ਚੋਰ ਟਿੱਪਰਾਂ ਦੀਆਂ ਅੱਠ ਬੈਟਰੀਆਂ ਲੈ ਕੇ ਹੋਇਆ ਫਰਾਰ
ਸੀਸੀਟੀਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ , 18 ਦਸੰਬਰ 2025 :
ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ ਥੰਮ ਨਹੀਂ ਰਿਹਾ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਕੁਝ ਦਿਨ ਪਹਿਲਾਂ ਹੀ ਮਗਰ ਮੁੱਦਿਆ ਦੇ ਰਹਿਣ ਵਾਲੇ ਰੇਤ ਮਿੱਟੀ ਦਾ ਕੰਮ ਕਰਨ ਵਾਲੇ ਪ੍ਰੀਤ ਜੇਸੀਬੀ ਵਾਲੇ ਦੀ ਦੀਵਾਰ ਟੱਪ ਕੇ ਸਰੇਆਮ ਘਰ ਵਿੱਚ ਵੜਕੇ ਚੋਰਾ ਵੱਲੋਂ ਛੇ ਬੈਟਰੀਆਂ ਟਿਪੱਰਾਂ ਦੀਆਂ ਚੋਰੀ ਕਰ ਲਈਆਂ ਗਈਆਂ ਸਨ ਤੇ ਹੁਣ ਬੀਤੀ ਰਾਤ ਮਾਨ ਟਰੇਡਰਸ ਦੇ ਘਰ ਦੇ ਬਾਹਰ ਖੜੇ ਚਾਰ ਟਿੱਪਰਾਂ ਵਿੱਚੋਂ ਅੱਠ ਬੈਟਰੀਆਂ ਚੋਰ ਚੋਰੀ ਕਰਕੇ ਲੈ ਗਿਆ । ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਨੇ ਪੂਰਾ ਇੱਕ ਘੰਟਾ ਲੱਗ ਕੇ ਇਹ ਚੋਰੀ ਕੀਤੀ। ਹਾਲਾਂਕਿ ਸਿਰ ਤੇ ਪਰਨਾ ਤੇ ਮੂੰਹ ਤੇ ਕੱਪੜਾ ਲਪੇਟਿਆ ਚੋਰ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਇਆ।
ਟਿੱਪਰਾਂ ਦੇ ਮਾਲਕ ਹਰਪਿੰਦਰ ਸਿੰਘ ਮਾਨ ਦੇ ਦੋਸਤ ਗੋਲਡੀ ਨੇ ਦੱਸਿਆ ਕਿ ਚੋਰ ਕਰੀਬ 11 ਵਜੇ ਮਾਨ ਦੇ ਘਰ ਦੇ ਬਾਹਰ ਖੜੇ ਟਿੱਪਰਾ ਦੀਆਂ ਬੈਟਰੀਆਂ ਚੋਰੀਆਂ ਕਰਨ ਲੱਗਾ ਸੀ ਅਤੇ 12 ਵਜੇ ਦੇ ਕਰੀਬ ਉਹ ਅੱਠ ਬੈਟਰੀਆਂ ਖੋਲਣ ਵਿੱਚ ਕਾਮਯਾਬ ਹੋ ਗਿਆ ਜਦਕਿ ਇੱਕ ਟਰੈਕਟਰ ,ਇੱਕ ਜੇਸੀਬੀ ਅਤੇ ਇੱਕ ਹੋਰ ਟਰੱਕ ਦੀ ਬੈਟਰੀ ਬੋਕਸ ਵਿੱਚ ਬੰਦ ਹੋਣ ਕਾਰਨ ਉਸ ਕੋਲੋਂ ਖੁੱਲੀ ਨਹੀਂ । ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਡਰਾਈਵਰ ਜੋ ਘਰ ਵਿੱਚ ਇਹ ਸੁੱਤਾ ਸੀ ਹਲਕਾ ਖੜਾਕ ਸੁਣ ਕੇ ਦੋ ਵਾਰ ਉੱਠ ਕੇ ਬਾਹਰ ਆਇਆ ਪਰ ਚੋਰ ਹਨੇਰੇ ਦਾ ਫਾਇਦਾ ਉਠਾ ਕੇ ਟਿੱਪਰਾਂ ਦੇ ਉਹਲੇ ਲੁਕ ਜਾਂਦਾ ਸੀ ।ਚੋਰ ਇੱਕ ਜੁਗਾੜੂ ਰੇਹੜੇ ਤੇ ਆਇਆ ਸੀ ਅਤੇ ਉਹਨਾਂ ਦਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਕਰ ਗਿਆ ਹੈ। ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰ ਨੂੰ ਗਿਰਫਤਾਰ ਕੀਤਾ ਜਾਏ ।