Babushashi Special ਜੀਦਾ ਧਮਾਕੇ: ਹੁਣ ਐਨਆਈਏ ਵੱਲੋਂ ਗੁਰਪ੍ਰੀਤ ਦੀ ਧਮਾਕਾਖੇਜ਼ ਕੁੰਡਲੀ ਫਰੋਲਣ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2025: ਬਠਿੰਡਾ ਜਿਲ੍ਹੇ ਦੇ ਪਿੰਡ ਜੀਦਾ ਦੀ ਇੱਕ ਢਾਣੀ ਵਿਚਲੇ ਘਰ ’ਚ ਹੋਏ ਜਬਰਦਸਤ ਧਮਾਕਿਆਂ ਦੀ ਜਾਂਚ ਪੰਜਾਬ ਪੁਲਿਸ ਤੋਂ ਲੈਕੇ ਐਨਆਈਏ ( ਕੌਮੀ ਜਾਂਚ ਏਜੰਸੀ) ਹਵਾਲੇ ਕਰ ਦਿੱਤੀ ਗਈ ਹੈ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਇਸ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਇਸ ਸਬੰਧ ਵਿੱਚ ਹੋਰ ਜਿਆਦਾ ਟਿੱਪਣੀ ਤੋਂ ਪਾਸਾ ਵੱਟ ਲਿਆ ਹੈ। ਜਾਣਕਾਰੀ ਅਨੁਸਾਰ ਅੱਤਵਾਦ ਨਾਲ ਜੁੜੀਆਂ ਘਟਨਾਵਾਂ ਅਤੇ ਦਹਿਸ਼ਤਗਰਦਾਂ ਨਾਲ ਸਬੰਧੀ ਮਾਮਲਿਆਂ ਦੀ ਜਾਂਚ ਕਰਨ ਵਾਲੀ ਕੌਮੀ ਜਾਂਚ ਏਜੰਸੀ ਨੂੰ ਕੁੱਝ ਦਿਨ ਪਹਿਲਾਂ ਇਹ ਜਿੰਮੇਵਾਰੀ ਸੌਂਪੀ ਗਈ ਸੀ। ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਦੀ ਹੁਣ ਤੱਕ ਦੀ ਤਫਤੀਸ਼ ਨਾਲ ਜੁੜੀਆਂ ਫਾਈਲਾਂ ਆਦਿ ਹੁਣ ਐਨਆਈਏ ਨੂੰ ਸੌਂਪ ਦਿੱਤੀਆਂ ਜਾਣਗੀਆਂ । ਐਨਆਈਏ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਅਤੇ ਸਬੂਤਾਂ ਸਬੰਧੀ ਫੋਰੈਂਸਿਕ ਮਾਹਿਰਾਂ ਦੀਆਂ ਰਿਪੋਰਟਾਂ ਦਾ ਵਿਸ਼ਲੇਸ਼ਣ ਕਰਕੇ ਕਿਸੇ ਠੋਸ ਨਤੀਜੇ ਤੇ ਪੁੱਜਣ ਦਾ ਯਤਨ ਕਰੇਗੀ।
ਬਠਿੰਡਾ ਅਦਾਲਤ ਦੀ ਥਾਂ ਹੁਣ ਇਹ ਮਾਮਲਾ ਐਨਆਈਏ ਦੀ ਵਿਸ਼ੇਸ਼ ਅਦਾਲਤ ਮੁਹਾਲੀ ਵਿਖੇ ਚਲਾ ਜਾਏਗਾ। ਲੰਘੀ 10 ਸਤੰਬਰ ਨੂੰ ਹੋਏ ਧਮਾਕੇ ਐਨੇ ਜਬਰਦਸਤ ਸਨ ਜਿੰਨ੍ਹਾਂ ਨੇ ਸਮੁੱਚੇ ਘਰ ਨੂੰ ਹਿਲਾਕੇ ਰੱਖ ਦਿੱਤਾ ਸੀ। ਇਸ ਮੌਕੇ ਪਹਿਲੇ ਧਮਾਕੇ ਦੌਰਾਨ ਰੈਡੀਕਲ ਵਿਚਾਰਾਂ ਵਾਲਾ ਕਾਨੂੰਨ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ (19) ਪੁੱਤਰ ਜਗਤਾਰ ਸਿੰਘ ਵਾਸੀ ਜੀਦਾ ਬੁਰੀ ਤਰਾਂ ਜਖਮੀ ਹੋ ਗਿਆ ਸੀ ਜੋਕਿ ਕਥਿਤ ਤੌਰ ਤੇ ਵਿਸਫੋਟਕ ਪਦਾਰਥਾਂ ਨਾਲ ਜੰਮੂ ਕਸ਼ਮੀਰ ਵਿਖੇ ਭਾਰਤੀ ਫੌਜ ਦੇ ਟਿਕਾਣਿਆਂ ਤੇ ਫਿਦਾਈਨ ਹਮਲੇ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਘਰ ਵਿੱਚ ਇੱਕ ਹੋਰ ਧਮਾਕਾ ਹੋ ਗਿਆ ਜਿਸ ਕਾਰਨ ਮੁਲਜਮ ਗੁਰਪ੍ਰੀਤ ਸਿੰਘ ਦਾ ਪਿਤਾ ਵੀ ਬੁਰੀ ਤਰਾਂ ਜਖਮੀ ਹੋ ਗਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ ਬਠਿੰਡਾ ਪੁਲਿਸ ਨੂੰ ਇੰਨ੍ਹਾਂ ਧਮਾਕਿਆਂ ਬਾਰੇ ਇੱਕ ਦਿਨ ਬਾਅਦ ਪਤਾ ਲੱਗਾ ਜਦੋਂ ਇੱਕ ਨਿੱਜੀ ਹਸਪਤਾਲ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ।
.jpg)
ਗੰਭੀਰ ਰੂਪ ਵਿੱਚ ਜਖਮੀ ਗੁਰਪ੍ਰੀਤ ਸਿੰਘ ਨੂੰ ਇਸ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਸੀ ਜਿੱਥੇ ਉਸ ਨੇ ਆਪਣੇ ਜਖਮਾਂ ਦਾ ਕਾਰਨ ਮੋਬਾਇਲ ਫਟਣਾ ਦੱਸਿਆ ਸੀ। ਜਦੋਂ ਡਾਕਟਰਾਂ ਨੂੰ ਮਾਮਲਾ ਸ਼ੱਕੀ ਜਾਪਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ। ਪੁਲਿਸ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੱਟੜਪੰਥੀ ਇਸਲਾਮੀ ਵਿਚਾਰਾਂ ਤੋਂ ਕਥਿਤ ਤੌਰ ’ਤੇ ਪ੍ਰਭਾਵਿਤ ਗੁਰਪ੍ਰੀਤ ਸਿੰਘ ਖਿਲਾਫ ਲੰਘੀ 11 ਸਤੰਬਰ ਨੂੰ ਥਾਣਾ ਨੇਹੀਆਂਵਾਲਾ ਵਿਖੇ ਬੀਐਨਐਸ ਦੇ ਵਿਸਫੋਟਕ ਐਕਟ ਦੀ ਧਾਰਾ 287 (ਜਲਣਸ਼ੀਲ ਪਦਾਰਥਾਂ ਦੇ ਸੰਬੰਧ ਵਿੱਚ ਲਾਪਰਵਾਹੀ ਵਾਲਾ ਆਚਰਣ) ਅਤੇ 326 (ਐਫ) (ਵਿਸਫੋਟਕ ਪਦਾਰਥਾਂ ਦੁਆਰਾ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ) ਆਦਿ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਮੁਲਜਮ ਗੁਰਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਕਠੂਆ ਵਿੱਚ ਭਾਰਤੀ ਫੌਜ ਦੇ ਇੱਕ ਅਹਿਮ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਸਬੰਧੀ ਇਕਬਾਲ ਕੀਤਾ ਸੀ।
ਪੰਜਾਬ ਪੁਲਿਸ ਦੀ ਤਫਤੀਸ਼ ਦੌਰਾਨ ਇਸ ਘਟਨਾ ਪਿੱਛੇ ਅੱਤਵਾਦੀ ਐਂਗਲ ਸਾਹਮਣੇ ਨਹੀਂ ਆਇਆ ਸੀ। ਪੁਲਿਸ ਸੂਤਰਾਂ ਅਨੁਸਾਰ ਗੁਰਪ੍ਰੀਤ ਨੇ ਆਤਮਘਾਤੀ ਹਮਲੇ ਦੀ ਯੋਜਨਾ ਬਣਾਈ ਸੀ ਪਰ ਉਹ ਵਿਸਫੋਟਕ ਪਦਾਰਥਾਂ ਦੀ ਢੁੱਕਵੀਂ ਸੰਭਾਲ ਨਹੀਂ ਕਰ ਸਕਿਆ। ਬਠਿੰਡਾ ਪੁਲਿਸ ਨੇ ਇਸ ਮਾਮਲੇ ’ਚ ਹਾਲੇ ਤੱਕ ਅਦਾਲਤ ਵਿੱਚ ਚਲਾਨ ਨਹੀਂ ਪੇਸ਼ ਕੀਤਾ ਹੈ। ਜ਼ਿਲ੍ਹਾ ਪੁਲਿਸ ਨੇ ਆਪਣੀ ਜਾਂਚ ਵਿੱਚ ਕਿਹਾ ਹੈ ਕਿ ਗੁਰਪ੍ਰੀਤ ਸਵੈ-ਕੱਟੜਪੰਥੀ ਸੀ ਅਤੇ ਉਸ ਦੀਆਂ ਆਦਤਾਂ ਤੋਂ ਪਤਾ ਚੱਲਦਾ ਹੈ ਕਿ ਉਹ ਰਸਾਇਣਾਂ ਦੀ ਵਰਤੋਂ ਕਰਕੇ ਬੰਬ ਬਣਾਉਣ ਦੇ ਢੰਗ ਸਿਖਾਉਣ ਵਾਲੀਆਂ ਵੀਡੀਓਜ਼ ਦੇਖਦਾ ਰਹਿੰਦਾ ਸੀ। ਇਹ ਦੋਵੇਂ ਧਮਾਕੇ ਹੋਣ ਤੋਂ ਬਾਅਦ ਮੁਲਕ ਦੀਆਂ ਵੱਖ ਵੱਖ ਜਾਂਚ ਏਜੰਸੀਆਂ ਹਰਕਤ ਵਿੱਚ ਆ ਗਈਆਂ ਸਨ ਅਤੇ ਧਮਾਕਿਆਂ ਦੇ ਕੁੱਝ ਦਿਨ ਮਗਰੋਂ 16 ਸਤੰਬਰ ਨੂੰ ਚੰਡੀਗੜ੍ਹ ਤੋਂ ਐਨਆਈਏ ਦੇ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ ਸੀ।
ਇਸ ਤੋਂ ਪਹਿਲਾਂ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਅਧਿਕਾਰੀ ਜਾਂਚ ਲਈ ਬਠਿੰਡਾ ਆਏ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਲਗਭਗ ਦੋ ਮਹੀਨਿਆਂ ਤੱਕ ਕੀਤੀ ਗਈ ਜਾਂਚ ਵਿੱਚ ਗੁਰਪ੍ਰੀਤ ਤੋ ਦੇ ਕਿਸੇ ਵੀ ਅੱਤਵਾਦੀ ਸੰਗਠਨ ਜਾਂ ਕੱਟੜਪੰਥੀ ਵਿਅਕਤੀ ਨਾਲ ਸਬੰਧ ਹੋਣ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਬੰਬ ਬਣਾਉਣ ਲਈ ਪ੍ਰਾਪਤ ਕੀਤੇ ਰਸਾਇਣਾਂ ਦੀ ਬਰਾਮਦਗੀ ਅਤੇ ਮੁਲਜ਼ਮ ਵੱਲੋਂ ਆਤਮਘਾਤੀ ਹਮਲਾ ਕਰਨ ਦੇ ਕਥਿਤ ਇਕਬਾਲ ਨੇ ਮਾਮਲੇ ਨੂੰ ਕੌਮੀ ਸੁਰੱਖਿਆ ਦੇ ਪੱਖ ਤੋਂ ਗੰਭੀਰ ਬਣਾ ਦਿੱਤਾ ਹੈ। ਪੁਲਿਸ ਵੱਲੋਂ ਪਹਿਲਾਂ ਜਾਰੀ ਅਧਿਕਾਰਕ ਬਿਆਨ ਅਨੁਸਾਰ, ਗੁਰਪ੍ਰੀਤ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਦੇ ਮੁਖੀ ਅਤੇ ਪਾਕਿਸਤਾਨੀ ਅੱਤਵਾਦੀ ਅਜ਼ਹਰ ਮਸੂਦ ਦਾ ਕੱਟੜ ਫੈਨ ਸੀ। ਉਦੋਂ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਸੀ ਕਿ ਗੁਰਪ੍ਰੀਤ ਦੇ ਮੋਬਾਈਲ ਫੋਨ ਵਿੱਚ ਕਈ ਇਤਰਾਜਯੋਗ ਵੀਡੀਓ ਮਿਲੇ ਹਨ ਅਤੇ ਉਹ ਇਸਲਾਮੀ ਕੱਟੜਪੰਥੀਆਂ ਦੇ ਵੀਡੀਓ ਅਕਸਰ ਦੇਖਦਾ ਸੀ।
ਗੁਰਪ੍ਰੀਤ ਕੋਲ ਖਤਰਨਾਕ ਵਿਸਫੋਟਕ
ਪੁਲਿਸ ਸੂਤਰਾਂ ਨੇ ਦੱਸਿਆ ਕਿ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਪੀਤ ਨੇ ਇਹ ਰਸਾਇਣ ਆਨਲਾਈਨ ਮੰਗਵਾਏ ਸਨ ਜੋ ਕੋਰੀਅਰ ਰਾਹੀਂ ਪਿੰਡ ਦੀਆਂ ਵੱਖ ਵੱਖ ਥਾਵਾਂ ਤੇ ਪੁੱਜੇ ਸਨ । ਪੁਲਿਸ ਸੂਤਰਾਂ ਅਨੁਸਾਰ ਇਹ ਧਮਾਕਾਖੇਜ਼ ਸਮੱਗਰੀ ਐਨੀ ਖਤਰਨਾਕ ਸੀ ਜੋਕਿ ਬੰਬ ਬਣਕੇ ਚੱਲਣ ਦੀ ਸੂਰਤ ’ਚ ਦੂਰ ਦੂਰ ਤੱਕ ਪਰਖਚੇ ਉਡਾ ਸਕਦੀ ਸੀ। ਇਹ ਵਿਸਫੋਟਕ ਨਸ਼ਟ ਕਰਨ ਲਈ 10 ਦਿਨ ਤੱਕ ਪੁਲਿਸ ਦੇ ਪਸੀਨੇ ਛੁੱਟੇ ਰਹੇ ਅਤੇ ਅੰਤ ਨੂੰ ਫੌਜ ਸੱਦਣੀ ਪਈ ਸੀ। ਇਸ ਦੌਰਾਨ ਪੁਲਿਸ ਨੇ ਰੋਬੋਟ ਵੀ ਲਿਆਂਦਾ ਸੀ ਜੋ ਨਕਾਰਾ ਹੋ ਗਿਆ ਸੀ।