ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਮੌਕੇ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਦੇ ਵਿਆਪਕ ਬੰਦੋਬਸਤ
50 ਲੱਖ ਦੇ ਕਰੀਬ ਸੰਗਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰੇਗੀ
ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਗੂਗਲ ਕੰਪਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਫਤਹਿਗੜ੍ਹ ਸਾਹਿਬ ਨੂੰ ਆਉਂਦੇ ਰਸਤਿਆਂ ’ਤੇ ਟ੍ਰੈਫਿਕ ਬਾਰੇ ਪੁਖਤਾ ਜਾਣਕਾਰੀ ਮਿਲੇਗੀ
ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾਵੇਗਾ, ਅਣ-ਅਧਿਕਾਰਤ ਤੌਰ ’ਤੇ ਖੂਨਦਾਨ ਕੈਂਪ ਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ
ਸੁਰੱਖਿਆ ਵਿਵਸਥਾ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ 3200 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ
ਸੰਗਤ ਲਈ ਪ੍ਰਬੰਧਾਂ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਕਰੇਗੀ ਪੰਜਾਬ ਸਰਕਾਰ
ਚੰਡੀਗੜ੍ਹ, 16 ਦਸੰਬਰ 2025- ਫਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ’ਤੇ ਸ਼ਹੀਦੀ ਸਭਾ ਮੌਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕਰਨ ਲਈ ਦੁਨੀਆਂ ਭਰ ਵਿੱਚੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੱਸਿਆ ਕਿ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਤੇ ਹੋਰ ਇੰਤਜ਼ਾਮ ਵਿਆਪਕ ਪੱਧਰ ’ਤੇ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਸਿਹਤ ਸਹੂਲਤਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 20 ਆਮ ਆਦਮੀ ਕਲੀਨਿਕ ਅਤੇ 5 ਡਿਸਪੈਂਸਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਜਿੱਥੇ ਮਾਹਿਰ ਡਾਕਟਰ ਅਤੇ ਬਾਕੀ ਸਟਾਫ ਹਾਜ਼ਰ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਅਤੇ ਡਿਸਪੈਂਸਰੀਆਂ ਲਈ ਦਵਾਈਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਵਿਵਸਥਾ ਕਰ ਲਈ ਹੈ।
ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਜ਼ਮੀਰ ਦੀ ਆਵਾਜ਼ ਅਨੁਸਾਰ ਧਰਮ ਅਪਨਾਉਣ ਦੇ ਮਨੁੱਖੀ ਹੱਕ ਦੀ ਰਾਖੀ ਲਈ ਕੀਤੀ ਗਈ ਲਾਸਾਨੀ ਕੁਰਬਾਨੀ ਮਨੁੱਖੀ ਇਤਿਹਾਸ ਵਿੱਚ ਲਾਮਿਸਾਲ ਘਟਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਇਸ ਕੁਰਬਾਨੀ ਨੂੰ ‘ਨਿੱਕੀਆ ਜਿੰਦਾਂ’ ਦੇ ‘ਵੱਡੇ ਸਾਕੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸਾਕੇ ਨੂੰ ਵਾਪਰਿਆਂ ਭਾਵੇਂ ਤਿੰਨ ਸਦੀਆਂ ਤੋਂ ਵਧੇਰੇ ਅਰਸਾ ਬੀਤ ਗਿਆ ਹੈ, ਪਰ ਸਮੁੱਚੇ ਸਿੱਖ ਜਗਤ ਵੱਲੋਂ ਇਸ ਦੀ ਪੀੜ ਅੱਜ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਸੰਗਤ ਦੇ ਆਉਣ-ਜਾਣ ਲਈ ਮੁਫ਼ਤ ਸਫਰ ਦੀ ਸਹੂਲਤ ਦੇਣ ਲਈ ‘ਇੰਟਰ ਸਿਟੀ ਸ਼ਟਲ ਬੱਸ ਸੇਵਾ’ ਸ਼ੁਰੂ ਕੀਤੀ ਜਾਵੇਗੀ ਅਤੇ ਸ਼ਹੀਦੀ ਸਭਾ ਦੌਰਾਨ 200 ਸ਼ਟਲ ਬੱਸਾਂ ਅਤੇ 100 ਈ-ਰਿਕਸ਼ੇ ਸੰਗਤ ਲਈ ਤਾਇਨਾਤ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੱਸਾਂ ਅਤੇ ਈ-ਰਿਕਸ਼ੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਪਾਰਕਿੰਗ ਵਾਲੀਆਂ ਥਾਵਾਂ ਤੋਂ ਗੁਰਦੁਆਰਾ ਸਾਹਿਬ ਅਤੇ ਹੋਰ ਥਾਵਾਂ ਤੇ ਲਿਜਾਣਗੇ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਇਸ ਵਾਰ ਗੂਗਲ ਕੰਪਨੀ ਦੀਆਂ ਸੇਵਾਵਾਂ ਵੀ ਹਾਸਲ ਕੀਤੀਆਂ ਜਾ ਰਹੀਆਂ ਹਨ ਜੋ ਫਤਹਿਗੜ੍ਹ ਸਾਹਿਬ ਨੂੰ ਆਉਂਦੀਆਂ ਸੜਕਾਂ ’ਤੇ ਟ੍ਰੈਫਿਕ ਦੀ ਸਥਿਤੀ ਬਾਰੇ ਸਟੀਕ ਜਾਣਕਾਰੀ ਦੇਵੇਗੀ ਤਾਂ ਕਿ ਕਿਸੇ ਸੜਕ ‘ਤੇ ਵੱਧ ਟ੍ਰੈਫਿਕ ਹੋਣ ਦੀ ਸੂਰਤ ਵਿੱਚ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਵਾਹਨਾਂ ਦੇ ਰੁਕਣ ਲਈ ਪੰਜ ਵੱਡੀਆਂ ਪਾਰਕਿੰਗ ਅਤੇ 16 ਛੋਟੀਆਂ ਪਾਰਕਿੰਗ ਬਣਾਈਆਂ ਗਈਆਂ ਹਨ।
ਸ਼ਹੀਦੀ ਸਭਾ ਮੌਕੇ ਲੋਕਾਂ ਦੀ ਸੁਰੱਖਿਆ ਵਿਵਸਥਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ 3300 ਤੋਂ ਵੱਧ ਪੁਲਿਸ ਜਵਾਨ ਸੰਗਤਾਂ ਦੀ ਸਹਾਇਤਾ ਲਈ ਡਿਊਟੀ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਇੰਟੇਗ੍ਰੇਟਿਡ ਕੰਟਰੋਲ ਸੈਂਟਰ ਸਥਾਪਤ ਕੀਤਾ ਗਿਆ ਜਿੱਥੇ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 0176-3232838 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ 300 ਸੀ.ਸੀ.ਟੀ.ਵੀ ਕੈਮਰੇ ਲਾਏ ਜਾ ਰਹੇ ਹਨ ਤਾਂ ਕਿ ਸਮਾਜ ਵਿਰੋਧੀ ਅਨਸਰ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰੇ ਸ਼ਹਿਰ ’ਤੇ ਡਰੋਨ ਬਾਜ਼ ਅੱਖ ਰੱਖਣਗੇ। ਉਨ੍ਹਾਂ ਦੱਸਿਆ ਕਿ ਮੋਬਾਈਲ ਸੇਵਾਵਾਂ ਨੂੰ ਸੁਚਾਰੂ ਜਾਰੀ ਰੱਖਣ ਲਈ ਮੋਬਾਈਲ ਕੰਪਨੀਆਂ ਵੱਲੋਂ ਆਰਜ਼ੀ ਤੌਰ ’ਤੇ ਟਾਵਰ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 60 ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਗੱਡੀਆਂ ਤਾਇਨਾਤ ਹੋਣਗੀਆਂ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਤੁਰੰਤ ਨਜਿੱਠਿਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਦਾ ਕੰਮ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਜਿਸ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਮਸ਼ੀਨਰੀ ਮੰਗਵਾ ਕੇ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਫਾਈ ਲਈ ਵਲੰਟੀਅਰਾਂ ਦੀ ਟੀਮਾਂ ਤਾਇਨਾਤ ਹੋਣਗੀਆਂ ਜੋ ਸ਼ਿਫਟਾਂ ਵਿੱਚ ਦਿਨ-ਰਾਤ ਡਿਊਟੀ ਨਿਭਾਉਣਗੀਆਂ ਤਾਂ ਕਿ ਸ਼ਹਿਰ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਦੌਰਾਨ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾਵੇਗਾ ਤਾਂ ਕਿ ਮਨੁੱਖਤਾ ਦੀ ਸੇਵਾ ਲਈ ਯੋਗਦਾਨ ਪਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਅਣਅਧਿਕਾਰਤ ਤੌਰ ’ਤੇ ਖੂਨਦਾਨ ਕੈਂਪ ਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਬੀਤੇ ਸਾਲ ਭਾਵੇਂ ਕੁਝ ਮਾਮਲੇ ਸਾਹਮਣੇ ਆਏ ਸਨ ਪਰ ਇਸ ਵਾਰ ਕਿਸੇ ਨੂੰ ਵੀ ਅਜਿਹਾ ਕੈਂਪ ਨਹੀਂ ਲਾਉਣ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੀ ਸਭਾ ਮੌਕੇ ਸੰਗਤ ਲਈ ਇੰਤਜ਼ਾਮ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਬਣਦਾ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਸੰਗਤ ਦੀ ਸਹੂਲਤ ਲਈ ਕਿਸੇ ਵੀ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਵੇਗੀ।
ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ (ਵਾਲਡ ਸਿਟੀ), ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਲਈ ਜਾਰੀ ਹੋਏ ਨੋਟੀਫਿਕੇਸ਼ਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਤਿੰਨੋਂ ਤਖ਼ਤ ਸਾਹਿਬਾਨ ਵਾਲੇ ਇਨ੍ਹਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਗਿਆ ਸੀ।
ਦਿੱਲੀ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਲਈ ਭਾਜਪਾ ਸਰਕਾਰ ਦੀ ਨਾਕਾਮੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਪ੍ਰਦੂਸ਼ਣ ਦਾ ਦੋਸ਼ ਹਰੇਕ ਸਾਲ ਪੰਜਾਬ ’ਤੇ ਮੜ੍ਹ ਦਿੱਤਾ ਜਾਂਦਾ ਸੀ ਪਰ ਇਸ ਵੇਲੇ ਪੰਜਾਬ ਦਾ ਹਵਾ ਦੀ ਗੁਣਵੱਤਾ ਦਾ ਸੂਚਕ (ਏ.ਕਿਊ.ਆਈ.) 70 ਤੋਂ 110 ਹੈ ਜਦਕਿ ਦਿੱਲੀ ਦਾ ਏ.ਕਿਊ.ਆਈ. 500 ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ’ਤੇ ਕਮੀ ਆਈ ਹੈ ਅਤੇ ਇਸ ਤੱਥ ਨੂੰ ਕੇਂਦਰ ਸਰਕਾਰ ਨੇ ਸੰਸਦ ਵਿੱਚ ਵੀ ਪ੍ਰਵਾਨ ਕੀਤਾ ਹੈ।
ਮਗਨਰੇਗਾ ਸਕੀਮ ਦਾ ਨਾਮ ਬਦਲ ਕੇ ‘ਵਿਕਸਤ ਭਾਰਤ-ਜੀ ਰਾਮ ਜੀ’ ਰੱਖਣ ਬਾਰ ਐਲਾਨ ਬਾਰੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵੱਸ ਚੱਲੇ ਤਾਂ ਭਾਰਤ ਦਾ ਨਾਮ ਬਦਲ ਕੇ ‘ਦੀਨ ਦਿਆਲ ਉਪਾਧਿਆਏ ਨਗਰ’ ਰੱਖ ਦੇਣ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰਾਂ ਨੇ ਕਈ ਰੇਲਵੇ ਸਟੇਸ਼ਨਾਂ ਅਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਾਮ ਬਦਲਣ ਨਾਲ ਉਸ ਸ਼ਹਿਰ ਦੀ ਵਿਵਸਥਾ ਨਹੀਂ ਬਦਲ ਜਾਣੀ ਸਗੋਂ ਵਿਵਸਥਾ ਬਦਲਣ ਲਈ ਸਰਕਾਰ ਨੂੰ ਲੋਕਾਂ ਦੀ ਭਲਾਈ ਲਈ ਫੈਸਲੇ ਲੈਣੇ ਹੁੰਦੇ ਹਨ।
ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਸਪੈਸ਼ਲ ਡੀ.ਜੀ.ਪੀ. ਕਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਹਾਜ਼ਰ ਸਨ।