ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ : ਪਹਿਲੇ ਦਿਨ ਕੋਈ ਨਾਮਜ਼ਦਗੀ ਪੱਤਰ ਨਹੀਂ ਹੋਇਆ ਪ੍ਰਾਪਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 1 ਦਸੰਬਰ 2025
ਰਾਜ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਜ਼ਿਲ੍ਹੇ ਵਿੱਚ ਕੋਈ ਵੀ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਇਆ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਵਨੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 10 ਜੋਨ ਬਣਾਏ ਗਏ ਹਨ ਜਿਨ੍ਹਾਂ ਵਿੱਚ ਜੋਨ ਖੜਕੜ ਕਲਾਂ, ਮੁਕੰਦਪੁਰ, ਕੁਲਥਮ ਅਤੇ ਬਾਹੜੋਵਾਲ ਲਈ ਨਾਮਜ਼ਦਗੀਆਂ ਵਾਸਤੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਬੰਗਾ ਨਿਰਧਾਰਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜੋਨ ਬੈਰਸੀਆਂ, ਦੌਲਤਪੁਰ ਅਤੇ ਨੌਰਾ ਲਈ ਦਫ਼ਤਰ ਉਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਰੱਤੇਵਾਲ, ਗੜੀ ਕਾਨੂੰਗੋਂ ਤੇ ਪੋਜੇਵਾਲ ਲਈ ਨਾਮਜ਼ਦਗੀਆਂ ਬਾਬਾ ਬਲਰਾਜ ਪੀ.ਯੂ. ਕਾਂਸਟੀਚਿਊਟ ਕਾਲਜ, ਬਲਾਚੌਰ ਵਿਖੇ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਂਵਾਂ ’ਤੇ ਐਸ.ਡੀ.ਐਮਜ਼ ਕੋਲ ਨਾਮਜਦਗੀ ਪੱਤਰ ਦਿੱਤੇ ਜਾ ਸਕਦੇ ਹਨ।
ਬਲਾਕ ਸੰਮਤੀ ਚੋਣਾਂ ਦੀਆਂ ਨਾਮਜਦਗੀਆਂ ਦਾਖਲ ਕਰਨ ਬਾਰੇ ਜਾਣਕਾਰੀ ਦਿੰਦਿਆ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਵਨੀਤ ਕੌਰ ਨੇ ਦੱਸਿਆ ਕਿ ਬਲਾਕ ਨਵਾਂਸ਼ਹਿਰ ਲਈ ਐਸ.ਡੀ.ਐਮ. ਦਫ਼ਤਰ ਨਵਾਂਸ਼ਹਿਰ, ਬਲਾਕ ਬੰਗਾ ਲਈ ਐਸ.ਡੀ.ਐਮ. ਦਫ਼ਤਰ ਬੰਗਾ ਤੋਂ ਇਲਾਵਾ ਬਲਾਕ ਬਲਾਚੌਰ ਅਤੇ ਸੜੋਆ ਲਈ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਬਲਾਚੌਰ ਨਿਰਧਾਰਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਲਏ ਜਾਣਗੇ। ਜਿਨ੍ਹਾਂ ਦੀ ਪੜ੍ਹਤਾਲ 5 ਦਸੰਬਰ ਨੂੰ ਹੋਵੇਗੀ ਅਤੇ 6 ਦਸੰਬਰ ਨੂੰ ਕਾਗਜ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ।
ਅਵਨੀਤ ਕੌਰ ਨੇ ਅਪੀਲ ਕੀਤੀ ਕਿ ਅਮਨ–ਅਮਾਨ ਅਤੇ ਸੁਚੱਜੇ ਢੰਗ ਨਾਲ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ ਤਾਂ ਜੋ ਨਿਰਪੱਖ ਅਤੇ ਸ਼ਾਂਤੀ ਪੂਰਵਕ ਢੰਗ ਸਮੁੱਚੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜੋਨ ਖੜਕੜ ਕਲਾਂ, ਮੁਕੰਦਪੁਰ, ਕੁਲਥਮ ਅਤੇ ਬਾਹੜੋਵਾਲ ਨਾਲ ਸਬੰਧਤ ਨਾਮਜਦਗੀਆਂ ਬੰਗਾ ਦੇ ਐਸ.ਡੀ.ਐਮ. ਵਿਪਨ ਭੰਡਾਰੀ ਕੋਲ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ ਜਦਕਿ ਬੈਰਸੀਆਂ, ਨੋਰਾ ਅਤੇ ਦੋਲਤਪੁਰ ਲਈ ਨਵਾਂਸ਼ਹਿਰ ਦੇ ਐਸ.ਡੀ.ਐਮ. ਅਨਮਜਯੋਤ ਕੌਰ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਇਸੇ ਤਰ੍ਹਾਂ ਰੱਤੇਵਾਲ, ਗੜੀ ਕਾਨੂੰਗੋ ਅਤੇ ਪੋਜੇਵਾਲ ਖੇਤਰਾਂ ਲਈ ਨਾਮਜ਼ਦਗੀਆਂ ਬਲਾਚੌਰ ਦੇ ਐਸ.ਡੀ.ਐਮ. ਕ੍ਰਿਤਿਕਾ ਗੋਇਲ ਨਾਮਜ਼ਦਗੀ ਪੱਤਰ ਪ੍ਰਾਪਤ ਕਰਨਗੇ।