ਸਨਸਿਟ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਅਤੇ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਹਰਦਮ ਮਾਨ
ਵੈਨਕੂਵਰ, 24 ਨਵੰਬਰ 2025- ਸਨਸਿਟ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਹੋਰ ਕ੍ਰਾਂਤੀਕਾਰੀ ਸਾਥੀਆਂ ਦੀ ਯਾਦ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਇਤਿਹਾਸ, ਗੁਰਮਤਿ ਗਿਆਨ ਅਤੇ ਕੁਰਬਾਨੀਆਂ ਦੀ ਮਹਾਨਤਾ ਨੂੰ ਵਿਸਥਾਰ ਨਾਲ ਰੌਸ਼ਨ ਕੀਤਾ।
ਸਮਾਗਮ ਦੀ ਸ਼ੁਰੂਆਤ ਸੁਸਾਇਟੀ ਦੇ ਸਕੱਤਰ ਸੁਰਜੀਤ ਸਿੰਘ ਮਿਨਹਾਸ ਨੇ ਕੀਤੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਅਤੇ ਜੀਵਨੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਸੁਰਜੀਤ ਸਿੰਘ ਭੱਟੀ ਨੇ ਕਵਿਤਾ ਰਾਹੀਂ ਇਹਨਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹਾਲ ਨੂੰ ਭਾਵੁਕਤਾ ਨਾਲ ਭਰ ਦਿੱਤਾ।
ਸਮਾਗਮ ਦੇ ਮੁੱਖ ਬੁਲਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਕਈ ਮਹੱਤਵਪੂਰਨ ਅਤੇ ਤੱਥ-ਅਧਾਰਿਤ ਵਿਚਾਰ ਰੱਖੇ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਪੱਸ਼ਟ ਕੀਤਾ ਕਿ ਆਮ ਤੌਰ ’ਤੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬੇ ਬਕਾਲੇ ’ਚ 26 ਸਾਲ 9 ਮਹੀਨੇ ਇੱਕ ਭੋਰੇ ਵਿੱਚ ਬੈਠ ਕੇ ਤਪ ਕੀਤਾ ਸੀ। ਉਹਨਾਂ ਕਿਹਾ ਕਿ ਗੁਰਬਾਣੀ ਵਿੱਚ ਤਪ, ਜਪ, ਯੋਗਿਕ ਸਾਧਨਾ ਰਾਹੀਂ ਸਰੀਰ ਨੂੰ ਕਸ਼ਟ ਦੇਣ ਦੀ ਪ੍ਰਥਾ ਦਾ ਖੰਡਨ ਕੀਤਾ ਗਿਆ ਹੈ। ਗੁਰੂ ਸਾਹਿਬਾਂ ਦਾ ਜੀਵਨ ਕਦੇ ਵੀ ਭੋਰੇ, ਗੁਫ਼ਾ ਜਾਂ ਤਪੱਸਿਆ ਵਿੱਚ ਬੰਦ ਹੋਇਆ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਭ ਗੁਰਾਂ ਨੇ ਲੋਕਾਂ ਦੇ ਵਿਚ ਰਹਿ ਕੇ, ਸੰਘਰਸ਼ ਕਰਕੇ, ਮਰਯਾਦਾ ਸਿਖਾ ਕੇ ਅਤੇ ਆਦਰਸ਼ ਜੀਵਨ ਜਿਉਂ ਕੇ ਸਿੱਖੀ ਦਾ ਪਾਸਾਰ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਈ ਇਤਿਹਾਸਿਕ ਸਰੋਤਾਂ ਦਾ ਹਵਾਲਾ ਦੇ ਕੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਲਗਭਗ 12 ਸਾਲ ਦੀ ਉਮਰ ਤੋਂ ਹੀ ਮਾਝੇ ਦੇ ਖੇਤਰ (ਅੰਮ੍ਰਿਤਸਰ, ਗੋਇੰਦਵਾਲ, ਖਡੂਰ ਸਾਹਿਬ, ਤਰਨ ਤਾਰਨ ਆਦਿ) ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਉਹ ਗੁਰਮੁਖ ਸੰਗਤਾਂ ਨਾਲ ਨਿੱਤ ਸੰਪਰਕ ਵਿੱਚ ਰਹਿੰਦੇ ਸਨ। ਉਹਨਾਂ ਨੇ ਤਿੰਨ ਜੰਗਾਂ ਵਿੱਚ ਸੂਰਵੀਰਤਾ ਨਾਲ ਭਾਗ ਲਿਆ, ਜਿਸ ਕਰਕੇ ਉਹਨਾਂ ਦੇ ਬਹਾਦਰੀ-ਪੂਰਨ ਚਰਿੱਤਰ ਨੂੰ ਦੇਖਦੇ ਹੋਏ ਉਹਨਾਂ ਦਾ ਨਾਂ “ਤੇਗ ਬਹਾਦਰ” ਪੈ ਗਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਗੁਰਬਾਣੀ ਦੀਆਂ ਤੁਕਾਂ ਅਤੇ ਗੁਰਮਤਿ ਦੇ ਮੂਲ ਤੱਤਾਂ ਦਾ ਸਹਾਰਾ ਲੈ ਕੇ ਕਿਹਾ ਕਿ ਇਹ ਕਹਾਣੀ ਕਿ ਗੁਰੂ ਤੇਗ ਬਹਾਦਰ ਜੀ ਨੇ ਪਰਿਆਗ ਰਾਜ ਵਿੱਚ ਪੁੱਤਰ ਦੀ ਪ੍ਰਾਪਤੀ ਲਈ ਯੱਗ ਕੀਤਾ ਸੀ — ਗੁਰਮਤਿ ਅਨੁਸਾਰ ਅਸੰਭਵ ਹੈ। ਗੁਰੂ ਸਾਹਿਬਾਂ ਨੇ ਕਿਸੇ ਮੰਨਤ ਜਾਂ ਕਰਮਕਾਂਡ ਦੀ ਪ੍ਰਥਾ ਨੂੰ ਕਦੇ ਨਹੀਂ ਮੰਨਿਆ। ਉਸ ਸਮੇਂ ਦੀਆਂ ਕੁਝ ਪੁਰਾਤਨ ਕਿਤਾਬਾਂ ਜਾਂ ਕਾਲਮਾਂ ਵਿੱਚ ਦਰਜ ਕਹਾਣੀਆਂ ਨੂੰ ਗੁਰਬਾਣੀ ਅਤੇ ਤਰਕ ਦੀ ਕਸਵੱਟੀ ’ਤੇ ਪਰਖਿਆ ਜਾਣਾ ਚਾਹੀਦਾ ਹੈ, ਅੰਨ੍ਹੇ ਵਿਸ਼ਵਾਸ ਨਾਲ ਨਹੀਂ ਮੰਨਿਆ ਜਾਣਾ ਚਾਹੀਦਾ।
ਗਿਆਨੀ ਹਰਪ੍ਰੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਨਾ ਤਾਂ ਤਪਸੀ, ਨਾ ਤਿਆਗੀ, ਨਾ ਹੀ ਕਰਮਕਾਂਡਾਂ ਨੂੰ ਮੰਨਣ ਵਾਲੇ ਸਨ; ਉਹ ਪੂਰੇ ਸਿਰਜੇ ਗੁਰਮੁਖ, ਯੋਧੇ ਅਤੇ ਮਨੁੱਖੀ ਮੁੱਲਾਂ ਦੇ ਰਖਵਾਲੇ ਸਨ। ਧਰਮ ਦੀ ਆਜ਼ਾਦੀ ਹਰ ਮਨੁੱਖ ਦਾ ਜਨਮ-ਸਿੱਧ ਹੱਕ ਹੈ — ਇਹ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਨਾਲ ਸੰਸਾਰ ਨੂੰ ਸਿਖਾਇਆ।
ਰਾਜਿੰਦਰ ਸਿੰਘ ਪੰਧੇਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਪੂਰੇ ਇਤਿਹਾਸ ਨੂੰ ਵਿਸਥਾਰ ਨਾਲ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ 19 ਸਾਲ ਦੇ ਇਸ ਕੌਮੀ ਹੀਰੇ ਨੇ ਕਿਵੇਂ ਅਖਬਾਰ ਛਾਪਣ, ਕ੍ਰਾਂਤੀਕਾਰੀਆਂ ਨਾਲ ਸੰਪਰਕ, ਫੰਡ ਇਕੱਠਾ ਕਰਨ ਅਤੇ ਫੌਜੀ ਛਾਉਣੀਆਂ ਤੱਕ ਜ਼ੁਲਮ ਦੇ ਵਿਰੁੱਧ ਲੜਾਈ ਦਾ ਸੁਨੇਹਾ ਪਹੁੰਚਾਉਣ ਵਿੱਚ ਅਗਵਾਈ ਕੀਤੀ।
ਸੋਸਾਇਟੀ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾ ਰਾਏ ਨੇ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਬੋਲਦਿਆਂ ਕਿਹਾ ਕਿ ਗ਼ਦਰੀਆਂ ਦਾ ਝੰਡਾ ਬਣਾਉਣ, ਗ਼ਦਰ ਪਾਰਟੀ ਤੇ ਗ਼ਦਰ ਅਖਬਾਰ ਨੂੰ ਪ੍ਰਫੁੱਲਤ ਕਰਨ, ਗ਼ਦਰ ਅਖਬਾਰ ਵਿੱਚ ਲਿਖਣ, ਛਾਪਣ ਅਤੇ ਵੰਡਣ ਵਰਗੇ ਕੰਮਾਂ ਵਿਚ ਕਰਤਾਰ ਸਿੰਘ ਸਰਾਭਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਹ ਗ਼ਦਰੀਆਂ ਦੇ ਸਭ ਤੋਂ ਛੋਟੀ ਉਮਰ (19 ਸਾਲ) ਦੇ ਮਹਾਨ ਸ਼ਹੀਦ ਸਨ। ਉਹਨਾਂ ਦੇ ਨਾਲ ਸ਼ਹੀਦ ਕੀਤੇ ਗਏ ਦੂਸਰੇ ਛੇ ਗ਼ਦਰੀਆਂ ਅਤੇ ਸਰਾਭਾ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸੋਸਾਇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਗਲ ਸ਼ਾਸਕਾਂ ਵੱਲੋਂ ਕੀਤੇ ਜਾ ਰਹੇ ਜ਼ੁਲਮ ਅਤੇ ਜਬਰੀ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਆਪਣੇ ਸਾਥੀਆਂ ਸਮੇਤ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਇਹ ਸ਼ਹਾਦਤ ਸਿੱਖੀ ਦਾ ਨਹੀਂ, ਬਲਕਿ ਮਨੁੱਖਤਾ ਦਾ ਸਭ ਤੋਂ ਵੱਡਾ ਬਲਿਦਾਨ ਹੈ। ਸਾਨੂੰ ਉਹਨਾਂ ਦੀ ਸੋਚ ‘ਤੇ ਤੁਰ ਕੇ ਜ਼ੁਲਮ-ਰਹਿਤ ਅਤੇ ਸਮਾਨਤਾ-ਅਧਾਰਿਤ ਸਮਾਜ ਦਾ ਨਿਰਮਾਣ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
ਉਹਨਾਂ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਨਾਲ 16 ਨਵੰਬਰ 1915 ਨੂੰ ਲਾਹੌਰ ਵਿੱਚ ਫਾਂਸੀ ਚੜ੍ਹੇ ਉਹਨਾਂ ਦੇ ਸਾਥੀ ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ (ਪੂਨਾ), ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਵਾਲੀ-ਅੰਮ੍ਰਿਤਸਰ) ਬਾਰੇ ਦਿਲ ਹਿਲੂਣਵੀ ਜਾਣਕਾਰੀ ਦਿੱਤੀ। ਬਾਬਾ ਸੋਹਣ ਸਿੰਘ ਭਕਨਾ ਦੇ ਸ਼ਬਦਾਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਵਰਗਾ ਜਰਨੈਲ ਇਤਿਹਾਸ ਵਿੱਚ ਦੂਜਾ ਹੋਰ ਕੋਈ ਨਹੀਂ ਮਿਲਦਾ। ਅੰਤ ਵਿੱਚ ਉਹਨਾਂ ਸਮਾਗਮ ਵਿਚ ਸ਼ਾਮਲ ਹੋਏ ਸਭਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਕੁਲਦੀਪ ਸਿੰਘ ਜਗਪਾਲ, ਗੁਰਮੀਤ ਸਿੰਘ ਕਾਲਕਟ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਬਰਮੀ, ਗੁਰਪਿਆਰ ਸਿੰਘ ਅਤੇ ਗੁਰਨਾਮ ਸਿੰਘ ਖੰਗੂੜਾ ਨੇ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਦੇਸ਼ ਭਗਤੀ ਦੇ ਗੀਤ ਗਾਏ।