ਗ੍ਰਨੇਡ ਹਮਲਾ ਕਰਕੇ ਦਹਿਸ਼ਤ ਫੈਲਾਉਣ ਦੀ ਸਾਜਿਸ਼ ਨੂੰ ਬਟਾਲਾ ਪੁਲਿਸ ਨੇ ਕੀਤਾ ਨਾਕਾਮ, 2 ਵਿਅਕਤੀ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ 13 ਨਵੰਬਰ 2025- ਸਮਾਜ ਵਿਰੋਧੀ ਅਨਸਰਾਂ ਵਲੋਂ ਥਾਣਿਆਂ ਅਤੇ ਪੁਲਸ ਚੌਂਕੀਆਂ ’ਤੇ ਗ੍ਰਨੇਡ ਹਮਲਾ ਕਰਕੇ ਦਹਿਸ਼ਤ ਫੈਲਾਉਣ ਦੀ ਸਾਜਿਸ਼ ਨੂੰ ਨਾਕਾਮ ਕਰਦੇ ਹੋਏ ਬਟਾਲਾ ਪੁਲਸ ਨੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸ.ਐੱਚ.ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਓਹਨਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਥਬੀਰ ਸਿੰਘ ਉਰਫ ਪੰਥ ਅਤੇ ਜਸਕੀਰਤ ਸਿੰਘ ਵਾਸੀਆਨ ਪੁਰੀਆਂ ਕਲਾਂ ਜਿਨਾਂ ਦੇ ਗੈਂਗਸਟਰਾਂ ਨਾਲ ਸੰਬੰਧ ਹਨ ਅਤੇ ਇਹ ਦੋਵੇਂ ਗੈਂਗਸਟਰ ਮਨੂੰ ਅਗਵਾਨ ਅਤੇ ਮਨਿੰਦਰ ਉਰਫ ਬਿੱਲਾ ਵਾਸੀ ਦਕੋਹਾ ਜੋ ਇਸ ਸਮੇਂ ਵਿਦੇਸ਼ ਵਿਚ ਹਨ, ਨਾਲ ਗੱਲਬਾਤ ਕਰਕੇ ਉਨਾਂ ਪਾਸੋਂ ਗਰਨੇਡ ਮੰਗਵਾ ਰਹੇ ਹਨ।
ਉਨਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਥਾਣਿਆਂ, ਚੌਂਕੀਆਂ ਅਤੇ ਹੋਰ ਸਰਕਾਰੀ ਇਮਾਰਤਾਂ ’ਤੇ ਗਰਨੇਡ ਸੁੱਟਣੇ ਹਨ ਅਤੇ ਇਹ ਦੋਵੇਂ ਚੋਰੀ ਦੇ ਮੋਟਰ ਸਾਈਕਲ ’ਤੇ ਬਟਾਲਾ ’ਚ ਰੇਕੀ ਕਰ ਰਹੇ ਹਨ। ਉਨਾਂ ਕਿਹਾ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀਆਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ। ਉਨਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੁਲਸ ਵਲੋਂ ਇਨਾਂ ਵਿਅਕਤੀਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਨਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।