ਨਗਰ ਨਿਗਮ ਦੀ ਵਾਰਡ ਬੰਦੀ ਖਿਲਾਫ ਬਠਿੰਡਾ ਕਾਂਗਰਸ ਕਾਂਗਰਸ ਨੇ ਟਾਊਨ ਪਲਾਨਰ ਨੂੰ ਦਿੱਤਾ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 29ਦਸੰਬਰ 2025:ਨਗਰ ਨਿਗਮ ਦੀ ਵਾਰਡ ਬੰਦੀ ਖਿਲਾਫ ਅੱਜ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ , ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਟਹਿਲ ਸਿੰਘ ਸੰਧੂ , ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਅੰਮ੍ਰਿਤ ਕੌਰ ਗਿੱਲ, ਹਰਵਿੰਦਰ ਸਿੰਘ ਲੱਡੂ, ਬਲਵੰਤ ਰਾਏ ਨਾਥ ਅਤੇ ਕਿਰਨਜੀਤ ਸਿੰਘ ਗਹਿਰੀ ਸਮੇਤ ਵੱਖ-ਵੱਖ ਆਗੂਆਂ ਦੇ ਵਫਦ ਨੇ ਟਾਊਨ ਪਲਾਨਰ ਨੂੰ ਮੰਗ ਪੱਤਰ ਦਿੱਤਾ ਅਤੇ ਇਤਰਾਜ਼ ਦਾਖਲ ਕਰਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ। ਕਾਂਗਰਸੀ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਗੱਲ ਨੂੰ ਨਾ ਸੁਣਿਆ ਗਿਆ ਤਾਂ ਉਹ ਸੜਕਾਂ ਤੇ ਉਤਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜੇਕਰ ਅੰਤਿਮ ਸੂਚੀ ਜਾਰੀ ਹੋਣ ਤੱਕ ਕਾਂਗਰਸ ਨੂੰ ਵਿਸ਼ਵਾਸ ਵਿੱਚ ਨਾ ਲਿਆ ਗਿਆ ਤਾਂ ਬਠਿੰਡਾ ਬੰਦ ਕਰਕੇ ਨਗਰ ਨਿਗਮ ਦਾ ਘਿਰਾਓ ਕੀਤਾ ਜਾਏਗਾ।ਇਸ ਮੌਕੇ ਰਾਜਨ ਗਰਗ ਨੇ ਕਿਹਾ ਕਿ ਸਰਕਾਰ ਵੱਲੋਂ 22 ਦਸੰਬਰ ਨੂੰ ਸੂਚਨਾ ਜਾਰੀ ਕੀਤੀ ਗਈ ਪ੍ਰੰਤੂ ਛੁੱਟੀਆਂ ਕਰਕੇ ਇਤਰਾਜ ਅਤੇ ਸੁਝਾਅ ਲਈ ਮਹਿਜ ਦੋ ਦਿਨ ਮਿਲੇ ਹਨ ।
ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਨੂੰ ਦੇਖਦਿਆਂ ਇਤਰਾਜ ਅਤੇ ਸੁਝਾਅ ਦੇਣ ਲਈ ਸਮਾਂ ਵਧਾਇਆ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਅੱਜ ਉਹਨਾਂ ਨੇ ਵਾਰਡਬੰਦੀ ਦਾ ਨਕਸ਼ਾ ਮੁਹਈਆ ਕਰਵਾਉਣ ਅਨੁਸੂਚਿਤ ਜਾਤੀ ਅਤੇ ਬੈਕਵਰਡ ਕਲਾਸਾਂ ਦੇ ਵਾਰਡਾਂ ਦੀ ਰੂਪ ਰੇਖਾ ਦਾ ਅਸਲੀ ਨਕਸ਼ਾ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਹੈ। ਉਹਨਾਂ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਨੇ ਪ੍ਰਸ਼ਾਸਨ ਦੀ ਕਥਿਤ ਮਿਲੀ ਭੁਗਤ ਨਾਲ ਵਾਰਡ ਬੰਦੀ ਕੀਤੀ ਹੈ ਜੋ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਹਨਾਂ ਕਿਹਾ ਕਿ ਕਿ ਵਾਰਡਬੰਦੀ ਵਿੱਚ ਕਾਂਗਰਸ ਦੇ ਦੋ ਨਾਮ ਵੀ ਆਪਣੀ ਮਰਜ਼ੀ ਨਾਲ ਸ਼ਾਮਿਲ ਕੀਤੇ ਗਏ ਹਨ ਜੋ ਕਿ ਹੈਰਾਨੀਜਨਕ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਤੇ ਅਫਸਰਸ਼ਾਹੀ ਦਾ ਰੁੱਖ ਵੀ ਸ਼ੱਕੀ ਜਾਪਦਾ ਹੈ ਜਿਸ ਕਰਕੇ ਕਾਂਗਰਸ ਪਾਰਟੀ ਆਪਣੀ ਸਮੁੱਚੀ ਲੀਡਰਸ਼ਿਪ ਨਾਲ ਤਿੱਖੇ ਸੰਘਰਸ਼ ਲਈ ਤਿਆਰ ਬਰ ਤਿਆਰ ਹੈ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦੋ ਦਿਨਾਂ ਵਿੱਚ ਸਮਾਂ ਵਧਾਉਣ ਦੇ ਨਾਲ ਸਾਰੀਆਂ ਮੰਗਾਂ ਗੌਰ ਨਾ ਕੀਤੀਆਂ ਤਾਂ ਫਿਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।