ਕਿ ਮਿਤੀ 21 ਜਨਵਰੀ ਨੂੰ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਲਾਮਿਸਾਲ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ।ਅੱਜ ਚੌਥੇ ਦਿਨ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ 13 ਆਗੂ ਹਰਭਜਨ ਸਿੰਘ, ਬਲਜੀਤ ਕੁਮਾਰ, ਬਰਿੰਦਰ ਸਿੰਘ , ਕਰਮਜੀਤ ਸਿੰਘ ਖੀਵਾ, ਉਗਰ ਸਿੰਘ, ਸਾਧੂ ਸਿੰਘ, ਹਰਵਿੰਦਰ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ, ਕੇਸ਼ਵ ਅਧਿਕਾਰੀ, ਅਜੈਬ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ 24 ਘੰਟੇ ਲਈ ਲੜੀਵਾਰ ਭੁੱਖ ਹੜਤਾਲ ਤੇ ਬੈਠੇ ।